ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਜੌੜਾਮਾਜਰਾ ਦੇ ਘੱਗਰ ਦੌਰੇ ਦੀ ਨਿਖੇਧੀ
ਸਰਬਜੀਤ ਸਿੰਘ ਭੱਟੀ
ਲਾਲੜੂ , 23 ਜੂਨ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮੀਟਿੰਗ ਯੂਨੀਅਨ ਦੇ ਦਫਤਰ ਨੇੜੇ ਟੌਲ ਪਲਾਜ਼ਾ ਦੱਪਰ ਵਿੱਚ ਕਾਰਜਕਾਰੀ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਬੀਤੇ ਦਿਨ ਜਲ ਸਰੋਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਘੱਗਰ ਦਰਿਆ ਦੇ ਬੰਨ੍ਹ ਦਾ ਲਿਆ ਗਿਆ ਜਾਇਜ਼ਾ ਇਲਾਕੇ ਦੇ ਲੋਕਾਂ ਦੀਆਂ ਅੱਖਾਂ ’ਚ ਘੱਟਾ ਪਾਉਣ ਵਾਲਾ ਹੈ।
ਅਮਲਾਲਾ ਨੇ ਕਿਹਾ ਕਿ ਮੰਤਰੀ ਨੇ ਇਹ ਦੌਰਾ ਉਸ ਸਮੇਂ ਕੀਤਾ ਜਦੋਂ ਮੌਨਸੂਨ ਸ਼ੁਰੂ ਹੋਣ ਵਾਲੀ ਹੈ। ਇੰਨੇ ਘੱਟ ਸਮੇਂ ਵਿੱਚ ਘੱਗਰ ਦਰਿਆ ਦੇ ਕਿਨਾਰੇ ਜਾਂ ਬੰਨ੍ਹ ਵਗੈਰਾ ਸਮੇਂ ਸਿਰ ਪੱਕੇ ਨਹੀਂ ਹੋ ਸਕਦੇ। ਉਨ੍ਹਾਂ ਕਿਹਾ ਕਿ ਹਲਕੇ ਵਿੱਚ ਘੱਗਰ ਤੋਂ ਇਲਾਵਾ ਪਿੰਡ ਜੰਡਲੀ ਵਿੱਚ ਕੈਮੀਕਲ ਫੈਕਟਰੀ ਵੱਲੋਂ ਰੋਕਿਆ ਪਾਣੀ ਦਾ ਵਹਾਅ, ਪਿੰਡ ਝਰਮੜੀ ਵਿੱਚ ਹਾਊਸਿੰਗ ਪ੍ਰਾਜੈਕਟਾਂ ਵਲੋਂ ਰੋਕਿਆ ਬਰਸਾਤੀ ਪਾਣੀ, ਟਾਂਗਰੀ ਨਦੀ ਤੇ ਹੋਰ ਬਰਸਾਤੀ ਨਦੀਆਂ ਦੀ ਸਾਫ਼-ਸਫਾਈ ਅਤੇ ਕਿਨਾਰੇ ਮੁਰੰਮਤ ਕਰਨ ਵਿੱਚ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਪਿਛਲੇ ਸਾਲ ਬਰਸਾਤਾਂ ਵਿੱਚ ਘੱਗਰ ਦਰਿਆ ’ਚ ਆਏ ਹੜ੍ਹਾਂ ਕਾਰਨ ਕਿਸਾਨਾਂ ਦੀ ਜ਼ਮੀਨ ਦਾ ਭਾਰੀ ਨੁਕਸਾਨ ਹੋਇਆ। ਇਸ ਦਾ ਹਾਲੇ ਤੱਕ ਕੋਈ ਮੁਆਵਜ਼ਾ ਵੀ ਨਹੀਂ ਮਿਲਿਆ।
ਇਸ ਮੌਕੇ ਕੁਲਦੀਪ ਸਿੰਘ ਸਰਸੀਣੀ, ਜਗਤਾਰ ਸਿੰਘ ਝਰਮੜੀ, ਬਖਸ਼ੀਸ਼ ਸਿੰਘ ਭੱਟੀ, ਹਰੀ ਸਿੰਘ ਚਡਿਆਲਾ, ਗੁਰਪ੍ਰੀਤ ਸਿੰਘ ਜਾਸਤਨਾ ਕਲਾਂ, ਸਾਹਿਬ ਸਿੰਘ ਦੱਪਰ, ਧਰਮਪਾਲ ਘੋਲੂ ਮਾਜਰਾ, ਰਣਜੀਤ ਸਿੰਘ ਰਾਣਾ ਤੇ ਹੋਰ ਹਾਜ਼ਰ ਸਨ।