ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੀਨ ਅਮਰੀਕਾ ਸਬੰਧਾਂ ਵਿਚ ਕਿਸਿੰਜਰ ਦੀ ਭੂਮਿਕਾ

10:49 AM Dec 23, 2023 IST

ਵਾਪੱਲਾ ਬਾਲਚੰਦਰਨ

ਹੈਨਰੀ ਕਿਸਿੰਜਰ ਵੱਡੇ ਕੱਦ ਦਾ ਬੁੱਧੀਜੀਵੀ ਹੀ ਨਹੀਂ ਸਗੋਂ ਬਹੁਤ ਹੀ ਵਿਵਾਦਪੂਰਨ ਸ਼ਖ਼ਸ ਵੀ ਸੀ। ਉਨ੍ਹਾਂ ਦਾ ਜਨਮ 27 ਮਈ 1923 ਨੂੰ ਬਾਵੇਰੀਆ ਵਿਚ ਹੋਇਆ ਸੀ। ਮਾਪਿਆਂ ਨੇ ਉਸ ਦਾ ਨਾਂ ਹੇਨਜ਼ ਅਲਫ੍ਰੈੱਡ ਕਿਸਿੰਜਰ ਰੱਖਿਆ ਸੀ। ਉੱਘੇ ਅਮਰੀਕੀ ਪੱਤਰਕਾਰ ਸ਼ਿਮੋਰ ਹਰਸ਼ ਦੀ ਕਿਤਾਬ ‘ਦਿ ਪ੍ਰਾਈਸ ਆਫ ਪਾੱਵਰ: ਕਿਸਿੰਜਰ ਇਨ ਦਿ ਨਿਕਸਨ ਵ੍ਹਾਈਟ ਹਾਊਸ’ (1983) ਵਿਚ ਉਨ੍ਹਾਂ ਨਾਲ ਜੁੜੇ ਕਈ ਵਿਵਾਦਾਂ ਦਾ ਲੇਖਾ ਜੋਖਾ ਕੀਤਾ ਗਿਆ ਹੈ।
ਵਾਸ਼ਿੰਗਟਨ ਵਿਚਲੀ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ ਦੇ ਰਾਸ਼ਟਰੀ ਸੁਰੱਖਿਆ ਪੁਰਾਲੇਖ ਭਵਨ NSAGWU ਵਲੋਂ ਸੰਨ 2001 ਤੋਂ ਕਿਸਿੰਜਰ ਮੁਤੱਲਕ ਦਸਤਾਵੇਜ਼ ਨਸ਼ਰ ਕਰਾਉਣ ਲਈ ਕਾਨੂੰਨੀ ਚਾਰਾਜੋਈਆਂ ਕੀਤੀਆਂ ਜਾਂਦੀਆਂ ਰਹੀਆਂ ਹਨ ਕਿਉਂਕਿ ਕਿਸਿੰਜਰ ਨੇ 1976 ਵਿਚ ਵਿਦੇਸ਼ ਵਿਭਾਗ ਵਿਚਲੇ ਆਪਣੇ ਅਹੁਦੇ ਤੋਂ ਫਾਰਗ ਹੋਣ ਮਗਰੋਂ ਆਪਣੀਆਂ ਟੈਲੀਫੋਨ ਵਾਰਤਾਵਾਂ ਦੀਆਂ ਰਿਕਾਰਡਿੰਗਾਂ ਅਤੇ ਸਰਕਾਰੀ ਫਾਈਲਾਂ ਖੁਰਦ-ਬੁਰਦ ਕਰ ਦਿੱਤੀਆਂ ਸਨ। ਇਹ ਰਿਕਾਰਡ ਹਾਸਲ ਕਰਨ ਲਈ NSAGWU ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਕਿਸਿੰਜਰ, ਅਮਰੀਕੀ ਵਿਦੇਸ਼ ਵਿਭਾਗ ਅਤੇ ਅਮਰੀਕੀ ਸਰਕਾਰ ਦੇ ਰਾਸ਼ਟਰੀ ਪੁਰਾਲੇਖ ਵਿਭਾਗ ਤੇ ਰਿਕਾਰਡ ਪ੍ਰਸ਼ਾਸਨ ਖਿਲਾਫ਼ ਮੁਕੱਦਮੇ ਦਾਇਰ ਕੀਤੇ ਸਨ।
ਲੰਘੀ 29 ਨਵੰਬਰ ਨੂੰ ਕਿਸਿੰਜਰ ਦੇ ਫ਼ੌਤ ਹੋਣ ਵਾਲੇ ਦਿਨ NSAGWU ਨੇ ਸ਼ਰਧਾਂਜਲੀ ਲੇਖ ਪ੍ਰਕਾਸ਼ਤ ਕੀਤਾ ਜਿਸ ਵਿਚ ਕਿਸਿੰਜਰ ਦੀਆਂ ਪ੍ਰਾਪਤੀਆਂ ਜਿਨ੍ਹਾਂ ਵਿਚ ਸੋਵੀਅਤ ਸੰਘ ਨਾਲ ਸ਼ਕਤੀ ਦਾ ਤਵਾਜ਼ਨ ਕਾਇਮ ਕਰਨਾ, ਚੀਨ ਨਾਲ ਸੁਲ੍ਹਾ, ਪੱਛਮੀ ਏਸ਼ੀਆ ਦੀ ਸ਼ਟਲ ਡਿਪਲੋਮੇਸੀ ਆਦਿ ਸ਼ਾਮਲ ਹਨ। ਇਸ ਲੇਖ ਵਿਚ ਉਨ੍ਹਾਂ ਦੇ ਕਾਰਜਕਾਲ ਦੇ ਸਿਆਹ ਪੱਖਾਂ ਨੂੰ ਵੀ ਸਾਹਮਣੇ ਲਿਆਂਦਾ ਗਿਆ ਜਿਨ੍ਹਾਂ ਵਿਚ ਚਿਲੀ ਵਿਚ ਲੋਕਰਾਜ ਦਾ ਖਾਤਮਾ ਅਤੇ ਨਾਲ ਹੀ ਬੇਕਿਰਕ ਤਾਨਾਸ਼ਾਹੀ ਦਾ ਰਾਹ ਪੱਧਰਾ ਕਰਨਾ, ਮਨੁੱਖੀ ਅਧਿਕਾਰਾਂ ਪ੍ਰਤੀ ਉਨ੍ਹਾਂ ਦਾ ਤਿਰਸਕਾਰ ਅਤੇ ਹੋਰਨਾਂ ਦੇਸ਼ਾਂ ਵਿਚ ਲੜੀਆਂ ਗਈਆਂ ਗੰਦੀਆਂ ਤੇ ਨਸਲਕੁਸ਼ੀ ਦੀਆਂ ਲੜਾਈਆਂ ਦਾ ਪੱਖ ਪੂਰਨਾ, ਦੱਖਣ ਪੂਰਬੀ ਏਸ਼ੀਆ ਵਿਚ ਗੁਪਤ ਬੰਬਾਰੀ ਅਤੇ ਰਿਚਰਡ ਨਿਕਸਨ ਪ੍ਰਸ਼ਾਸਨ ਦੀਆਂ ਅਪਰਾਧਿਕ ਵਧੀਕੀਆਂ ਅਤੇ ਆਪਣੇ ਸਹਿਕਰਮੀਆਂ ਦੀਆਂ ਗੁਪਤ ਵਾਇਰਟੇਪਾਂ ਤਿਆਰ ਕਰਵਾਉਣ ਜਿਹੇ ਕਾਰਨਾਮਿਆਂ ਵਿਚ ਉਨ੍ਹਾਂ ਦੀ ਸ਼ਮੂਲੀਅਤ ਸ਼ਾਮਿਲ ਹੈ।
ਇਹ ਲੇਖਾ ਜੋਖਾ NSAGWU ਵਲੋਂ ਇਕੱਤਰ ਦਸਤਾਵੇਜ਼ਾਂ ਦੇ ਆਧਾਰ ’ਤੇ ਕੀਤਾ ਗਿਆ ਸੀ ਜਿਨ੍ਹਾਂ ਵਿਚ ਕਿਸਿੰਜਰ ਦੀਆਂ ਫੋਨ ਵਾਰਤਾਵਾਂ ਦੇ ਰੋਜ਼ਾਨਾ ਬਿਓਰਿਆਂ ਦੇ 30 ਹਜ਼ਾਰ ਸਫ਼ੇ ਸ਼ਾਮਲ ਹਨ। ਕਿਸਿੰਜਰ ਨੇ ਗੁਪਤ ਢੰਗ ਨਾਲ ਇਹ ਰਿਕਾਰਡਿੰਗਾਂ ਕਰਵਾਈਆਂ ਸਨ। NSAGWU ਮੁਤਾਬਕ ਇਨ੍ਹਾਂ ’ਚੋਂ ਬਹੁਤੀਆਂ ਰਿਕਾਰਡਿੰਗਾਂ ਹੋਰਨਾਂ ਵਿਅਕਤੀਆਂ ਦੀ ਪ੍ਰਵਾਨਗੀ ਹਾਸਲ ਕੀਤੇ ਬਗ਼ੈਰ ਕੀਤੀਆਂ ਗਈਆਂ ਸਨ ਅਤੇ ਕਿਸਿੰਜਰ ਇਹ ਰਿਕਾਰਡ ਰੱਖਣਾ ਚਾਹੁੰਦਾ ਸੀ ਕਿ ਉਸ ਨੇ ਕਿਹੜਾ ਝੂਠ, ਕਿਹੜੇ ਬੰਦੇ ਨੂੰ ਬੋਲਿਆ ਸੀ।
ਮੇਰਾ ਖਿਆਲ ਹੈ ਕਿ ਚੀਨ ਨਾਲ ਉਨ੍ਹਾਂ ਦੀ ਕੂਟਨੀਤੀ ਉਨ੍ਹਾਂ ਦੀਆਂ ਪ੍ਰਾਪਤੀਆਂ ’ਚੋਂ ਅੱਵਲ ਹੈ। 1970 ਵਿਚ ਕੰਬੋਡੀਆ ’ਤੇ ਅਮਰੀਕੀ ਹਮਲੇ ਦੇ ਸਿੱਟੇ ਵਜੋਂ ਉਸ ਖੇਤਰ ਵਿਚ ਕਈ ਕੂਟਨੀਤਕ ਝਟਕੇ ਲੱਗਣ ਤੋਂ ਬਾਅਦ ਨਿਕਸਨ ਅਤੇ ਕਿਸਿੰਜਰ ਨੂੰ ਪੇਈਚਿੰਗ ਪ੍ਰਤੀ ਨਵੀਂ ਨੀਤੀ ਘੜਨ ਲਈ ਕਾਫ਼ੀ ਵਕਤ ਲੱਗ ਗਿਆ ਸੀ। ਇਸ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਨੂੰ ਬੂਰ ਨਹੀਂ ਪੈ ਸਕਿਆ ਸੀ। ਸਤੰਬਰ 1970 ਵਿਚ ਨਿਕਸਨ ਨੇ ਕਿਸਿੰਜਰ ਨੂੰ ਇਕ ਹੋਰ ਹੰਭਲਾ ਮਾਰਨ ਲਈ ਕਿਹਾ ਸੀ।
ਇਸ ਦਾ ਮੌਕਾ ਅਕਤੂਬਰ ਮਹੀਨੇ ਮਿਲਿਆ ਜਦੋਂ ਪਾਕਿਸਤਾਨ ਦੇ ਸਦਰ ਯਾਹੀਆ ਖ਼ਾਨ ਨੇ ਅਮਰੀਕਾ ਦਾ ਦੌਰਾ ਕੀਤਾ। ਕਿਸਿੰਜਰ ਨੇ ਦੋ ਹੋਰ ਚੈਨਲ ਵੀ ਅਜ਼ਮਾਏ। ਇਨ੍ਹਾਂ ’ਚੋਂ ਇਕ ਸੀ ਰੋਮਾਨੀਆ ਦੇ ਸਦਰ ਨਿਕੋਲਾਈ ਚੌਸੈਸਕੂ ਅਤੇ ਦੂਜਾ ਉਨ੍ਹਾਂ ਦਾ ਪੁਰਾਣਾ ਮਿੱਤਰ ਅਤੇ ਸਾਬਕਾ ਸਫ਼ੀਰ ਡਬਲਿਊ ਆਰ ਸਮਾਇਸਰ ਸੀ ਜਿਸ ਨੇ ‘ਲੌਂਗ ਮਾਰਚ’ ਵਿਚ ਸ਼ਾਮਲ ਰਹੇ ਚੀਨੀ ਰਾਜਦੂਤ ਦੇ ਫਰਾਂਸੀਸੀ ਦੋਸਤ ‘ਜੇ’ (ਜਿਆਂ) ਨਾਲ ਸੰਪਰਕ ਕੀਤਾ। ਆਖਿ਼ਰਕਾਰ ਪਾਕਿਸਤਾਨੀ ਚੈਨਲ ਕਾਰਆਮਦ ਸਾਬਿਤ ਹੋਇਆ। ਇਸ ਨਾਲ ਅਮਰੀਕਾ ਦੇ ਸਭ ਤੋਂ ਵੱਧ ਭਰੋਸੇਮੰਦ ਸਹਿਯੋਗੀਆਂ ਅੰਦਰ ਉਨ੍ਹਾਂ ਦਾ ਦਰਜਾ ਵਧ ਗਿਆ। 9 ਦਸੰਬਰ 1970 ਨੂੰ ਯਾਹੀਆ ਖ਼ਾਨ ਨੂੰ ਵਾਸ਼ਿੰਗਟਨ ਵਿਚ ਪਾਕਿਸਤਾਨੀ ਰਾਜਦੂਤ ਆਗ਼ਾ ਹਿਲਾਲੀ ਦਾ ਸੰਦੇਸ਼ ਪ੍ਰਾਪਤ ਹੋਇਆ। ਉਨ੍ਹਾਂ ਇਹ ਸੰਦੇਸ਼ ਕਿਸਿੰਜਰ ਨੂੰ ਪੜ੍ਹ ਕੇ ਸੁਣਾਇਆ ਜਿਸ ਵਿਚ ਚੀਨ ਦੇ ਪ੍ਰਧਾਨ ਮੰਤਰੀ ਚਾਓ ਐਨਲਾਈ ਦਾ ਸੰਦੇਸ਼ ਵੀ ਸ਼ਾਮਲ ਸੀ ਜਿਸ ਵਿਚ ਅਮਰੀਕੀ ਰਾਸ਼ਟਰਪਤੀ ਨਿਕਸਨ ਨਾਲ ਗੱਲਬਾਤ ਕਰਨ ਦੀ ਸਹਿਮਤੀ ਪ੍ਰਗਟਾਈ ਗਈ ਸੀ।
ਕਿਸਿੰਜਰ ਨੇ ਬਹੁਤ ਹੀ ਗੁਪਤ ਤਰੀਕੇ ਨਾਲ 9-11 ਜੁਲਾਈ 1971 ਨੂੰ ਆਪਣਾ ਤਿਆਰੀ ਦੌਰਾ ਕੀਤਾ ਸੀ। ਪਹਿਲਾਂ ਉਹ 9 ਜੁਲਾਈ ਨੂੰ ਨਵੀਂ ਦਿੱਲੀ ਪਹੁੰਚੇ ਜਿੱਥੇ ਉਨ੍ਹਾਂ ਨੂੰ ਕੋਈ ਖ਼ਾਸ ਹੁੰਗਾਰਾ ਨਾ ਮਿਲਿਆ। ਅਸਲ ਵਿਚ ਉਨ੍ਹਾਂ ਲਈ ਨਵੀਂ ਦਿੱਲੀ ਦੌਰੇ ਦੀ ਕੋਈ ਅਹਿਮੀਅਤ ਹੈ ਵੀ ਨਹੀਂ ਸੀ ਕਿਉਂਕਿ ਉਨ੍ਹਾਂ ਦਾ ਨਿਸ਼ਾਨਾ ਕਿਤੇ ਹੋਰ ਸੀ। ਉਸੇ ਦਿਨ ਉਹ ਇਸਲਾਮਾਬਾਦ ਪਹੁੰਚ ਗਏ ਅਤੇ ‘ਦਿੱਲੀ ਦੇ ਅਫ਼ਾਰੇ’ ਦੀ ਸ਼ਿਕਾਇਤ ਕੀਤੀ। ਯਾਹੀਆ ਖ਼ਾਨ ਨੇ ਉਨ੍ਹਾਂ ਨੂੰ ਮਸ਼ਵਰਾ ਦਿੱਤਾ ਕਿ ਉਹ ਖ਼ੈਬਰ ਪਖ਼ਤੂਨਖਵਾ ਵਿਚ ਨਾਤੀਆ ਗਲੀ ਹਿੱਲ ਸਟੇਸ਼ਨ ’ਤੇ ਆਰਾਮ ਕਰਨ ਪਰ ਕਿਸਿੰਜਰ ਇਸਲਾਮਾਬਾਦ ਤੋਂ ਪੀਆਈਏ ਦੇ ਹਵਾਈ ਜਹਾਜ਼ ’ਤੇ ਸਵਾਰ ਹੋ ਕੇ ਸਿੱਧੇ ਪੇਈਚਿੰਗ ਪਹੁੰਚ ਗਏ।
ਇਸ ਤਰ੍ਹਾਂ ਨਿਕਸਨ ਦੀ ਇਹ ਮਿਸਾਲੀ ਪਹਿਲ ਸਿਰੇ ਚੜ੍ਹੀ ਸੀ ਜਿਸ ਵਿਚ ਪਾਕਿਸਤਾਨ ਦਾ ਵੱਡਾ ਹੱਥ ਸੀ। ਇਹ ਠੀਕ ਹੈ ਕਿ ਅਮਰੀਕਾ ਅਤੇ ਚੀਨ ਵਿਚਕਾਰ ਸਮੇਂ ਸਮੇਂ ਗੱਲਬਾਤ ਹੁੰਦੀ ਰਹਿੰਦੀ ਸੀ। 9 ਜੁਲਾਈ ਨੂੰ ਚਾਓ ਐਨਲਾਈ ਨੇ ਕਿਸਿੰਜਰ ਨੂੰ ਆਖਿਆ ਕਿ ਪਿਛਲੇ 16 ਸਾਲਾਂ ਦੌਰਾਨ ਦੋਵੇਂ ਦੇਸ਼ਾਂ ਵਿਚਕਾਰ 136 ਵਾਰ ਆਪਸੀ ਗੱਲਬਾਤ ਹੋ ਚੁੱਕੀ ਹੈ ਪਰ ਸਮੱਸਿਆਵਾਂ ਨੂੰ ਸੁਲਝਾਉਣ ਦੀ ਇੱਛਾ ਜ਼ਾਹਿਰ ਨਹੀਂ ਹੋ ਸਕੀ। ਪੇਈਚਿੰਗ ਵਿਚ ਕਿਸਿੰਜਰ ਨੇ 9 ਤੋਂ 11 ਜੁਲਾਈ ਤੱਕ ਚਾਓ ਐਨਲਾਈ ਨਾਲ ਪੰਜ ਮੁਲਾਕਾਤਾਂ (17 ਘੰਟੇ) ਕੀਤੀਆਂ ਜਿਨ੍ਹਾਂ ਵਿਚ ਮੀਟਿੰਗਾਂ ਦੀ ਕਾਰਵਾਈ ਅਤੇ ਖਤੋ-ਕਿਤਾਬਤ ਦੇ ਖਰੜੇ ਤਿਆਰ ਕਰਨ ਲਈ ਲੱਗੇ ਚਾਰ ਘੰਟੇ ਸ਼ਾਮਲ ਨਹੀਂ ਸਨ। ਇਨ੍ਹਾਂ ਮੀਟਿੰਗਾਂ ਦੀਆਂ ਵਾਰਤਾਵਾਂ ਦੇ 102 ਸਫ਼ੇ ਤਿਆਰ ਹੋ ਗਏ ਜਿਸ ਤੋਂ ਪਤਾ ਲੱਗਦਾ ਸੀ ਕਿ ਚੀਨ ਦੇ ਕੂਟਨੀਤੀਵਾਨ ਸੌਦੇਬਾਜ਼ੀ ਕਰਨ ਵਿਚ ਕਿੰਨਾ ਜ਼ੋਰ ਲਾ ਰਹੇ ਸੀ ਹਾਲਾਂਕਿ ਉਦੋਂ ਚੀਨ ਨੂੰ ਅਮਰੀਕਾ ਦੇ ਮੁਕਾਬਲੇ ਕਾਫ਼ੀ ਕਮਜ਼ੋਰ ਗਿਣਿਆ ਜਾਂਦਾ ਸੀ। ਕਿਸਿੰਜਰ ਨੇ ਨਿਕਸਨ ਨੂੰ ਦਿੱਤੀ ਆਪਣੀ ਰਿਪੋਰਟ ਵਿਚ ਕਿਹਾ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ ਪਹਿਲਾਂ ਕਦੇ ਨਹੀਂ ਹੋ ਸਕੀਆਂ ਅਤੇ ਇਸ ਦੌਰਾਨ ਬਹੁਤ ਕੁਝ ਨਵਾਂ ਲੱਭਿਆ ਗਿਆ ਅਤੇ ਵਿਚਾਰ ਚਰਚਾ ਬਹੁਤ ਅਹਿਮ ਸਾਬਿਤ ਹੋਈ ਹੈ।
ਨਸ਼ਰ ਹੋਏ ਦਸਤਾਵੇਜ਼ਾਂ ਮੁਤਾਬਕ ਉਨ੍ਹਾਂ ਲਿਖਿਆ ਸੀ- “ਚੀਨ ਦੇ ਅਧਿਕਾਰੀਆਂ ਨੇ ਇਸ ਸਮੁੱਚੇ ਦੌਰੇ ਨੂੰ ਬਹੁਤ ਸਲੀਕੇ ਅਤੇ ਸੁਚੱਜੇ ਢੰਗ ਨਾਲ ਲਿਆ ਹੈ। ਉਹ ਠੋਸ ਅਤੇ ਵਿਚਾਰਧਾਰਕ ਮੁੱਦਿਆਂ ’ਤੇ ਬਹੁਤ ਹੀ ਸਖ਼ਤ ਰੁਖ਼ ਰੱਖਦੇ ਹਨ ਪਰ ਉਨ੍ਹਾਂ ਦਾ ਵਿਹਾਰ ਬਹੁਤ ਸੁਚੱਜਾ ਹੁੰਦਾ ਹੈ; ਉਨ੍ਹਾਂ ਦੀਆਂ ਨਜ਼ਰਾਂ ਜ਼ਰੂਰੀ ਪੱਖਾਂ ’ਤੇ ਰਹਿੰਦੀਆਂ ਹਨ; ਬਿਓਰਿਆਂ ਨੂੰ ਲੈ ਕੇ ਬਹੁਤ ਹੀ ਸਚੇਤ ਅਤੇ ਪਾਰਖੂ ਹਨ।
ਅਗਲੇ ਦਿਨ (10 ਜੁਲਾਈ) ਨੂੰ ਚਾਓ ਐਨਲਾਈ ਨੇ ਕਿਸਿੰਜਰ ਨੂੰ ਸਾਫ਼ ਲਫ਼ਜ਼ਾਂ ਵਿਚ ਆਖ ਦਿੱਤਾ ਕਿ ਅਮਰੀਕਾ ਨੂੰ ਤਾਇਵਾਨ ਤੇ ਇਸ ਦੇ ਆਸ ਪਾਸ ਦੇ ਖੇਤਰ ’ਚੋਂ ਆਪਣੇ ਸਾਰੇ ਹਥਿਆਰਬੰਦ ਦਸਤੇ ਵਾਪਸ ਬੁਲਾਉਣੇ ਚਾਹੀਦੇ ਹਨ ਅਤੇ ਚੀਨ ਨੂੰ ਸਮੁੱਚੇ ਚੀਨੀ ਲੋਕਾਂ ਦਾ ਇਕਮਾਤਰ ਤਰਜਮਾਨ ਪ੍ਰਵਾਨ ਕਰਨਾ ਚਾਹੀਦਾ ਹੈ, ਤਾਇਵਾਨ ਨੂੰ ਉਸ ਦਾ ਹਿੱਸਾ ਐਲਾਨਣਾ ਚਾਹੀਦਾ ਹੈ ਅਤੇ ਅਮਰੀਕੀ ਵਿਦੇਸ਼ ਵਿਭਾਗ ਵਲੋਂ ਇਹ ਕਹਿਣਾ ਬੰਦ ਕਰਨਾ ਚਾਹੀਦਾ ਹੈ ਕਿ ‘ਤਾਇਵਾਨ ਦੇ ਦਰਜੇ ਬਾਰੇ ਅਜੇ ਤੈਅ ਕੀਤਾ ਜਾਣਾ ਬਾਕੀ ਹੈ।’
ਇਸ ਦੌਰਾਨ, ਦੋਵੇਂ ਦੇਸ਼ਾਂ ਨੇ ਭਾਰਤ ਦੇ ਰਵੱਈਏ ਦੀ ਨੁਕਤਾਚੀਨੀ ਕੀਤੀ, ਪਾਕਿਸਤਾਨ ਪ੍ਰਤੀ ਹਮਲਾਵਰੀ ਪਹੁੰਚ ਅਪਣਾਉਣ ਦਾ ਦੋਸ਼ ਲਾਇਆ ਅਤੇ ਯਾਹੀਆ ਖ਼ਾਨ ਤੇ ਪਾਕਿਸਤਾਨ ਨਾਲ ਹਮਦਰਦੀ ਜ਼ਾਹਿਰ ਕੀਤੀ ਗਈ। ਇਸ ਮੁਲਾਕਾਤ ਤੋਂ ਬਾਅਦ ਪੈਰਿਸ ਵਿਚ ਅਮਰੀਕੀ ਅਟੈਸ਼ੇ ਜਨਰਲ ਵਰਨੌਨ ਵਾਲਟਰਜ਼ ਜ਼ਰੀਏ ਗੁਪਤ ਵਾਰਤਾ ਚੈਨਲ ਸਥਾਪਤ ਕਰ ਦਿੱਤਾ ਗਿਆ। ਚੀਨੀ ਪ੍ਰਧਾਨ ਮੰਤਰੀ ਚਾਓ ਐਨਲਾਈ ਨੇ 11 ਜੁਲਾਈ ਨੂੰ ਕਿਸਿੰਜਰ ਨੂੰ ਆਖਰੀ ਸ਼ਬਦ ਆਖੇ: “ਕਿਰਪਾ ਕਰ ਕੇ ਯਾਹੀਆ ਖ਼ਾਨ ਨੂੰ ਦੱਸ ਦੇਣਾ ਕਿ ਜੇ ਭਾਰਤ ਨੇ ਉਸ ’ਤੇ ਹਮਲਾ ਕੀਤਾ ਤਾਂ ਅਸੀਂ ਪਾਕਿਸਤਾਨ ਦੀ ਹਮਾਇਤ ਕਰਾਂਗੇ।” ਇਹ ਗੱਲ ਵੱਖਰੀ ਹੈ ਕਿ 1971 ਦੇ ਯੁੱਧ ਵਿਚ ਚੀਨ ਨੇ ਪਾਕਿਸਤਾਨ ਦਾ ਸਾਥ ਨਹੀਂ ਦਿੱਤਾ। ਬਾਅਦ ਵਿਚ ਅਮਰੀਕਾ ਨੇ ਇਹ ਸਫ਼ਾਈ ਦਿੱਤੀ ਸੀ ਕਿ ਕਿਸਿੰਜਰ ਨੇ ਚਾਓ ਦੇ ਫਿ਼ਕਰੇ ਦਾ ਗ਼ਲਤ ਅਰਥ ਕੱਢ ਲਿਆ ਸੀ; ਉਸ ਦਾ ਭਾਵ ਇਹ ਸੀ ਕਿ ਚੀਨ ਮੂਕ ਦਰਸ਼ਕ ਨਹੀਂ ਬਣਿਆ ਰਹੇਗਾ।
ਇਸ ਤੋਂ ਬਾਅਦ 21-28 ਫਰਵਰੀ 1972 ਨੂੰ ਨਿਕਸਨ ਨੇ ਪੇਈਚਿੰਗ ਦਾ ਦੌਰਾ ਕੀਤਾ। ਇਸ ਯੁੱਗ ਪਲਟਾਊ ਦੌਰੇ ਤੋਂ 27 ਸਾਲਾਂ ਬਾਅਦ NSAGWU ਦੀਆਂ ਲੱਭਤਾਂ ਤੋਂ ਪਤਾ ਲੱਗਦਾ ਹੈ ਕਿ ਇਹ ਦੌਰਾ ਕਿਨ੍ਹਾਂ ਹਾਲਾਤ ਵਿਚ ਹੋਇਆ ਸੀ। ਜਦੋਂ ਇਨ੍ਹਾਂ ਗੁਪਤ ਦਸਤਾਵੇਜ਼ਾਂ ਦਾ ਮਿਲਾਨ ਕੀਤਾ ਜਾਂਦਾ ਹੈ ਤਾਂ ਦੇਖਿਆ ਜਾ ਸਕਦਾ ਹੈ ਕਿ NSAGWU ਦੇ ਯਤਨਾਂ ਤੋਂ ਜਿੰਨੇ ਖੁਲਾਸੇ ਹੋਏ ਹਨ, ਓਨੇ ਨਿਕਸਨ ਤੇ ਕਿਸਿੰਜਰ ਦੀਆਂ ਯਾਦਾਂ ਤੋਂ ਨਹੀਂ ਹੋਏ ਸਨ।
ਇਨ੍ਹਾਂ ਵਾਰਤਾਵਾਂ ਤੋਂ ਹੀ ਪਤਾ ਲੱਗ ਸਕਿਆ ਸੀ ਕਿ ਚੀਨੀ ਆਗੂ ਜਵਾਹਰਲਾਲ ਨਹਿਰੂ ਤੋਂ ਇੰਨੇ ਖਫ਼ਾ ਕਿਉਂ ਸਨ। 22 ਫਰਵਰੀ ਨੂੰ ਚਾਓ ਐਨਲਾਈ ਨੇ ਖੁਰਸ਼ਚੇਵ ਦੀ ਨਿਖੇਧੀ ਕਰਦਿਆਂ ਆਖਿਆ ਕਿ 1962 ਵਿਚ ਉਨ੍ਹਾਂ ਨਹਿਰੂ ਨੂੰ ਚੀਨ ’ਤੇ ਹਮਲਾ ਕਰਨ ਲਈ ‘ਉਕਸਾਇਆ’ ਸੀ। ਉਨ੍ਹਾਂ ਇਹ ਵੀ ਦੋਸ਼ ਲਾਇਆ ਸੀ ਕਿ ਖਰੁਸ਼ਚੇਵ ਨੇ ਭਾਰਤ ਨੂੰ ਗੁਮਰਾਹ ਕੀਤਾ ਸੀ ਕਿ ਚੀਨ ਜਵਾਬੀ ਕਾਰਵਾਈ ਨਹੀਂ ਕਰੇਗਾ ਜਿਸ ਨਾਲ ਨਹਿਰੂ ਦੇ ਚੀਨ ਉਪਰ ਹਮਲਾ ਕਰਨ ਦੇ ਹੌਸਲੇ ਵਧ ਗਏ ਸਨ।
*ਲੇਖਕ ਕੈਬਨਿਟ ਸਕੱਤਰੇਤ ਦਾ ਸਾਬਕਾ ਵਿਸ਼ੇਸ਼ ਸਕੱਤਰ ਹੈ।

Advertisement

Advertisement