For the best experience, open
https://m.punjabitribuneonline.com
on your mobile browser.
Advertisement

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪਟਿਆਲਾ ’ਚ ਕਿਸਾਨ ਮਹਾ-ਪੰਚਾਇਤ

07:35 AM Sep 22, 2024 IST
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪਟਿਆਲਾ ’ਚ ਕਿਸਾਨ ਮਹਾ ਪੰਚਾਇਤ
ਕਿਸਾਨਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਡਾ. ਦਰਸ਼ਨ ਪਾਲ।
Advertisement

ਸਰਬਜੀਤ ਸਿੰਘ ਭੰਗੂ
ਪਟਿਆਲਾ, 21 ਸਤੰਬਰ
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਪੰਜਾਬ ਵਿੱਚ ਸਾਰੇ ਜ਼ਿਲ੍ਹਿਆਂ ਵਿੱਚ ਕਿਸਾਨ ਮਹਾ-ਪੰਚਾਇਤਾਂ ਕਰਨ ਦੀ ਲੜੀ ਤਹਿਤ ਅੱਜ ਜ਼ਿਲ੍ਹਾ ਪਟਿਆਲਾ ਦੇ ਪੁੱਡਾ ਗਰਾਊਂਡ ਵਿੱਚ ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੀ ਸਾਂਝੀ ਮਹਾ-ਪੰਚਾਇਤ ਕੀਤੀ ਗਈ।
ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਡਾ. ਦਰਸ਼ਨ ਪਾਲ ਨੇ ਦੱਸਿਆ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਕਿਸਾਨਾਂ ਦੀ 60 ਸਾਲ ਦੀ ਉਮਰ ਤੋਂ ਬਾਅਦ ਘੱਟੋ-ਘੱਟ ਦਸ ਹਜ਼ਾਰ ਰੁਪਏ ਪੈਨਸ਼ਨ, 23 ਫ਼ਸਲਾਂ ’ਤੇ ਐੱਮਐੱਸਪੀ ਦੀ ਗਾਰੰਟੀ, ਹਰ ਖੇਤ ਤੱਕ ਪਾਣੀ ਦੇ ਪੱਕੇ ਖਾਲ ਯਕੀਨੀ ਬਣਾਉਣੇ, ਕਿਸਾਨੀ ਕਰਜ਼ਾ ਮੁਆਫ਼ ਕਰਨਾ, ਨਵੀਂ ਖੇਤੀ ਨੀਤੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੁਸੈਨੀਵਾਲਾ ਅਤੇ ਵਾਹਗਾ ਬਾਰਡਰਾਂ ਨੂੰ ਵਪਾਰ ਲਈ ਖੋਲ੍ਹਣਾ, ਪਾਣੀ ਨੂੰ ਜ਼ਹਿਰੀਲਾ ਹੋਣ ਤੋਂ ਬਚਾਉਣਾ, ਫ਼ਸਲੀ ਵੰਨ ਸੁਵੰਨਤਾ ਲਿਆਉਣ ਲਈ ਕਿਸਾਨਾਂ ਦੀ ਖੁੱਲ੍ਹ ਕੇ ਮਦਦ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਮੰਗਾਂ ਦੀ ਪ੍ਰਾਪਤੀ ਲਈ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਅਕਤੂਬਰ ਦੇ ਪਹਿਲੇ ਹਫ਼ਤੇ ਚੰਡੀਗੜ੍ਹ ਵੱਲ ਵਹੀਰਾਂ ਘੱਤੀਆਂ ਜਾਣਗੀਆਂ।
ਜਨਰਲ ਸਕੱਤਰ ਅਵਤਾਰ ਸਿੰਘ ਕੌਰਜੀਵਾਲਾ ਨੇ ਮਤੇ ਰੱਖਦਿਆਂ ਮੰਗ ਕੀਤੀ ਕਿ ਨਵੇਂ ਬਣੇ ਫ਼ੌਜਦਾਰੀ ਕਾਲੇ ਕਾਨੂੰਨ ਤੁਰੰਤ ਰੱਦ ਕੀਤੇ ਜਾਣ, ਦੋ ਪੱਤਰਕਾਰ ਅਤੇ ਬੁੱਧੀਜੀਵੀ ਮਾਲਵਿੰਦਰ ਸਿੰਘ ਮਾਲੀ ਨੂੰ ਰਿਹਾਅ ਕੀਤਾ ਜਾਵੇ ਅਤੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਵਿੱਚ ਐੱਨਆਈਏ ਵੱਲੋਂ ਮਾਰੇ ਛਾਪਿਆਂ ਦੀ ਨਿਖੇਧੀ ਕੀਤੀ ਗਈ। ਸਰਕਾਰ ਵੱਲੋਂ ਚੌਲਾਂ ਨਾਲ ਭਰੇ ਸ਼ੈੱਲਰਾਂ ਨੂੰ ਤੁਰੰਤ ਖਾਲੀ ਕੀਤਾ ਜਾਵੇ ਤਾਂ ਸਿਰ ’ਤੇ ਆਈ ਨਵੀਂ ਫ਼ਸਲ ਮੰਡੀਆਂ ਵਿੱਚ ਨਾ ਰੁਲ ਸਕੇ। ਇਕੱਠ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਨੇ ਕਿਹਾ ਕਿ ਕਿਸਾਨੀ ਮੰਗਾਂ ਦੇ ਨਾਲ ਨਾਲ ਸਰਕਾਰ ਵਲੋਂ ਆਬਾਦਕਾਰ ਕਿਸਾਨਾਂ ਦੇ ਮਾਲਕੀ ਹੱਕ ਲੈਣ ਲਈ ਬਣੇ ਹੋਏ ਮਕਾਨਾਂ ’ਤੇ ਕਬਜ਼ਾ ਕਾਰਵਾਈਆਂ ਦਾ ਵਿਰੋਧ ਕਰਾਂਗੇ।
ਇਸ ਮੌਕੇ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਪ੍ਰੈੱਸ ਸਕੱਤਰ ਅਤੇ ਸੂਬਾ ਕਮੇਟੀ ਮੈਂਬਰ ਹਰਨੇਕ ਸਿੰਘ ਭੱਲਮਾਜਰਾ, ਪਰਮਵੀਰ ਸਿੰਘ ਸੀੜਾ, ਹਰਿੰਦਰ ਸਿੰਘ, ਸੂਬਾ ਖਜਾਨਚੀ ਰਣਜੀਤ ਸਿੰਘ ਸਮੇਤ ਜ਼ਿਲ੍ਹਾ ਸਕੱਤਰ ਜਸਵੀਰ ਸਿੰਘ ਚਨਾਰਥਲ ਆਗੂ ਅਤੇ ਸੈਂਕੜੇ ਕਿਸਾਨ ਅਤੇ ਪਟਿਆਲਾ ਦੇ ਆਗੂਆਂ ਸੁਖਵਿੰਦਰ ਸਿੰਘ ਤੁਲੇਵਾਲ, ਸੁਖਦੇਵ ਸਿੰਘ ਹਰਿਆਉ, ਹਰਭਜਨ ਸਿੰਘ ਧੂੜ, ਗੁਰਲਾਲ ਸਿੰਘ, ਸੁਖਵਿੰਦਰ ਸਿੰਘ ਲਾਲੀ, ਨਿਸ਼ਾਨ ਸਿੰਘ ਧਰਮਹੇੜੀ ਅਤੇ ਚਰਨਜੀਤ ਕੌਰ ਧੂੜੀਆਂ ਨੇ ਮਹਾਂ ਪੰਚਾਇਤ ਨੂੰ ਸੰਬੋਧਨ ਕੀਤਾ।

Advertisement

Advertisement
Advertisement
Author Image

sukhwinder singh

View all posts

Advertisement