ਕਿਸਾਨ ਯੂਨੀਅਨ ਵੱਲੋਂ ਪਾਵਰਕੌਮ ਵਿਰੁੱਧ ਨਾਅਰੇਬਾਜ਼ੀ
ਪੱਤਰ ਪ੍ਰੇਰਕ
ਚੇਤਨਪੁਰਾ, 10 ਅਗਸਤ
ਕਿਰਤੀ ਕਿਸਾਨ ਯੂਨੀਅਨ (ਪੰਜਾਬ) ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾ ਦੀ ਅਗਵਾਈ ਹੇਠ ਕਿਸਾਨਾਂ ਨੇ ਪਾਵਰਕੌਮ ਵੱਲੋਂ ਪਿੰਡਾਂ ਵਿੱਚ ਲਾਏ ਜਾ ਰਹੇ ਚਿੱਪ ਵਾਲ਼ੇ ਮੀਟਰਾਂ ਦਾ ਵਿਰੋਧ ਕਰਦਿਆਂ ਬਿਜਲੀ ਬੋਰਡ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਇੱਕ ਸੜੇ ਹੋਏ ਮੀਟਰ ਨੂੰ ਬਦਲਣ ਦੇ ਬਹਾਨੇ 4 ਹੋਰ ਚਿੱਪ ਵਾਲੇ ਮੀਟਰ ਲਾ ਦਿੱਤੇ ਗਏ ਹਨ ਜੋ ਕਿ ਠੀਕ ਹਾਲਤ ਵਿੱਚ ਚੱਲ ਰਹੇ ਸਨ, ਜਦ ਕਿ ਖਪਤਕਾਰਾਂ ਵੱਲੋਂ ਵਿਭਾਗ ਨੂੰ ਕੋਈ ਸ਼ਿਕਾਇਤ ਨਹੀਂ ਕੀਤੀ ਗਈ। ਜੱਥੇਬੰਦੀ ਨੇ ਅੱਜ ਇਸ ਕਾਰਵਾਈ ਦਾ ਵਿਰੋਧ ਕਰਦੇ ਹੋਏ ਸਾਰੇ ਮੀਟਰ ਐਸਡੀਓ ਹਰਸ਼ਾ ਛੀਨਾ ਨੂੰ ਵਾਪਸ ਕਰ ਦਿੱਤੇ ਅਤੇ ਮੰਗ ਕੀਤੀ ਕਿ ਅੱਗੇ ਤੋਂ ਅਜਿਹਾ ਕੋਈ ਮੀਟਰ ਪਿੰਡਾਂ ਵਿੱਚ ਨਾ ਲਾਇਆ ਜਾਵੇ। ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਛੀਨਾ, ਨੌਜਵਾਨ ਆਗੂ ਸੁਖਦੀਪ ਸਿੰਘ ਛੀਨਾ ਅਤੇ ਸੁਖਰਾਜ ਸਿੰਘ ਸਰਕਾਰੀਆ ਨੇ ਵਿਭਾਗ ਨੂੰ ਤਾੜਨਾ ਕੀਤੀ ਕਿ ਜੱਥੇਬੰਦੀ ਪਿੰਡਾਂ ਵਿੱਚ ਅਜਿਹੇ ਮੀਟਰ ਨਹੀਂ ਲੱਗਣ ਦੇਵੇਗੀ ਅਤੇ ਇਸ ਵਿਰੁੱਧ ਪੰਜਾਬ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸਾਧਾ ਸਿੰਘ ਸਾਬਕਾ ਸਰਪੰਚ, ਬਾਬਾ ਸੁੱਚਾ ਸਿੰਘ ਤੇੜਾ, ਅਵਤਾਰ ਸਿੰਘ ਛੀਨਾ, ਹਰਜੀਤ ਸਿੰਘ, ਹਰਵਿੰਦਰ ਸਿੰਘ ਛੀਨਾ, ਸੁੱਚਾ ਸਿੰਘ ਛੀਨਾ, ਹਰਜੀਤ ਸਿੰਘ ਸਰਕਾਰੀਆ, ਅੰਗਰੇਜ਼ ਸਿੰਘ ਪੰਚਾਇਤ ਮੈਂਬਰ, ਅਤੇ ਮੀਟਰ ਖਪਤਕਾਰ ਸੁਖਰਾਜ ਸਿੰਘ ਅਤੇ ਅਜਮੇਰ ਸਿੰਘ ਆਦਿ ਹਾਜ਼ਰ ਸਨ।