ਮਾਰਗਦਰਸ਼ਕ ਨਾ ਬਣ ਸਕੇ ਕਿਸਾਨ ਮੇਲੇ: ਆਗੂ
ਪੱਤਰ ਪ੍ਰੇਰਕ
ਗੁਰੂਸਰ ਸੁਧਾਰ, 6 ਅਕਤੂਬਰ
ਕਿਲ੍ਹਾ ਰਾਏਪੁਰ ਦੇ ਖੇਡ ਸਟੇਡੀਅਮ ਵਿੱਚ ਚੱਲ ਰਹੇ ਤਿੰਨ ਰੋਜ਼ਾ ਕਿਸਾਨ ਮੇਲੇ ਵਿੱਚ ਪਹੁੰਚੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੇ ਕਿਹਾ ਕਿ ਕਿਸਾਨ ਮੇਲੇ ਛੋਟੇ ਕਿਸਾਨਾਂ ਲਈ ਮਾਰਗ ਦਰਸ਼ਕ ਨਹੀਂ ਬਣ ਸਕੇ, ਸਗੋਂ ਇਹ ਮੇਲੇ ਮਹਿੰਗੀ ਅਤੇ ਵੱਡੀ ਮਸ਼ੀਨਰੀ, ਕੀੜੇ ਮਾਰ ਦਵਾਈਆਂ ਅਤੇ ਨਵੇਂ ਬੀਜਾਂ ਦੇ ਪ੍ਰਚਾਰ ਦਾ ਸਾਧਨ ਬਣ ਗਏ ਹਨ।
ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਸੀਨੀਅਰ ਆਗੂ ਅਮਰੀਕ ਸਿੰਘ ਜੜਤੌਲੀ ਨੇ ਕਿਹਾ ਕਿ ਅਖੌਤੀ ਹਰੇ ਇਨਕਲਾਬ ਨੇ ਪੰਜਾਬ ਵਿੱਚ ਖ਼ੁਸ਼ਹਾਲੀ ਘੱਟ ਲਿਆਂਦੀ ਹੈ ਪਰ ਕਿਸਾਨਾਂ ਨੂੰ ਬਹੁਕੌਮੀ ਕੰਪਨੀਆਂ ਦੇ ਗ਼ੁਲਾਮ ਅਤੇ ਕਰਜ਼ਈ ਜ਼ਰੂਰ ਬਣਾ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਮੇਲੇ ਛੋਟੇ ਕਿਸਾਨਾਂ ਨੂੰ ਆਪਣੇ ਬੀਜ ਪੈਦਾ ਕਰਨ, ਘੱਟ ਖਾਦ ਅਤੇ ਦਵਾਈਆਂ ਦੀ ਵਰਤੋਂ ਨਾ ਕਰਨ ਵੱਲ ਪ੍ਰੇਰਿਤ ਕਰਨ ਦੀ ਥਾਂ ਬਹੁਕੌਮੀ ਕੰਪਨੀਆਂ ਦੇ ਪ੍ਰਚਾਰ ਦਾ ਸਾਧਨ ਹੋ ਨਿੱਬੜੇ ਹਨ।
ਕਿਸਾਨ ਆਗੂਆਂ ਨੇ ਫ਼ਸਲਾਂ ਦੀ ਸਹੀ ਮਾਰਕੀਟਿੰਗ ਦੀ ਜਾਣਕਾਰੀ ਅਤੇ ਸਰਕਾਰਾਂ ਦੀ ਜ਼ਿੰਮੇਵਾਰੀ ਬਾਰੇ ਸਿੱਖਿਅਤ ਕਰਨ ਦੀ ਥਾਂ ਕਿਸਾਨਾਂ ਨੂੰ ਹੀ ਦੋਸ਼ੀ ਸਾਬਤ ਕਰਨ ਦਾ ਸਾਧਨ ਬਣ ਗਏ ਹਨ। ਇਸ ਮੌਕੇ ਡਾਕਟਰ ਮਹਿੰਦਰ ਸ਼ਾਰਦਾ ਰਿਟਾਇਰ ਡਿਪਟੀ ਡਾਇਰੈਕਟਰ ਖੇਤੀਬਾੜੀ ਵਿਭਾਗ ਪੰਜਾਬ ਵੱਲੋਂ ਹਾਜ਼ਰ ਕਿਸਾਨ ਆਗੂਆਂ ਨੂੰ ਜਨਮੇਜਾ ਸਿੰਘ ਜੌਹਲ ਦੀ ਕਿਤਾਬ ‘ਗੁਣਕਾਰੀ ਪੌਦੇ’ ਦੇ ਕੇ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ‘ਮਿਸ਼ਨ ਸਾਡਾ ਜ਼ਹਿਰ ਮੁਕਤ ਖੇਤ ਤੁਹਾਡਾ’ ਤਹਿਤ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਪ੍ਰੇਰਤ ਕਰ ਰਹੇ ਹਨ। ਇਸ ਮੌਕੇ ਸਾਬਕਾ ਖੇਤੀਬਾੜੀ ਅਫ਼ਸਰ ਸੁਖਪਾਲ ਸਿੰਘ ਢਿੱਲੋਂ, ਹਰਮਨਪ੍ਰੀਤ ਸਿੰਘ ਗਰੇਵਾਲ, ਭੁਪਿੰਦਰ ਸਿੰਘ ਮਹਿਮਾ ਸਿੰਘ ਵਾਲਾ ਅਤੇ ਸਾਬਕਾ ਹਾਕੀ ਖਿਡਾਰੀ ਬਲਵਿੰਦਰ ਸਿੰਘ ਜੱਗਾ ਹਾਜ਼ਰ ਸਨ।