ਕਿਸਾਨ ਯੂਨੀਅਨ ਨੇ ਫ਼ਸਲਾਂ ’ਤੇ ਐਲਾਨੀ ਐੱਮਐੱਸਪੀ ਨਾ-ਮਨਜ਼ੂਰ ਕੀਤੀ
ਜਗਰਾਉਂ: ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਨੇ ਕੇਂਦਰ ਸਰਕਾਰ ਵੱਲੋਂ ਝੋਨੇ ਸਮੇਤ 14 ਫ਼ਸਲਾਂ ’ਤੇ ਐਲਾਨੀ ਐੱਮਐੱਸਪੀ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਕੇਂਦਰ ਸਰਕਾਰ ਨੂੰ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਦਾ ਵਾਅਦਾ ਯਾਦ ਕਰਵਾਉਂਦਿਆਂ ਜਥੇਬੰਦੀ ਨੇ ਕਿਹਾ ਕਿ ਪੇਂਡੂ ਖੇਤਰ ’ਚ ਮਹਿੰਗਾਈ ਦਰ 5.25 ਫ਼ੀਸਦ ਵਧ ਗਈ ਹੈ ਜਦਕਿ ਐੱਮਐੱਸਪੀ ਵਿੱਚ ਵਾਧਾ ਸਿਰਫ਼ 5 ਤੋਂ 12 ਫ਼ੀਸਦ ਤੱਕ ਦਾ ਕੀਤਾ ਗਿਆ ਹੈ। ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ ਅਤੇ ਸਕੱਤਰ ਜਸਦੇਵ ਸਿੰਘ ਲਲਤੋਂ ਨੇ ਕਿਹਾ ਕਿ ਇਹ ਨਿਗੁਣਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ’ਤੇ ਕਿਸਾਨ ਜਥੇਬੰਦੀਆਂ ਜਿਹੜਾ ਵੀ ਪ੍ਰੋਗਰਾਮ ਦੇਣਗੀਆਂ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਵੀ ਉਸ ਵਿੱਚ ਪਹਿਲਾਂ ਵਾਂਗ ਵਧ-ਚੜ੍ਹ ਕੇ ਸ਼ਾਮਲ ਹੋਵੇਗੀ। ਚੌਕੀਮਾਨ ਟੌਲ ’ਤੇ ਜਥੇਬੰਦੀ ਦੀ ਮੀਟਿੰਗ ਦੌਰਾਨ ਇਸ ਵਾਧੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਐੱਮਐੱਸਪੀ ਦੀ ਗਾਰੰਟੀ ਵਾਲਾ ਕਾਨੂੰਨ ਪਾਸ ਹੋਣ ਤੱਕ ਅਤੇ ਦੇਸ਼ ਦੇ ਕੁੱਲ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ 13 ਲੱਖ ਕਰੋੜ ਰੁਪਏ ਦੇ ਕਰਜ਼ੇ ਸਮੇਤ ਸਮੁੱਚੇ 12 ਨੁਕਾਤੀ ਮੰਗ ਪੱਤਰ ਦੇ ਪ੍ਰਵਾਨ ਹੋਣ ਤੱਕ ਸੰਘਰਸ਼ ਜਾਰੀ ਰਹੇਗਾ।
-ਨਿੱਜੀ ਪੱਤਰ ਪ੍ਰੇਰਕ