For the best experience, open
https://m.punjabitribuneonline.com
on your mobile browser.
Advertisement

ਕਿਸਾਨ ਅੰਦੋਲਨ: ਅੱਜ ਦੀ ਥਾਂ ਭਲਕੇ ਰੋਕੀਆਂ ਜਾਣਗੀਆਂ ਰੇਲਾਂ

08:04 AM Apr 09, 2024 IST
ਕਿਸਾਨ ਅੰਦੋਲਨ  ਅੱਜ ਦੀ ਥਾਂ ਭਲਕੇ ਰੋਕੀਆਂ ਜਾਣਗੀਆਂ ਰੇਲਾਂ
ਸਰਵਣ ਸਿੰਘ ਪੰਧੇਰ, ਮਨਜੀਤ ਸਿੰਘ ਨਿਆਲ, ਮਨਜੀਤ ਸਿੰਘ ਘੁਮਾਣਾ, ਜਸਵਿੰਦਰ ਸਿੰਘ ਲੌਂਗੋਵਾਲ
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 8 ਅਪਰੈਲ
ਦਿੱਲੀ ਅੰਦੋਲਨ ਦੌਰਾਨ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਜਾਰੀ ਕਿਸਾਨ ਅੰਦੋਲਨ-2 ਦੀ ਅਗਵਾਈ ਕਰ ਰਹੇ ਐੱਸਕੇਐੱਮ ਗੈਰ-ਸਿਆਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ 9 ਅਪਰੈਲ ਨੂੰ ਰੇਲਾਂ ਰੋਕਣ ਦਾ ਉਲੀਕਿਆਂ ਪ੍ਰੋਗਰਾਮ ਇੱਕ ਦਿਨ ਲਈ ਮੁਲਤਵੀ ਕੀਤਾ ਗਿਆ ਹੈ। ਪਹਿਲੇ ਫੈਸਲੇ ਅਨੁਸਾਰ ਰੇਲਾਂ ਰੋਕਣ ਲਈ ਕਿਸਾਨਾਂ ਵੱਲੋਂ ਰੇਲਵੇ ਸਟੇਸ਼ਨ ਸ਼ੰਭੂ ਵਿਖੇ ਰੇਲਵੇ ਟਰੈਕ ’ਤੇ ਧਰਨਾ ਮਾਰਿਆ ਜਾਣਾ ਸੀ ਪਰ ਸੰਘਰਸ਼ ਦੇ ਮੋਹਰੀਆਂ ਵੱਲੋਂ ਅੱਜ ਲਏ ਗਏ ਨਵੇਂ ਫੈਸਲੇ ਤਹਿਤ ਹੁਣ 9 ਅਪਰੈਲ ਦੀ ਥਾਂ 10 ਅਪਰੈਲ ਨੂੰ ਰੇਲਾਂ ਰੋਕੀਆਂ ਜਾਣਗੀਆਂ। ਇਸ ਕੜੀ ਵਜੋਂ ਭਾਵੇਂ ਪਹਿਲਾਂ ਵਾਂਗ ਧਰਨਾ ਤਾਂ ਸ਼ੰਭੂ ਰੇਲਵੇ ਸਟੇਸ਼ਨ ’ਤੇ ਹੀ ਮਾਰਿਆ ਜਾਵੇਗਾ, ਪਰ ਇਹ ਧਰਨਾ ਹੁਣ 9 ਦੀ ਥਾਂ 10 ਅਪਰੈਲ ਨੂੰ ਲੱਗੇਗਾ।
ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਣ ਸਿੰਘ ਪੰਧੇਰ ਦੇ ਆਦੇਸ਼ਾਂ ਤਹਿਤ ਕੀਤੀ ਗਈ ਇਸ ਤਬਦੀਲੀ ਸਬੰਧੀ ਇਹ ਜਾਣਕਾਰੀ ਕਿਸਾਨ ਯੂਨੀਅਨ ਆਜ਼ਾਦ ਦੇ ਸੂਬਾਈ ਪ੍ਰਧਾਨ ਜਸਵਿੰਦਰ ਲੌਂਗੋਵਾਲ, ਸੂਬਾਈ ਆਗੂ ਮਨਜੀਤ ਨਿਆਲ, ਕਿਸਾਨ ਮਜ਼ਦੂਰ ਯੂਨੀਅਨ ਦੇ ਕੌਮੀ ਪ੍ਰਧਾਨ ਮਨਜੀਤ ਘੁਮਾਣਾ, ਹਰਿਆਣਾ ਦੇ ਕਿਸਾਨ ਆਗੂ ਅਮਰਜੀਤ ਮੌੜ੍ਹੀ, ਕਿਸਾਨ ਯੂਨੀਅਨ ਭਟੇੜੀ ਦੇ ਸੂਬਾਈ ਆਗੂ ਗੁਰਧਿਆਨ ਸਿਓਣਾ ਸਣੇ ਕਈ ਹੋਰ ਆਗੂਆਂ ਨੇ ਅੱਜ ਸ਼ਾਮੀ ਸ਼ੰਭੂ ਬਾਰਡਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਰੇਲਾਂ ਰੋਕਣ ਦੀ ਇਹ ਕਾਰਵਾਈ ਪਿਛਲੇ ਦਿਨੀਂ ਹਰਿਆਣਾ ਪੁਲੀਸ ਵੱਲੋਂ ਪੰਜਾਬ ਦੇ ਮੁਹਾਲੀ ਸਥਿਤ ਹਵਾਈ ਅੱਡੇ ਤੋਂ ਹਰਿਆਣਾ ਤੋਂ ਵਾਟਰ ਕੈਨਨ ਮਾਹਿਰ ਨਵਦੀਪ ਜਲਵੇੜਾ ਅਤੇ ਉਸ ਦੇ ਸਾਥੀ ਗੁਰਪ੍ਰੀਤ ਸਿੰਘ ਦੀ ਕੀਤੀ ਗਈ ਗ੍ਰਿਫ਼ਤਾਰੀ ਦੇ ਵਿਰੋਧ ’ਚ ਕੀਤੀ ਜਾ ਰਹੀ ਹੈ। ਸ਼ੰਭੂ ਬਾਰਡਰ ’ਤੇ ਬਿਜਲੀ-ਪਾਣੀ ਦੇਣ ਦੀ ਮੰਗ ਕੀਤੀ ਗਈ।

Advertisement

ਦੋਵਾਂ ਸਰਕਾਰਾਂ ਦੇ ਸੱਦੇ ’ਤੇ ਹੋਈ ਮੀਟਿੰਗ ਤੋਂ ਬਾਅਦ ਲਿਆ ਫ਼ੈਸਲਾ

ਕਿਸਾਨਾਂ ਦਾ ਤਰਕ ਸੀ ਅਜਿਹੀ ਤਬਦੀਲੀ ਦੋਵਾਂ ਸਰਕਾਰਾਂ ਦੇ ਸੱਦੇ ’ਤੇ ਪਟਿਆਲਾ ਵਿੱਚ ਕਿਸਾਨਾਂ ਦੇ ਵਫ਼ਦ ਅਤੇ ਉੱਚ ਅਧਿਕਾਰੀਆਂ ਦਰਮਿਆਨ ਹੋਈ ਮੀਟਿੰਗ ’ਚ ਕੀਤੀ ਗਈ ਵਿਚਾਰ ਚਰਚਾ ਦੌਰਾਨ ਨਵੇਂ ਬਣੇ ਸਮੀਕਰਨਾਂ ਦੇ ਚੱਲਦਿਆਂ ਕੀਤੀ ਗਈ ਹੈ। ਕਿਸਾਨ ਮਜ਼ਦੂਰ ਮੋਰਚੇ ਦੇ ਮੀਡੀਆ ਕੁਆਰਡੀਨੇਟਰ ਮਹੇਸ਼ ਚੌਧਰੀ, ਪੰਜਾਬ ਦੇ ਕਿਸਾਨ ਨੇਤਾ ਮਨਜੀਤ ਨਿਆਲ਼ ਤੇ ਮਨਜੀਤ ਘੁਮਾਣਾ ਨੇ ਦੱਸਿਆ ਕਿ ਪਟਿਆਲਾ ਵਿਚਲੀ ਇਸ ਦੁਵੱਲੀ ਮੀਟਿੰਗ ਦੌਰਾਨ ਇਸ ਮਸਲੇ ਦਾ ਸਥਾਈ ਹੱਲ ਕੱਢਣ ਲਈ ਪੰਜਾਬ ਅਤੇ ਹਰਿਆਣਾ ਦੋਵਾਂ ਹੀ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਸਮਾਂ ਮੰਗਿਆ ਗਿਆ ਹੈ। ਦੋਵਾਂ ਹਕੂਮਤਾਂ ਵੱਲੋਂ ਇਨ੍ਹਾਂ ਮਾਮਲਿਆਂ ’ਚ ਵਿਖਾਈ ਗਈ ਅਜਿਹੀ ਲਚਕ ਦੇ ਚੱਲਦਿਆਂ ਹੀ ਕਿਸਾਨਾਂ ਵੱਲੋਂ ਰੇਲਾਂ ਰੋਕਣ ਦੀ ਇਸ ਕਾਰਵਾਈ ਨੂੰ ਇੱਕ ਦਿਨ ਲਈ ਅੱਗੇ ਪਾਇਆ ਗਿਆ ਹੈ। ਇਸ ਸਬੰਧੀ ਕੋਈ ਵੀ ਅਗਲਾ ਪ੍ਰੋਗਰਾਮ 9 ਅਪਰੈਲ ਨੂੰ ਮੁੜ ਵੀ ਜਾਰੀ ਕੀਤਾ ਜਾ ਸਕਦਾ ਹੈ।

Advertisement
Author Image

joginder kumar

View all posts

Advertisement
Advertisement
×