For the best experience, open
https://m.punjabitribuneonline.com
on your mobile browser.
Advertisement

ਕੁਦਰਤੀ ਸੋਮਿਆਂ ਦੀ ਸੰਭਾਲ ਦੇ ਸੁਨੇਹੇ ਨਾਲ ਕਿਸਾਨ ਮੇਲਾ ਸਮਾਪਤ

08:54 AM Sep 15, 2024 IST
ਕੁਦਰਤੀ ਸੋਮਿਆਂ ਦੀ ਸੰਭਾਲ ਦੇ ਸੁਨੇਹੇ ਨਾਲ ਕਿਸਾਨ ਮੇਲਾ ਸਮਾਪਤ
ਕਿਸਾਨ ਮੇਲੇ ਦੌਰਾਨ ਕੰਬਾਈਨ ਦਾ ਜਾਇਜ਼ਾ ਲੈਂਦੇ ਹੋਏ ਕਿਸਾਨ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸਤਵਿੰਦਰ ਬਸਰਾ
ਲੁਧਿਆਣਾ, 14 ਸਤੰਬਰ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਕਿਸਾਨ ਮੇਲਾ ਕੁਦਰਤੀ ਸੋਮਿਆਂ ਦੀ ਸੰਭਾਲ ਦਾ ਸੁਨੇਹਾ ਦਿੰਦਾ ਹੋਇਆ ਅੱਜ ਸਮਾਪਤ ਹੋ ਗਿਆ। ਕਿਸਾਨ ਮੇਲੇ ਦੇ ਦੂਜੇ ਦਿਨ ਪੰਜਾਬ ਰਾਜ ਕਿਸਾਨ ਭਲਾਈ ਕਮਿਸ਼ਨ ਦੇ ਚੇਅਰਮੈਨ ਡਾ. ਸੁਖਪਾਲ ਸਿੰਘ ਨੇ ਮੁੱਖ ਮਹਿਮਾਨ ਵਜੋਂ, ਜਦਕਿ ਭਾਰਤੀ ਖੇਤੀ ਖੋਜ ਪਰਿਸ਼ਦ ਦੇ ਸਾਬਕਾ ਸਹਾਇਕ ਨਿਰਦੇਸ਼ਕ ਜਨਰਲ ਡਾ. ਰਾਮ ਚੰਦ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ। ਸਮਾਗਮ ਦੀ ਪ੍ਰਧਾਨਗੀ ਉਪ ਕੁਲਪਤੀ ਡਾ. ਸਤਿਬੀਰ ਸਿੰਘ ਗੋਸਲ ਨੇ ਕੀਤੀ। ਇਸ ਮੌਕੇ ਪੀਏਯੂ ਪ੍ਰਬੰਧਕੀ ਬੋਰਡ ਦੇ ਮੈਂਬਰਾਂ ਡਾ. ਅਸ਼ੋਕ ਕੁਮਾਰ, ਹਰਦਿਆਲ ਸਿੰਘ ਗਜ਼ਨੀਪੁਰ, ਡਾ. ਦਵਿੰਦਰ ਸਿੰਘ ਚੀਮਾ ਅਤੇ ਸੁਪਰੀਮ ਕੋਰਟ ਦੇ ਵਕੀਲ ਦੀਪਕ ਅਗਨੀਹੋਤਰੀ ਨੇ ਵੀ ਸ਼ਿਰਕਤ ਕੀਤੀ। ਮੇਲੇ ਵਿੱਚ ਪਹਿਲੇ ਦਿਨ ਨਾਲੋਂ ਦੂਜੇ ਦਿਨ ਕਿਸਾਨਾਂ ਦੀ ਆਮਦ ਵੱਧ ਰਹੀ। ਮੁੱਖ ਮਹਿਮਾਨ ਨੇ ਕਿਹਾ ਕਿ ਫਸਲਾਂ ਦਾ ਵਾਜਬ ਮੁੱਲ ਨਾ ਮਿਲਣ ਕਾਰਨ ਅੱਜ ਦਾ ਕਿਸਾਨ ਬਹੁਤ ਸਾਰੀਆਂ ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਇਸ ਆਰਥਿਕ ਸੰਕਟ ਵਿੱਚੋਂ ਨਿਕਲਣ ਲਈ ਖੇਤੀ ਖਰਚੇ ਘਟਾਉਣ, ਮੰਡੀਕਰਨ ਨੂੰ ਸੁਚਾਰੂ ਬਣਾਉਣ ਅਤੇ ਕੁਦਰਤੀ ਸਾਧਨਾਂ ਦੀ ਸੰਭਾਲ ਕਰਨ ਲਈ ਰਲ ਕੇ ਹੰਭਲਾ ਮਾਰਨ ਦੀ ਲੋੜ ਹੈ। ਖੇਤੀ ਆਮਦਨ ਨੂੰ ਦੁੱਗਣੀ ਕਰਨ ਲਈ ਉਨ੍ਹਾਂ ਨੇ ਉਤਪਾਦਨ ਦੇ ਨਾਲ-ਨਾਲ ਗੁਣਵੱਤਾ ਵਧਾਉਣ ਦਾ ਸੁਨੇਹਾ ਦਿੱਤਾ। ਡਾ. ਰਾਮ ਚੰਦ ਨੇ ਕਿਸਾਨਾਂ ਨੂੰ ਵਿਗਿਆਨਕ ਖੇਤੀ ਲਈ ਮਾਹਿਰਾਂ ਨਾਲ ਤਾਲਮੇਲ ਬਣਾਉਣ ਤੇ ਕਣਕ-ਝੋਨੇ ਦੇ ਫਸਲੀ ਚੱਕਰ ਦੇ ਬਦਲ ਵਜੋਂ ਸਬਜ਼ੀਆਂ, ਫਲਾਂ, ਤੇਲ ਬੀਜਾਂ ਅਤੇ ਦਾਲਾਂ ਦੀ ਕਾਸ਼ਤ ਲਈ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਲਗਾਤਾਰ ਰਾਬਤਾ ਬਣਾਈ ਰੱਖਣ ਲਈ ਕਿਹਾ। ਡਾ. ਸਤਿਬੀਰ ਸਿੰਘ ਗੋਸਲ ਨੇ ਮੇਲੇ ਦੇ ਦੂਜੇ ਦਿਨ ਕਿਸਾਨਾਂ ਦੇ ਭਰਵੇਂ ਇਕੱਠ ਉੱਪਰ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਮੇਲਾ ਕਿਸਾਨੀ ਲਈ ਤੀਰਥ ਵਾਂਗ ਹੈ। ਹਰ ਕਿਸਾਨ ਨੂੰ ਮੇਲੇ ਵਿਚ ਆ ਕੇ ਨਵੀਆਂ ਕਿਸਮਾਂ ਦੇ ਬੀਜ, ਫਲਦਾਰ ਬੂਟੇ ਅਤੇ ਖੇਤੀ ਸਾਹਿਤ ਦੀ ਖਰੀਦ ਕਰਨੀ ਚਾਹੀਦੀ ਹੈ। ਨਿਰਦੇਸ਼ਕ ਖੋਜ ਡਾ.ਅਜਮੇਰ ਸਿੰਘ ਢੱਟ ਨੇ ਪੀਏਯੂ ਦੇ ਕਿਸਾਨ ਮੇਲਿਆਂ ਨੂੰ ਖੇਤੀ ਗਿਆਨ-ਵਿਗਿਆਨ ਦੇ ਅਦਾਨ-ਪ੍ਰਦਾਨ ਦਾ ਵਸੀਲਾ ਦੱਸਿਆ। ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਨੇ ਸਵਾਗਤ ਕੀਤਾ। ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਡਾ. ਤਰਸੇਮ ਸਿੰਘ ਢਿੱਲੋਂ ਨੇ ਮੇਲੇ ਵਿਚ ਆਏ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਸਟਾਲਾਂ ਅਤੇ ਖੇਤ ਪ੍ਰਦਰਸ਼ਨੀਆਂ ਦਾ ਦੌਰਾ ਕਰਨ ਅਤੇ ਮਾਹਿਰਾਂ ਕੋਲੋਂ ਆਪਣੀਆਂ ਖੇਤੀ ਸਮੱਸਿਆਵਾਂ ਦੇ ਹੱਲ ਲੱਭਣ ਲਈ ਕਿਹਾ। ਮੰਚ ਸੰਚਾਲਨ ਅੱਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ, ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਅਤੇ ਵਿਦਿਆਰਥੀ ਭਲਾਈ ਅਧਿਕਾਰੀ ਗੁਰਪ੍ਰੀਤ ਸਿੰਘ ਵਿਰਕ ਨੇ ਕੀਤਾ।

Advertisement

ਗੁਰੂ ਅੰਗਦ ਦੇਵ ਯੂਨੀਵਰਸਿਟੀ ਦਾ ਪਸ਼ੂ ਪਾਲਣ ਮੇਲਾ ਸਮਾਪਤ

ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ ਲਗਾਇਆ ਗਿਆ ਦੋ ਰੋਜ਼ਾ ਪਸ਼ੂ ਪਾਲਣ ਮੇਲਾ ਅੱਜ ਪਸ਼ੂ ਪਾਲਣ ਕਿੱਤਿਆਂ ਵਿਚ ਗੁਣਵੱਤਾ ਭਰਪੂਰ ਉਤਪਾਦ ਤਿਆਰ ਕਰਕੇ ਮੁਨਾਫ਼ਾ ਵਧਾਉਣ ਦੇ ਸੁਨੇਹੇ ਨਾਲ ਸੰਪੂਰਨ ਹੋ ਗਿਆ। ਅੱਜ ਦੂਜੇ ਦਿਨ ਇਨਾਮ ਵੰਡ ਸਮਾਰੋਹ ਮੌਕੇ ਪੰਜਾਬ ਸਰਕਾਰ ਦੇ ਵਧੀਕ ਸਕੱਤਰ ਡਾ. ਕਮਲ ਕੁਮਾਰ ਗਰਗ ਬਤੌਰ ਮੁੱਖ ਮਹਿਮਾਨ ਅਤੇ ਨਿਰਦੇਸ਼ਕ ਡੇਅਰੀ ਵਿਕਾਸ ਵਿਭਾਗ ਪੰਜਾਬ ਕੁਲਦੀਪ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ।

Advertisement

Advertisement
Author Image

sukhwinder singh

View all posts

Advertisement