For the best experience, open
https://m.punjabitribuneonline.com
on your mobile browser.
Advertisement

ਦਸਤਕ

06:23 AM Nov 30, 2023 IST
ਦਸਤਕ
Advertisement

ਰਸ਼ਪਿੰਦਰ ਪਾਲ ਕੌਰ

ਸਵੇਰੇ ਸੁਵਖਤੇ ਨਾਨਕੇ ਪਿੰਡ ਜਾਣ ਲਈ ਬੱਸ ਫੜੀ। ਰਾਜਧਾਨੀ ਨੂੰ ਜਾਂਦੀ ਨਵੀਂ ਨਕੋਰ ਆਧਾਰ ਕਾਰਡ ਵਾਲੀ ਬੱਸ। ਬੀਬੀਆਂ ਨਾਲ ਖਚਾ ਖਚ ਭਰੀ ਹੋਈ। ਮਰਦਾਨਾ ਸਵਾਰੀ ਕੋਈ ਟਾਵੀਂ ਟਾਵੀਂ ਨਜ਼ਰ ਆਈ। ਮੱਸਿਆ ਵਾਲਾ ਦਿਨ ਸੀ। ਬੀਬੀਆਂ ਧਾਰਮਿਕ ਸਥਾਨ ਤੋਂ ‘ਪੁੰਨ ਖੱਟਣ’ ਜਾ ਰਹੀਆਂ ਸਨ। ਟਿਕਟ ਕੱਟਣ ਆਏ ਕੰਡਕਟਰ ਨੂੰ ਮੈਂ ਸੌ ਦਾ ਨੋਟ ਦਿੱਤਾ। ਉਸ ਨੇ ਮੇਰੇ ਦੱਸੇ ਕਸਬੇ ਦੀ ਟਿਕਟ ਕੱਟ ਕੇ ਮੇਰੇ ਹੱਥ ਫੜਾਈ। ਨਾਲ ਹੀ ਬੋਲਿਆ, “ਸਵਾਰੀ ਦਾ ਸਫ਼ਰ ਤਾਂ ਟਿਕਟ ਨਾਲ ਹੀ ਸੋਂਹਦਾ। ਟਿਕਟ ਦੇ ਪੈਸੇ ਸਾਡੇ ਵਰਗੇ ਹਜ਼ਾਰਾਂ ਘਰਾਂ ਦੀ ਰੋਟੀ, ਰੁਜ਼ਗਾਰ ਤੋਰਦੇ।”
ਬੱਸ ਮੰਜਿ਼ਲ ਵੱਲ ਵਧੀ। ਸਵਾਰੀਆਂ ਆਪਣੇ ਆਪ ਵਿਚ ਮਸਤ ਬੈਠੀਆਂ। ਮੇਰੇ ਮਨ ਦੀ ਦਹਿਲੀਜ਼ ’ਤੇ ਜੀਵਨ ਪੰਧ ਮੁਕਾ ਗਏ ਪਾਪਾ ਦੇ ਬੋਲਾਂ ਨੇ ਦਸਤਕ ਦਿੱਤੀ, “ਧੀਏ, ਜਿ਼ੰਦਗੀ ਅਸੂਲਾਂ ਤੇ ਸੁਹਜ ਸਲੀਕੇ ਨਾਲ ਚਲਦੀ ਏ। ਜਦ ਘਰ ਖਾਣ ਨੂੰ ਹੋਵੇ, ਮੰਗਣ ਦਾ ਕੋਈ ਮਤਲਬ ਨਹੀਂ ਹੁੰਦਾ। ਕੋਲ ਜਾਇਦਾਦ ਹੋਵੇ ਜਾਂ ਰੁਜ਼ਗਾਰ ਫਿਰ ਜਿ਼ੰਦਗੀ ਨੂੰ ਸਿਰ ਉਠਾ ਕੇ ਜਿਊਣਾ ਚਾਹੀਦਾ। ਸੱਤਾ ਪਰਜਾ ਨੂੰ ਆਪਣੇ ਹਿਤ ਲਈ ਵਰਤਦੀ ਆਉਂਦੀ। ਨਿਰਭਰ ਬਣਾ, ਨਿਕੰਮਾ ਬਣਾਉਣ ਦੇ ਰਾਹ ਤੋਰਦੀ ਏ। ਖਿ਼ਆਲ ਰੱਖੀਂ, ਮਿਹਨਤ ਤੋਂ ਬਿਨਾਂ ਹਾਸਲ ਸਹੂਲਤ ਸੌ ਐਬਾਂ ਦੀ ਮਾਂ ਹੁੰਦੀ ਏ। ਜਿਹੜਾ ਬੰਦਾ ਆਪਣੀ ਮਿਹਨਤ ’ਤੇ ਟੇਕ ਰੱਖਦਾ, ਉਹ ਔਕੜਾਂ ਨਾਲ ਵੀ ਨਜਿੱਠਦਾ। ਸੰਘਰਸ਼ ਕਰ ਕੇ ਮੰਜਿ਼ਲ ਪਾਉਂਦਾ। ਆਖਿ਼ਰ ਉਹ ਮਾਣਮੱਤੀ ਜਿ਼ੰਦਗੀ ਦਾ ਮਾਲਕ ਬਣਦਾ।”
ਅਜਿਹੇ ਬੋਲ ਮਨ ਦੀ ਊਰਜਾ ਬਣੇ। ਸੋਚਾਂ ਦੀ ਤੰਦ ਅੱਗੇ ਵਧੀ। ਲੋਕੀਂ ਮਾਪਿਆਂ ਨੂੰ ਐਵੇਂ ਨਹੀਂ ਸਿਜਦਾ ਕਰਦੇ। ਜਿ਼ੰਦਗੀ ਦੇ ਹਰ ਮੋੜ ’ਤੇ ਮਾਰਗ ਦਰਸ਼ਨ ਕਰਦੇ। ਤੁਰਦੇ ਰਹਿਣ ਦਾ ਬਲ ਬਣਦੇ। ਰੋਕਦੇ, ਟੋਕਦੇ ਪ੍ਰੇਰਨਾ ਤੇ ਸਬਕ ਦਿੰਦੇ। ਉਨ੍ਹਾਂ ਦੀ ਝਿੜਕ ਵਿਚ ਵੀ ਸੁਨੇਹਾ ਹੁੰਦਾ। ਦਿਨ ਭਰ ਘਰ ਦਾ ਕੰਮ ਕਰ ਕਰਦੀ ਮਾਂ ਕਿਰਤ ਦੀ ਜਿਊਂਦੀ ਜਾਗਦੀ ਮੂਰਤ ਲਗਦੀ। ਉਸ ਦਾ ਨਾ ਥੱਕਣਾ, ਨਾ ਅੱਕਣਾ ਸਬਕ ਹੁੰਦਾ। ਕਦੇ ਕਦੇ ਮੁੱਲਵਾਨ ਸ਼ਬਦ ਬੋਲਦੀ, “ਮੰਜਿ਼ਲ ’ਤੇ ਪੁੱਜਣ ਲਈ ਸਬਰ ਰੱਖਣਾ ਪੈਂਦਾ। ਰਾਹਾਂ ਦੇ ਕੰਡਿਆਂ ਨਾਲ ਦੋ ਚਾਰ ਹੋਣਾ ਪੈਂਦਾ। ਇਹੋ ਤਾਂ ਜਿ਼ੰਦਗੀ ਦਾ ਨਾਂ ਹੈ। ਸੁੱਖ ਦੁੱਖ ਇਸ ਦਾ ਸਿਰਨਾਵਾਂ ਹਨ। ਰੁਕਦੇ, ਡਿਗਦੇ ਤੇ ਡਰਦੇ ਕਦੇ ਮੰਜਿ਼ਲ ਨਹੀਂ ਪਾਉਂਦੇ।” ਮਾਪਿਆਂ ਦੇ ਕੱਢੇ ਅਜਿਹੇ ਜੀਵਨ ਤੱਤ ਜਿਊਣ ਦਾ ਉਤਸ਼ਾਹ ਬਣਦੇ।
ਦੂਰ ਘੁੱਗ ਵਸਦਾ ਨਾਨਕਿਆਂ ਦਾ ਪਿੰਡ। ਬੱਸ ਨੇ ਮੰਜਿ਼ਲ ’ਤੇ ਜਾ ਉਤਾਰਿਆ। ਅੱਡੇ ਤੋਂ ਨਾਨਕਿਆਂ ਦਾ ਘਰ ਪਲਾਂ ਵਿਚ ਆ ਗਿਆ। ਮਾਮੇ, ਮਾਮੀਆਂ ਸਿਰ ਪਲੋਸਦੇ, ਚਾਅ ਨਾਲ ਮਿਲਦੇ। ਉਨ੍ਹਾਂ ਤੋਂ ਚਾਅ ਨਹੀਂ ਸੀ ਚੁੱਕਿਆ ਜਾਂਦਾ। ਖੁਸ਼ ਹੁੰਦੇ, ਕਲਾਵੇ ਵਿਚ ਲੈਂਦੇ। ਹਾਲ ਚਾਲ ਪੁੱਛਦੇ। ਬੋਲਾਂ ਵਿਚ ਅਪਣੱਤ ਦੀ ਮਹਿਕ ਮਹਿਸੂਸ ਹੁੰਦੀ। ਨਾ ਕੋਈ ਉਚੇਚ ਨਾ ਦਿਖਾਵਾ। ਸਾਦਗੀ ਤੇ ਸਲੀਕੇ ਦੀ ਰੰਗਤ ਮਨ ਮੋਂਹਦੀ। ਸ਼ਾਮ ਤੱਕ ਮਿਲਣ ਗਿਲਣ ਚਲਦਾ ਰਿਹਾ। ਰਾਤ ਛੋਟੇ ਮਾਮੇ ਦੇ ਘਰ ਬੀਤੀ। ਪਰਿਵਾਰ ਦਾ ਮੋਹ, ਮਾਣ ਉਸ ਦਿਨ ਦਾ ਹਾਸਲ ਜਾਪਿਆ। ਮੂੰਹ ਹਨੇਰੇ ਉੱਠੀ ਤਾਂ ਆਸਮਾਨ ਵੱਲ ਨਜ਼ਰ ਗਈ। ਚੰਨ ਤਾਰਿਆਂ ਨਾਲ ਖਿੜਿਆ ਅੰਬਰ ਰੌਸ਼ਨੀਆਂ ਵੰਡਦਾ ਡਿੱਠਾ। ਟਿਮਕਣੇ ਤਾਰਿਆਂ ਵਿਚੋਂ ਮਾਂ ਦੇ ਬੋਲਾਂ ਦੀ ਬਿੜਕ ਸੁਣਾਈ ਦਿੱਤੀ: ‘ਪੁੱਤ, ਦੇਖ ਲਈ ਨਾਨਕਿਆਂ ਦੀ ਆਓ ਭਗਤ। ਰਿਸ਼ਤੇ ਤਾਂ ਜੀਵਨ ਦੇ ਚੰਨ ਤਾਰੇ ਹਨ। ਖ਼ੁਸ਼ੀਆਂ ਦਾ ਚਾਨਣ ਬਿਖੇਰਦੇ। ਰਿਸ਼ਤਿਆਂ ਦੀ ਮਾਲਾ ਨੂੰ ਮੋਹ ਦੀਆਂ ਤੰਦਾਂ ਵਿਚ ਪਰੋ ਕੇ ਰਖਦੇ। ਜਿ਼ੰਦਗੀ ਦੇ ਪੰਨਿਆਂ ’ਤੇ ਮੁਹੱਬਤ ਦੀ ਇਬਾਰਤ ਲਿਖਦੇ। ਇੱਕ ਦੂਜੇ ਦਾ ਮਾਣ ਬਣਦੇ। ਸੁਖ ਦੁੱਖ ਵਿਚ ਅੰਗ ਸੰਗ ਰਹਿੰਦੇ। ਇਹੋ ਹੀ ਹੈ ਬੰਦੇ ਦਾ ਜੀਵਨ ਸਰਮਾਇਆ। ਨਾ ਮੁੱਕੇ ਨਾ ਚੋਰੀ ਹੋਵੇ। ਬੰਦਾ ਜੇ ਹੋਰਾਂ ਦੇ ਕੰਮ ਆਉਣ ਦੇ ਰਾਹ ਤੁਰ ਪਵੇ ਤਾਂ ਸੋਨੇ ਤੇ ਸੁਹਾਗਾ ਹੋਵੇ।’
ਘਰ ਪਰਤਦਿਆਂ ਮੁੜ ਬੱਸ ਦਾ ਸਫ਼ਰ ਮਿਲਿਆ। ਨਾਨਕੇ ਪਿੰਡ ਗੁਜ਼ਾਰਿਆ ਵਕਤ ਕੁਝ ਕਹਿੰਦਾ ਜਾਪਿਆ। ਖਿਆਲਾਂ ਨੇ ਕਰਵਟ ਭਰੀ: ‘ਬੰਦਾ ਕਿਹੜੇ ਰਾਹ ਤੁਰ ਪਿਆ! ਤੁਰਤ ਫੁਰਤ ਸਭ ਕੁਝ ਹਾਸਲ ਕਰਨਾ ਲੋਚਦਾ। ਕੰਮ ਵਿਚ ਕਾਹਲੀ। ਜਿ਼ੰਦਗੀ ਵਿਚ ਅਸਹਿਜਤਾ। ਸਾਂਝੇ, ਸਮੂਹ ਦੀ ਥਾਂ ਆਪ ਨੂੰ ਉਭਾਰਨ ਦੀ ਤਾਂਘ। ਦੂਸਰਿਆਂ ਨੂੰ ਲਤਾੜ ਕੇ ਅੱਗੇ ਲੰਘਣ ਦੀ ਚਾਹ। ਮਿਲ ਬਹਿਣ ਤੇ ਸੰਵਾਦ ਤੋਂ ਪਾਸਾ। ਰਿਸ਼ਤਿਆਂ ਵਿਚ ਸੁਆਰਥ ਦੀ ਲਲਕ। ਮਨ ਤੇ ਘਰ ਪਰਿਵਾਰ ਵਿਚ ਬੇਚੈਨੀ ਤੇ ਇਕਲਾਪਾ। ਕਦਮ ਕਦਮ ’ਤੇ ਰਾਹ ਦੱਸਦੇ ਮਾਪਿਆਂ ਤੋਂ ਦੂਰੀ।’
ਇਹ ਸੋਚਦਿਆਂ ਭਰੀ ਬੱਸ ਵਿਚ ਨਜ਼ਰ ਘੁਮਾਈ। ਕਿਸੇ ਚਿਹਰੇ ’ਤੇ ਮੁਸਕਾਨ ਨਜ਼ਰ ਨਹੀਂ ਆਈ। ਨਵੀਂ ਤਕਨੀਕ ਦੀ ਬੇਲੋੜੀ ਵਰਤੋਂ ਦੇ ਮੁਰੀਦ ਜਾਪੇ। ਕਿਸੇ ਦੇ ਹੱਥ ਵਿਚ ਅਖ਼ਬਾਰ, ਮੈਗਜ਼ੀਨ ਤੇ ਪੁਸਤਕ ਦਾ ਨਾਮੋ ਨਿਸ਼ਾਨ ਤੱਕ ਨਹੀਂ। ਬੱਸ ਵਿਚ ਵੱਜਦੇ ਸੰਗੀਤ ਤੋਂ ਬੇਖਬਰ। ਆਪੋ-ਆਪਣੇ ਹੱਥਾਂ ਵਿਚਲੇ ਮੋਬਾਈਲ ਫੋਨਾਂ ਵਿਚ ਮਸਤ। ਸਵਾਰੀਆਂ ਦੀ ਆਪਸ ਵਿਚ ਕੋਈ ਗੱਲਬਾਤ ਨਹੀਂ। ਕਿਸੇ ਫੋਨ ਦੀ ਘੰਟੀ ਵੱਜਣ ’ਤੇ ਉਸ ਦੇ ਘਰ, ਸਕੂਲ ਪਹੁੰਚਣ ਦੇ ਬੋਲ ਸੁਣਦੇ। ਇਸ ਜੀਵਨ ਸ਼ੈਲੀ ਦੀ ਦੇਣ ਵੱਲ ਧਿਆਨ ਮੁੜਿਆ।
‘ਸ਼ਬਦਾਂ, ਪੁਸਤਕਾਂ ਨਾਲ ਮਿਲਣੀ ਜੀਵਨ ’ਚੋਂ ਮਨਫੀ। ਰਿਸ਼ਤੇ ਨਾਤਿਆਂ ’ਚ ਕੁੜੱਤਣ। ਮਿਲਵਰਤਣ ਦੀ ਥਾਂ ਈਰਖਾ ਤੇ ਸਾੜਾ। ਮੋਹ ਦੀਆਂ ਤੰਦਾਂ ’ਚ ਮਹਿੰਗੇ ਤੋਹਫਿਆਂ ਦੀ ਉਲਝਣ। ਨਿੱਜ ਲਈ ਜਿਊਣ ਦਾ ਰਾਹ। ਆਪਣੀ ਇੱਛਾ ਅਨੁਸਾਰ ਫੈਸਲੇ ਕਰਨ ਦੀ ਚਾਹ। ਨਾ ਕਿਸੇ ਵੱਡੇ ਛੋਟੇ ਦੀ ਪ੍ਰਵਾਹ। ਸਾਝਾਂ ਪੁਗਾਉਣ ਦੀ ਵਿਰਾਸਤ ਤੋਂ ਵਿਦਾਈ।’ ਆਪਣੇ ਸ਼ਹਿਰ ਦੇ ਬੱਸ ਅੱਡੇ ’ਤੇ ਉਤਰੀ ਤਾਂ ਸੜਕ ਤੋਂ ਪੁਸਤਕਾਂ ਨਾਲ ਭਰੀ ਸਾਹਿਤ ਵੈਨ ਗੁਜ਼ਰੀ। ਪਿਛਲੇ ਪਾਸੇ ਲਿਖੇ ਸ਼ਬਦ ਰਾਹ ਰੁਸ਼ਨਾਉਂਦੇ ਜਾਪੇ: ‘ਸੁਖ ਵੇਲੇ ਸੰਜਮ, ਦੁੱਖ ਵੇਲੇ ਹੌਸਲਾ, ਹਰ ਵੇਲੇ ਅਧਿਐਨ’। ਸੁਨੇਹਾ ਮਨ ਨੂੰ ਭਾਇਆ। ਵੱਖ ਵੱਖ ਥਾਵਾਂ ’ਤੇ ਲਗਦੇ ਪੁਸਤਕ ਮੇਲੇ। ਪੁਸਤਕਾਂ ਪੜ੍ਹਦੇ, ਚਰਚਾ ਕਰਦੇ ਤੇ ਜਿ਼ੰਦਗੀ ਦਾ ਸਬਕ ਸਿਖਦੇ ਪਾਠਕ। ਪੰਜਾਬ ਦੇ ਸਕੂਲ ਕਾਲਜਾਂ ਵਿਚ ਚੇਤਨਾ ਦਾ ਛੱਟਾ ਦਿੰਦੀ ਤਰਕਸ਼ੀਲ ਸਾਹਿਤ ਵੈਨ। ਲੋਕਾਂ ਨੂੰ ਸ਼ਬਦ ਸੰਸਾਰ ਨਾਲ ਜੋੜਦੀ। ਚੰਗੇਰੀ ਜਿ਼ੰਦਗੀ ਸੁਫ਼ਨੇ ਵੰਡਦੇ ਪੁਸਤਕਾਂ ਜਿਹੇ ਜਾਗਦੇ ਮਨੁੱਖ। ਚਾਨਣ ਦੇ ਇਹ ਕਿਣਕੇ ਵਕਤ ਦੇ ਦਰਾਂ ਉੱਤੇ ਦਸਤਕ ਪ੍ਰਤੀਤ ਹੁੰਦੇ ਹਨ ਜਿਸ ਵਿਚ ਰੌਸ਼ਨ ਭਵਿੱਖ ਦੀ ਆਸ ਸਮੋਈ ਹੈ।
ਸੰਪਰਕ: rashpinderpalkaur@gmail.com

Advertisement

Advertisement
Author Image

joginder kumar

View all posts

Advertisement
Advertisement
×