ਕਲਿਕੇਸ਼ ਸਿੰਘ ਰਾਈਫਲ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਬਣੇ
ਨਵੀਂ ਦਿੱਲੀ: ਕਲਿਕੇਸ਼ ਨਾਰਾਇਣ ਸਿੰਘ ਦਿਓ ਭਾਰਤੀ ਕੌਮੀ ਰਾਈਫਲ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਬਣ ਗਏ ਹਨ, ਜਿਨ੍ਹਾਂ ਅੱਜ ਇੱਥੇ ਹੋਈਆਂ ਚੋਣਾਂ ਦੌਰਾਨ ਵੀਕੇ ਢੱਲ ਨੂੰ 36-21 ਨਾਲ ਹਰਾਇਆ। ਉੜੀਸਾ ਦੇ ਸਾਬਕਾ ਸੰਸਦ ਮੈਂਬਰ ਕਲਿਕੇਸ਼ ਪਿਛਲੇ ਸਾਲ ਰਣਇੰਦਰ ਸਿੰਘ ਦੇ ਅਸਤੀਫ਼ੇ ਮਗਰੋਂ ਐੱਨਆਰਏਆਈ ਦੇ ਰੋਜ਼ਾਨਾ ਦੇ ਕੰਮ-ਕਾਜ ਦੇਖ ਰਹੇ ਸੀ। ਪਿਛਲੇ ਸਾਲ ਖੇਡ ਮੰਤਰਾਲੇ ਨੇ ਨਿਰਦੇਸ਼ ਜਾਰੀ ਕੀਤਾ ਸੀ ਕਿ ਕੌਮੀ ਖੇਡ ਐਸੋਸੀਏਸ਼ਨ ਦਾ ਕੋਈ ਅਹੁਦੇਦਾਰ ਕੌਮੀ ਖੇਡ ਕੋਡ ਤਹਿਤ 12 ਸਾਲ ਤੋਂ ਵੱਧ ਸਮੇਂ ਤੱਕ ਅਹੁਦੇ ’ਤੇ ਨਹੀਂ ਰਹਿ ਸਕਦਾ। ਇਸ ਮਗਰੋਂ ਰਣਇੰਦਰ ਨੇ ਅਸਤੀਫ਼ਾ ਦੇ ਦਿੱਤਾ ਸੀ, ਜਿਨ੍ਹਾਂ ਦੇ 12 ਸਾਲ 29 ਦਸੰਬਰ, 2022 ਨੂੰ ਪੂਰੇ ਹੋ ਗਏ ਸਨ। ਪਿਛਲੇ ਸਾਲ ਅਪਰੈਲ ਵਿੱਚ ਉਨ੍ਹਾਂ ਦੇ ਅਸਤੀਫ਼ੇ ਮਗਰੋਂ ਐੱਨਆਰਏਆਈ ਦਾ ਕੰਮ-ਕਾਜ ਇਸ ਦੇ ਸੀਨੀਅਰ ਮੀਤ ਪ੍ਰਧਾਨ ਕਲਿਕੇਸ਼ ਦੇਖ ਰਹੇ ਸਨ। ਉਨ੍ਹਾਂ ਦੀ ਅਗਵਾਈ ਵਿੱਚ ਭਾਰਤ ਨੇ ਪੈਰਿਸ ਓਲੰਪਿਕ ਵਿੱਚ ਨਿਸ਼ਾਨੇਬਾਜ਼ੀ ’ਚ ਤਿੰਨ ਤਗ਼ਮੇ ਜਿੱਤੇ। ਰੀਓ ਓਲੰਪਿਕ 2016 ਅਤੇ ਟੋਕੀਓ ਓਲੰਪਿਕ 2020 ਤੋਂ ਭਾਰਤੀ ਨਿਸ਼ਾਨੇਬਾਜ਼ ਖ਼ਾਲੀ ਹੱਥ ਪਰਤੇ ਸੀ। ਕਲਿਕੇਸ਼ 2025 ਤੱਕ ਪ੍ਰਧਾਨ ਰਹਿਣਗੇ। -ਪੀਟੀਆਈ