ਪਿੱਪਲੀ ’ਚ ਕਿਸਾਨ ਮਹਾਪੰਚਾਇਤ ਅੱਜ
ਚੰਡੀਗੜ੍ਹ (ਟਨਸ): ਹਰਿਆਣਾ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੰਯੁਕਤ ਕਿਸਾਨ ਮੋਰਚਾ (ਗ਼ੈਰਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਭਲਕੇ ਐਤਵਾਰ ਨੂੰ ਪਿੱਪਲੀ ਵਿੱਚ ‘ਕਿਸਾਨ ਮਹਾਪੰਚਾਇਤ’ ਕੀਤੀ ਜਾ ਰਹੀ ਹੈ। ਕਿਸਾਨ ਆਗੂ ਅਭਿਮਨਿਊ ਕੋਹਾੜ ਨੇ ਕਿਹਾ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਦਿੱਲੀ ਦੀਆਂ ਬਰੂਹਾਂ ’ਤੇ 13 ਮਹੀਨੇ ਚੱਲੇ ਕਿਸਾਨ ਅੰਦੋਲਨ ਦੌਰਾਨ ਲਿਖਤੀ ਤੌਰ ’ਤੇ ਮੰਨੀਆਂ ਮੰਗਾਂ ਨੂੰ ਅੱਜ ਤੱਕ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਾ ਤਾਂ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਮਿਲੀ ਹੈ ਅਤੇ ਨਾ ਹੀ ਕਿਸਾਨਾਂ-ਮਜ਼ਦੂਰਾਂ ਦਾ ਕਰਜ਼ਾ ਮੁਆਫ਼ ਹੋਇਆ ਹੈ। ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਸਰਵਨ ਸਿੰਘ ਪੰਧੇਰ ਨੇ ਕਿਹਾ ਕਿ ਸਵੇਰ ਹੁੰਦਿਆਂ ਹੀ ਕਿਸਾਨਾਂ ਦੇ ਕਾਫ਼ਲੇ ਟਰੈਕਟਰਾਂ ’ਤੇ ਸਵਾਰ ਹੋ ਕੇ ਪਿੱਪਲੀ ਲਈ ਰਵਾਨਾ ਹੋਣਗੇ। ਉਨ੍ਹਾਂ ਕਿਹਾ ਕਿ ਕਿਸਾਨ ਮਹਾਪੰਚਾਇਤ ਦੌਰਾਨ ਹੀ ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕੀ ਜਾਵੇਗੀ।
ਕਿਸਾਨਾਂ ਨੂੰ ਮੰਗਾਂ ਲਈ ਰਾਜਨੀਤਕ ਅੰਦੋਲਨ ਕਰਨਾ ਹੋਵੇਗਾ: ਟਿਕੈਤ
ਗੂਹਲਾ ਚੀਕਾ/ਕਲਾਇਤ (ਪੱਤਰ ਪ੍ਰੇਰਕ): ਕੈਥਲ ਜ਼ਿਲ੍ਹੇ ਅਧੀਨ ਕਲਾਇਤ ਅਨਾਜ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਸਾਬਕਾ ਸੂਬਾ ਪ੍ਰਧਾਨ ਘਾਸੀ ਰਾਮ ਨੈਨ ਦੀ ਸੱਤਵੀਂ ਬਰਸੀ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 380 ਦਿਨਾਂ ਦਾ ਅੰਦੋਲਨ ਸੜਕ ’ਤੇ ਲੜਿਆ। ਗਰਮੀ, ਸਰਦੀ, ਮੀਂਹ ਅਤੇ ਧੁੰਦ ਵਰਗੀਆਂ ਆਫਤਾਂ ਝੱਲੀਆਂ ਅਤੇ ਆਪਣੀਆਂ ਮੰਗਾਂ ਮਨਵਾ ਕੇ ਹਟੇ। ਭਾਜਪਾ ਨੇ ਮੰਨੀਆਂ ਮੰਗਾਂ ਅੱਜ ਤੱਕ ਪੂਰੀ ਨਹੀਂ ਕੀਤੀਆਂ। ਹੁਣ ਮਜਬੂਰਨ ਕਿਸਾਨਾਂ ਨੂੰ ਰਾਜਨੀਤੀ ਦਾ ਅੰਦੋਲਨ ਕਰਨਾ ਹੋਵੇਗਾ। ਕਿਸਾਨਾਂ ਦੀ ਮਜਬੂਰੀ ਦਾ ਫਾਇਦਾ ਉਠਾਉਣ ਵਾਲੀ ਸਰਕਾਰ ਨੂੰ ਹੁਣ ਰਾਜਨੀਤਕ ਤੌਰ ’ਤੇ ਪਟਕਨੀ ਦੇਣੀ ਹੋਵੇਗੀ।’