ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਿਸਾਨ ਮੋਰਚੇ ਦੀ ਦਿੱਲੀ ਵਿੱਚ ਮਹਾਪੰਚਾਇਤ ਅੱਜ

06:30 AM Mar 14, 2024 IST
ਪਟਿਆਲਾ ਰੇਲਵੇ ਸਟੇਸ਼ਨ ਤੋਂ ਦਿੱਲੀ ਮਹਾਪੰਚਾਇਤ ਲਈ ਰਵਾਨਾ ਹੁੰਦੇ ਹੋਏ ਕਿਸਾਨ। -ਫੋਟੋ: ਰਾਜੇਸ਼ ਸੱਚਰ

* ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ’ਚੋਂ ਵੱਡਾ ਹੁੰਗਾਰਾ ਮਿਲਣ ਦੀ ਆਸ
* ਭਾਜਪਾ ਖ਼ਿਲਾਫ਼ ‘ਵੋਟ ਨੂੰ ਚੋਟ’ ਵਰਗਾ ਕੋਈ ਐਲਾਨ ਹੋਣ ਦੀ ਸੰਭਾਵਨਾ

Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 13 ਮਾਰਚ
ਸੰਯੁਕਤ ਕਿਸਾਨ ਮੋਰਚੇ ਵੱਲੋਂ ਲੋਕ ਸਭਾ ਚੋਣਾਂ ਦੇ ਐਲਾਨ ਤੋਂ ਐਨ ਪਹਿਲਾਂ ਦਿੱਲੀ ਵਿੱਚ ਵੀਰਵਾਰ ਨੂੰ ‘ਕਿਸਾਨ ਮਜ਼ਦੂਰ ਮਹਾਪੰਚਾਇਤ’ ਕਰ ਕੇ ਲੋਕ ਤਾਕਤ ਦਿਖਾਈ ਜਾਵੇਗੀ। ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਾਉਣ ਮਗਰੋਂ ਇਹ ਦੂਜੀ ਵਾਰ ਹੈ ਕਿ ਜਦੋਂ ਦੇਸ਼ ਦੇ ਕਿਸਾਨ ਦਿੱਲੀ ਵਿੱਚ ਜੁੜ ਰਹੇ ਹਨ। ਸੰਯੁਕਤ ਕਿਸਾਨ ਮੋਰਚਾ ਨੂੰ ਪੰਜਾਬ ਤੇ ਹਰਿਆਣਾ ਤੋਂ ਇਲਾਵਾ ਪੱਛਮੀ ਉੱਤਰ ਪ੍ਰਦੇਸ਼ ’ਚੋਂ ਵੱਡਾ ਹੁੰਗਾਰਾ ਮਿਲਣ ਦੀ ਆਸ ਹੈ।
ਸੰਯੁਕਤ ਕਿਸਾਨ ਮੋਰਚਾ (ਐੱਸਕੇਐੱਮ) ਜਿਸ ਨੇ ਪਹਿਲਾਂ ‘ਦਿੱਲੀ ਅੰਦੋਲਨ’ ਜ਼ਾਬਤੇ ਵਿੱਚ ਰਹਿ ਕੇ ਸਫਲਤਾ ਨਾਲ ਜਿੱੱਤਿਆ ਸੀ, ਉਸ ਲਈ ਭਲਕ ਦੀ ਮਹਾਪੰਚਾਇਤ ਵੀ ਪ੍ਰੀਖਿਆ ਤੋਂ ਘੱਟ ਨਹੀਂ ਹੋਵੇਗੀ। ਐੱਸਕੇਐੱਮ ਮਹਾਪੰਚਾਇਤ ਵਿੱਚ ਕਿੰਨਾ ਕੁ ਇਕੱਠ ਜੁਟਾ ਪਾਉਂਦਾ ਹੈ, ਇਸ ’ਤੇ ਸਰਕਾਰ ਦੀ ਨਜ਼ਰ ਰਹੇਗੀ। ਸੰਯੁਕਤ ਕਿਸਾਨ ਮੋਰਚਾ ਨੇ ਜਾਰੀ ਬਿਆਨ ਵਿੱਚ ਦੱਸਿਆ ਕਿ ਵੱਡੀ ਗਿਣਤੀ ਕਿਸਾਨ ਤੇ ਮਜ਼ਦੂਰ ਰੇਲਾਂ ਅਤੇ ਬੱਸਾਂ ਰਾਹੀਂ ਦਿੱਲੀ ਜਾਣਗੇ ਅਤੇ ਅੱਜ ਦੁਪਹਿਰ ਵੇਲੇ ਹੀ ਕਿਸਾਨਾਂ ਤੇ ਮਜ਼ਦੂਰਾਂ ਨੇ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਸਨ। ਕਿਸਾਨ ਆਗੂ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਸਰਕਾਰੀ ਟਰਾਂਸਪੋਰਟ ਰਾਹੀਂ ਕਿਸਾਨ ਦਿੱਲੀ ਪੁੱਜਣਗੇ ਅਤੇ ਮਹਾਪੰਚਾਇਤ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਜੁੜਨਗੇ। ਭਾਰਤੀ ਕਿਸਾਨ ਯੂਨੀਅਨ (ਚੜੂਨੀ) ਨੇ ਵੀ ਮਹਾਪੰਚਾਇਤ ਵਿੱਚ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ।
ਮੋਰਚੇ ਦੇ ਆਗੂਆਂ ਨੇ ਕਿਹਾ ਕਿ ਮਹਾਪੰਚਾਇਤ ਵਿੱਚ ਮੋਦੀ ਸਰਕਾਰ ਦੀਆਂ ਕਾਰਪੋਰੇਟ, ਫਿਰਕੂ ਅਤੇ ਤਾਨਾਸ਼ਾਹੀ ਵਾਲੀਆਂ ਨੀਤੀਆਂ ਖ਼ਿਲਾਫ਼ ਮਤਾ ਪਾਸ ਕੀਤਾ ਜਾਵੇਗਾ। ਦਿੱਲੀ ਅੰਦੋਲਨ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਅਮਲ ਵਿੱਚ ਲਿਆਉਣਾ ਵੀ ਮਹਾਪੰਚਾਇਤ ਦਾ ਏਜੰਡਾ ਹੈ। ਪਤਾ ਲੱਗਾ ਹੈ ਕਿ ਪੰਜਾਬ ’ਚੋਂ ਰੇਲਾਂ ’ਤੇ ਦਿੱਲੀ ਜਾਣ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਰੇਲਵੇ ਸਟੇਸ਼ਨਾਂ ’ਤੇ ਸ਼ਾਮ ਤੱਕ ਭੀੜ ਜੁੱਟ ਗਈ ਸੀ। ਕਿਸਾਨ ਟਰੈਕਟਰਾਂ-ਟਰਾਲੀਆਂ ਰਾਹੀਂ ਦਿੱਲੀ ਕੂਚ ਨਹੀਂ ਕਰਨਗੇ। ਇਸ ਇੱਕ ਦਿਨਾਂ ਪ੍ਰੋਗਰਾਮ ਵਿੱਚ ਅਗਲੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਖ਼ਿਲਾਫ਼ ਕੋਈ ‘ਵੋਟ ਨੂੰ ਚੋਟ’ ਵਰਗਾ ਐਲਾਨ ਹੋਣ ਦੀ ਸੰਭਾਵਨਾ ਵੀ ਹੈ।
ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 17 ਜ਼ਿਲ੍ਹਿਆਂ ਤੋਂ ਸੈਂਕੜੇ ਬੱਸਾਂ ’ਚ ਸਵਾਰ ਹੋ ਕੇ ਕਿਸਾਨਾਂ ਦੇ ਕਾਫ਼ਲੇ ਮਹਾਪੰਚਾਇਤ ਲਈ ਰਵਾਨਾ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਔਰਤਾਂ ਵੀ ਸ਼ਾਮਲ ਹਨ। ਕਿਸਾਨ ਤੇ ਮਜ਼ਦੂਰ ਆਪਣੇ ਰਾਸ਼ਨ, ਪਾਣੀ ਅਤੇ ਬਿਸਤਰਿਆਂ ਆਦਿ ਦਾ ਪੂਰਾ ਪ੍ਰਬੰਧ ਕਰ ਕੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨੀ ਦੀਆਂ ਭੱਖਦੀਆਂ ਮੰਗਾਂ ਵਿੱਚ ਐੱਮਐੱਸਪੀ ਤੋਂ ਇਲਾਵਾ ਕਿਸਾਨਾਂ ਤੇ ਮਜ਼ਦੂਰਾਂ ਦੀ ਮੁਕੰਮਲ ਕਰਜ਼ਾ ਮੁਕਤੀ ਤੇ ਬੁਢਾਪਾ ਪੈਨਸ਼ਨ, ਜਨਤਕ ਵੰਡ ਪ੍ਰਣਾਲੀ ਸਮੂਹ ਗਰੀਬਾਂ ਵਾਸਤੇ ਲਾਗੂ ਕਰਨੀ, ਪੂਰੀ ਭਰਪਾਈ ਵਾਲੀ ਫ਼ਸਲੀ ਬੀਮਾ ਯੋਜਨਾ ਅਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਵਾਰਸਾਂ ਨੂੰ ਪੂਰਾ ਇਨਸਾਫ ਦੇਣ ਤੋਂ ਇਲਾਵਾ ਮੋਦੀ ਸਰਕਾਰ ਵੱਲੋਂ ਮੰਨੀਆਂ ਹੋਈਆਂ ਸਮੂਹ ਮੰਗਾਂ ਤੁਰੰਤ ਮੰਨੇ ਜਾਣ ਤੇ ਲਾਗੂ ਕਰਨ ਦੀ ਮੰਗ ਮੁੱਖ ਹੈ। ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਨੇ ਸਾਂਝੇ ਤੌਰ ’ਤੇ ਸ਼ੰਭੂ ਤੇ ਖਨੌਰੀ ਬਾਰਡਰ ’ਤੇ ਕਰੀਬ 30 ਦਿਨਾਂ ਤੋਂ ਮੋਰਚਾ ਲਾਇਆ ਹੋਇਆ ਹੈ ਜਿਨ੍ਹਾਂ ਨੂੰ ਦਿੱਲੀ ਜਾਣ ਤੋਂ ਰੋਕਣ ਵਾਸਤੇ ਹਰਿਆਣਾ ਸਰਕਾਰ ਨੇ ਰੋਕਾਂ ਦੇ ਪਹਾੜ ਖੜ੍ਹੇ ਕੀਤੇ ਹੋਏ ਹਨ।

ਮਹਾਪੰਚਾਇਤ ਲਈ ਕਿਸਾਨਾਂ ਦੇ ਜਥੇ ਦਿੱਲੀ ਪਹੁੰਚੇ

ਸੰਯੁਕਤ ਕਿਸਾਨ ਮੋਰਚੇ ਦੇ ਆਗੂ ਰਾਮ ਲੀਲਾ ਮੈਦਾਨ ਵਿੱਚ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ। -ਫੋਟੋ: ਦਿਓਲ

ਨਵੀਂ ਦਿਲੀ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀਰਵਾਰ ਨੂੰ ਰਾਮਲੀਲ੍ਹਾ ਮੈਦਾਨ ਵਿੱਚ ਕੀਤੀ ਜਾਣ ਵਾਲੀ ਰੈਲੀ ਲਈ ਪੰਜਾਬ ਸਣੇ ਹੋਰਨਾਂ ਸੂਬਿਆਂ ਤੋਂ ਕਿਸਾਨਾਂ ਦੇ ਜਥੇ ਦਿੱਲੀ ਪਹੁੰਚਣ ਲੱਗੇ ਹਨ। ਅੱਜ ਵੱਡੀ ਗਿਣਤੀ ਕਿਸਾਨ ਰੇਲਾਂ ਰਾਹੀਂ ਦਿੱਲੀ ਦੇ ਵੱਖ-ਵੱਖ ਰੇਲਵੇ ਸਟੇਸ਼ਨਾਂ ’ਤੇ ਪਹੁੰਚੇ। ਕਈ ਕਿਸਾਨ ਬੱਸਾਂ ਤੇ ਨਿੱਜੀ ਗੱਡੀਆਂ ਰਾਹੀਂ ਦਿੱਲੀ ਪਹੁੰਚੇ। ਦਿੱਲੀ ਪੁਲੀਸ ਵਲੋਂ ਰਾਮਲੀਲ੍ਹਾ ਮੈਦਾਨ ਵਿੱਚ ਰੈਲੀ ਕਰਨ ਦੀ ਮਨਜ਼ੂਰੀ ‌ਦਿੱਤੇ ਜਾਣ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਮੈਦਾਨ ਵਿੱਚ ਸਟੇਜ ਲਾਉਣ ਲਈ ਵੀ ਸਾਮਾਨ ਇਕੱਠਾ ਕਰ ਲਿਆ ਹੈ। ਇਸੇ ਦੌਰਾਨ ਕਿਸਾਨਾਂ ਦੇ ਜਥੇ ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਵੀ ਦੇਖੇ ਗਏ। ਜੰਤਰ-ਮੰਤਰ ਇਲਾਕੇ ਵਿੱਚ ਵੀ ਕਈ ਕਿਸਾਨ ਘੁੰਮਦੇ-ਫਿਰਦੇ ਦੇਖੇ ਗਏ। ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਦੱਸਿਆ ਕਿ ਰੇਲਾਂ ਰਾਹੀਂ ਕੁਝ ਕਿਸਾਨਾਂ ਨੂੰ ਦਿੱਲੀ ਪੁਲੀਸ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਜਾਣ ਦੇਣ ਦੀ ਬਜਾਏ ਡੀਟੀਸੀ ਦੀ ਬੱਸ ਰਾਹੀਂ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਛੱਡ ਦਿੱਤਾ ਗਿਆ ਹੈ ਅਤੇ ਕਿਸਾਨਾਂ ਨੂੰ ਬੰਗਲਾ ਸਾਹਿਬ ਵੱਲ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਉੱਧਰ, ਦੇਰ ਸ਼ਾਮ ਕਿਸਾਨ ਆਗੂ ਡਾ. ਦਰਸ਼ਨ ਪਾਲ, ਰਾਕੇਸ਼ ਟਿਕੈਤ, ਯੁਧਵੀਰ ਸਿੰਘ ਸਣੇ ਹੋਰ ਰਾਜਾਂ, ਖਾਸ ਕਰ ਕੇ ਦੱਖਣੀ ਰਾਜਾਂ ਤੋਂ ਆਏ ਕਿਸਾਨ ਆਗੂਆਂ ਨੇ ਰਾਮਲੀਲ੍ਹਾ ਮੈਦਾਨ ਵਿੱਚ ਤਿਆਰੀਆਂ ਦਾ ਜਾਇਜ਼ਾ ਲਿਆ। ਇਸੇ ਦੌਰਾਨ ਦਿੱਲੀ ਪੁਲੀਸ ਨੇ ਟਰੈਫਿਕ ਐਡਵਾਈਜ਼ਰੀ ਜਾਰੀ ਕਰਦਿਆਂ ਲੋਕਾਂ ਨੂੰ ਉਨ੍ਹਾਂ ਮਾਰਗਾਂ ਵੱਲ ਜਾਣ ਤੋਂ ਬਚਣ ਲਈ ਕਿਹਾ ਹੈ ਜਿਹੜੇ ਮਾਰਗ ਰਾਮਲੀਲ੍ਹਾ ਮੈਦਾਨ ਨੂੰ ਜਾਂਦੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਿਸਾਨਾਂ ਦੀ ਆਮਦ ਨੂੰ ਦੇਖਦੇ ਹੋਏ ਲੰਗਰ ਦੇ ਵਾਧੂ ਪ੍ਰਬੰਧ ਕੀਤੇ ਹੋਏ ਹਨ।

Advertisement

ਦਿੱਲੀ ਪੁਲੀਸ ਵੱਲੋਂ 23 ਸਖ਼ਤ ਸ਼ਰਤਾਂ ਨਾਲ ਮਹਾਪੰਚਾਇਤ ਦੀ ਇਜਾਜ਼ਤ

ਦਿੱਲੀ ਪੁਲੀਸ ਨੇ 23 ਸਖ਼ਤ ਸ਼ਰਤਾਂ ਸਮੇਤ ਸੰਯੁਕਤ ਕਿਸਾਨ ਮੋਰਚਾ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਵਿੱਚ ਮਹਾਪੰਚਾਇਤ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਸ਼ਰਤਾਂ ਮੁਤਾਬਕ ਕੋਈ ਕਿਸਾਨ ਟਰੈਕਟਰ-ਟਰਾਲੀ ਨਹੀਂ ਲਿਆਏਗਾ ਅਤੇ ਰਾਤ ਨੂੰ ਮਹਾਪੰਚਾਇਤ ਵਾਲੇ ਸਥਾਨ ’ਤੇ ਨਹੀਂ ਰੁਕੇਗਾ। ਕੋਈ ਇੱਥੇ ਖਾਣਾ ਨਹੀਂ ਪਕਾਏਗਾ ਅਤੇ ਕਿਸੇ ਤਰ੍ਹਾਂ ਦੀ ਹਿੰਸਾ ਨਹੀਂ ਕਰੇਗਾ। ਪੰਜ ਹਜ਼ਾਰ ਦਾ ਇਕੱਠ ਕਰਨ ਦੀ ਆਗਿਆ ਦਿੱਤੀ ਗਈ ਹੈ। ਮਹਾਪੰਚਾਇਤ ਮਗਰੋਂ ਕੋਈ ਮਾਰਚ ਨਹੀਂ ਕਰ ਸਕੇਗਾ ਅਤੇ ਆਗੂਆਂ ਦੇ ਭਾਸ਼ਨ ਕਿਸੇ ਨੂੰ ਠੇਸ ਪਹੁੰਚਾਉਣ ਵਾਲੇ ਨਹੀਂ ਹੋਣਗੇ। ਪੁਲੀਸ ਦੀਆਂ ਹਦਾਇਤਾਂ ਨੂੰ ਮੰਨਣਾ ਪਵੇਗਾ। ਕਿਸਾਨ ਆਗੂਆਂ ਨੇ ਲਿਖਤੀ ਤੌਰ ’ਤੇ ਹਦਾਇਤਾਂ ਦੀ ਪਾਲਣਾ ਕਰਨ ਦਾ ਭਰੋਸਾ ਦਿੱਤਾ ਹੈ।

ਕੀ ਕੇਂਦਰ ਅੰਦੋਲਨ ਤੋਂ ਡਰਿਆ ਹੋਇਆ ਹੈ?

ਕੀ ਭਾਰਤ ਸਰਕਾਰ ਨੇ ਕਿਸਾਨੀ ਖ਼ੌਫ਼ ਵਿੱਚ ਦਿੱਲੀ ਦੇ ਰਾਹ ਮੋਕਲੇ ਕੀਤੇ ਹਨ। ਦਿੱਲੀ ਪੁਲੀਸ ਵੱਲੋਂ ਦਿੱਤੀ ਗਈ ਪ੍ਰਵਾਨਗੀ ਮਗਰੋਂ ਕਈ ਤਰ੍ਹਾਂ ਦੇ ਚਰਚੇ ਸ਼ੁਰੂ ਹੋ ਗਏ ਹਨ। ਕਿਸਾਨ ਆਗੂ ਆਖ ਰਹੇ ਹਨ ਕਿ ਭਾਰਤ ਸਰਕਾਰ ਕਿਸਾਨੀ ਅੰਦੋਲਨ ਦਾ ਪੁਰਾਣਾ ਜਲਵਾ ਦੇਖ ਚੁੱਕੀ ਹੈ ਅਤੇ ਭਾਜਪਾ ਚੋਣਾਂ ਸਿਰ ’ਤੇ ਹੋਣ ਕਰ ਕੇ ਕਿਸੇ ਨਵੇਂ ਅੰਦੋਲਨ ਦਾ ਮੁੱਢ ਨਹੀਂ ਬੰਨ੍ਹਣਾ ਚਾਹੁੰਦੀ ਹੈ ਜਿਸ ਕਰ ਕੇ ਕਿਸਾਨਾਂ ਨੂੰ ਰੋਕਣ ਤੋਂ ਕਿਨਾਰਾ ਕੀਤਾ ਹੈ। ਇਹ ਵੀ ਚਰਚੇ ਹਨ ਕਿ ਐੱਸਕੇਐੱਮ ਨੂੰ ਪ੍ਰਵਾਨਗੀ ਦੇ ਕੇ ਕਿਸਾਨ ਜਥੇਬੰਦੀਆਂ ਵਿੱਚ ਫੁੱਟ ਹੋਰ ਡੂੰਘੀ ਕਰਨ ਦੀ ਚਾਲ ਹੈ ਕਿਉਂਕਿ ਐੱਸਕੇਐੱਮ (ਗੈਰ ਸਿਆਸੀ) ਨੂੰ ਦਿੱਲੀ ਆਉਣ ਤੋਂ ਰੋਕਿਆ ਗਿਆ ਹੈ।

Advertisement