For the best experience, open
https://m.punjabitribuneonline.com
on your mobile browser.
Advertisement

ਕਿਸਾਨ ਬ੍ਰਿਗੇਡ ਨੇ ਫਿਰ ਬੰਨ੍ਹੇ ਟਰਾਲੀਆਂ ’ਤੇ ਤੰਬੂ

08:43 AM Jul 20, 2023 IST
ਕਿਸਾਨ ਬ੍ਰਿਗੇਡ ਨੇ ਫਿਰ ਬੰਨ੍ਹੇ ਟਰਾਲੀਆਂ ’ਤੇ ਤੰਬੂ
ਪਿੰਡ ਢੱਡੇ ਵਿੱਚ ਇਕੱਠੇ ਹੋਏ ਰਾਸ਼ਨ ਨੂੰ ਲੈ ਕੇ ਜਾਣ ਤੋਂ ਪਹਿਲਾਂ ਅਰਦਾਸ ਕਰਦੇ ਹੋਏ ਪਿੰਡ ਵਾਸੀ।
Advertisement

ਰਮਨਦੀਪ ਸਿੰਘ
ਚਾਉਕੇ, 19 ਜੁਲਾਈ
ਦਿੱਲੀ ਵਿੱਚ ਚੱਲੇ ਕਿਸਾਨ ਸੰਘਰਸ਼ ਦੀ ਫ਼ਤਹਿ ਤੋਂ ਬਾਅਦ ਹੁਣ ਫਿਰ ਕਿਸਾਨ ਬ੍ਰਿਗੇਡ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਕਮਰਕੱਸੇ ਕਰਦਿਆਂ ਟਰਾਲੀਆਂ ’ਤੇ ਤੰਬੂ ਲਗਾ ਲਏ ਹਨ। ਰੋਜ਼ਾਨਾ ਦਰਜਨਾਂ ਟਰੈਕਟਰ-ਟਰਾਲੀਆਂ ਰਾਸ਼ਨ ਤੇ ਪਾਣੀ ਲੈ ਕੇ ਹੜ੍ਹ ਪ੍ਰਭਾਵਿਤ ਇਲਾਕਿਆਂ ਵੱਲ ਚਾਲੇ ਪਾ ਰਹੀਆਂ ਹਨ।
ਪਿੰਡ ਢੱਡੇ ਦੇ ਕੁਲਵੰਤ ਸਿੰਘ ਪਟਵਾਰੀ ਨੇ ਦੱਸਿਆ ਕਿ ਸਮੂਹ ਨਗਰ ਨਿਵਾਸੀਆਂ ਵੱਲੋਂ ਸਮਾਣਾ ਅਤੇ ਸ਼ੁਤਰਾਣਾ ਨੇੜਲੇ ਹੜ੍ਹ ਪ੍ਰਭਾਵਿਤ ਪਿੰਡਾਂ ਜਿਵੇਂ ਕਿ ਧਰਮਹੇੜੀ, ਟਟਿਆਣਾ, ਨਵਾਂ ਗਾਉਂ ਆਦਿ ਵਿੱਚ ਤਿਆਰ ਕੀਤਾ ਲੰਗਰ, ਪਾਣੀ ਦੀਆਂ ਬੋਤਲਾਂ, ਹਰਾ ਚਾਰਾ, ਦਵਾਈਆਂ, ਬਰੈੱਡਾਂ ਦੀਆਂ ਪੇਟੀਆਂ ਪੀੜਤ ਪਿੰਡਾਂ ਵਿੱਚ ਭੇਜੀਆਂ ਜਾ ਰਹੀਆਂ ਹਨ। ਇਸ ਕਾਰਜ ਵਿੱਚ ਪਿੰਡ ਦੇ ਸਮੂਹ ਬੱਚੇ, ਬੁੱਢੇ, ਮਾਈਆਂ, ਭੈਣਾਂ, ਨੌਜਵਾਨ ਵੀਰ ਸਾਰੇ ਹੀ ਪਾਰਟੀਬਾਜ਼ੀ ਤੋ ਉੱਪਰ ਉੱਠ ਕੇ ਵਧ-ਚੜ੍ਹ ਕੇ ਹਿੱਸਾ ਪਾ ਰਹੇ ਹਨ। ਪਿੰਡ ਚਾਉਕੇ ਦੇ ਸਮੂਹ ਵਾਸੀਆਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਪਿੰਡ ਦੀ ਅਨਾਜ ਮੰਡੀ ਵਿੱਚ ਪਸ਼ੂਆਂ ਲਈ ਹਰੇ ਚਾਰੇ ਦਾ ਡੰਪ ਬਣਾ ਲਿਆ ਹੈ। 50 ਟਰਾਲੀਆਂ ਇਕੱਠੀਆਂ ਹੋ ਚੁੱਕੀਆਂ ਹਨ ਤੇ ਹਰ ਰੋਜ਼ ਹੋਰ ਆ ਰਹੀਆਂ ਹਨ, ਜਨਿ੍ਹਾਂ ਦਾ ਅਚਾਰ ਬਣਾਇਆ ਜਾ ਰਿਹਾ ਹੈ। ਪਿੰਡ ਮੰਡੀ ਕਲਾਂ ਦੇ ਨੌਜਵਾਨ ਰਣਵੀਰ ਸਿੰਘ ਗੱਗੀ ਨੇ ਕਿਹਾ ਕਿ ਉਨ੍ਹਾਂ ਨੇ 100 ਦੇ ਕਰੀਬ ਪੇਟੀਆਂ ਪਾਣੀ ਦੀਆਂ, 30 ਪੇਟੀਆਂ ਦੁੱਧ ਦੀਆਂ ਹੜ੍ਹ ਪੀੜਤਾਂ ਦੀ ਮਦਦ ਲਈ ਭੇਜੀਆਂ ਹਨ।
ਕਿਸਾਨ ਸਰਬਜੀਤ ਸਿੰਘ ਭੁੱਲਰ, ਜਸਵੰਤ ਸਿੰਘ ਕਾਲਾ, ਮੇਜਰ ਸਿੰਘ ਗੋਧੀਕਾ, ਜਸਮੀਤ ਭੁੱਲਰ, ਬੂਟਾ ਸਿੰਘ ਭੂੰਦੜ ਤੇ ਰਾਮ ਸਿੰਘ ਭੂੰਦੜ ਨੇ ਕਿਹਾ ਕਿ ਝੋਨੇ ਦੀ ਫੱਕ ਦਾ ਇੰਤਜ਼ਾਮ ਕਰ ਕੇ ਉਹ ਹੜ੍ਹ ਪੀੜਤਾਂ ਦੀ ਮਦਦ ਕਰ ਹਰੇ ਹਨ। ਪਿੰਡ ਮੰਡੀ ਖ਼ੁਰਦ ਦੇ ਨੌਜਵਾਨ ਜਗਤਾਰ ਸਿੰਘ ਅਣਜਾਣ ਹੜ੍ਹ ਪ੍ਰਭਾਵਿਤਤ ਪਿੰਡ ਵਿੱਚ ਪੰਜ ਦਨਿਾਂ ਤੋ ਲੋਕਾਂ ਨੂੰ ਬਿਮਾਰੀਆਂ ਤੋ ਬਚਾਉਣ ਲਈ ਦਵਾਈਆਂ ਦੀ ਸੇਵਾ ਕਰ ਰਿਹਾ ਹੈ। ਜਸਪਾਲ ਸਿੰਘ ਕਰਾੜਵਾਲਾ, ਅੰਮ੍ਰਿਤਪਾਲ ਸਿੰਘ ਮਿੰਟੂ, ਸਤਪਾਲ ਸਿੰਘ ਪਾਲਾ, ਜਗਜੀਵਨ ਲਾਡੀ ਪਿੰਡ ਰਾਮਪੁਰਾ ਨੇ ਦੱਸਿਆ ਕਿ ਉਹ ਝੋਨੇ ਦੀ ਪਨੀਰੀ ਦਾ ਲੰਗਰ ਲਗਾਉਣ ਜਾ ਰਹੇ ਹਨ। ਉਨ੍ਹਾਂ ਵੱਲੋਂ 200 ਥੈਲਾ ਬੀਜ ਵੰਡਿਆ ਜਾ ਚੁੱਕਾ ਹੈ, ਜਿਸ ਨਾਲ ਹਜ਼ਾਰਾਂ ਏਕੜ ਫ਼ਸਲ ਦੀ ਬਿਜਾਂਦ ਕੀਤੀ ਜਾ ਸਕੇਗੀ। ਪਿੰਡ ਮਹਿਰਾਜ ਦੇ ਕਿਸਾਨ ਸੁਖਵੀਰ ਸਿੰਘ ਨੇ ਝੋਨੇ ਦੀ ਪਨੀਰੀ ਜਲੰਧਰ ਦੇ ਕਿਸਾਨਾਂ ਨੂੰ ਭੇਜ ਦਿੱਤੀ ਹੈ।
ਇਸੇ ਤਰ੍ਹਾਂ ਪਿੰਡ-ਪਿੰਡ ਗੁਰੂ-ਘਰੋਂ ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਅਨਾਊਂਸਮੈਂਟਾਂ ਹੋ ਰਹੀਆਂ ਹਨ। ਪਿੰਡ ਵਾਸੀ ਵਿੱਤ ਤੋ ਵੱਧ ਯੋਗਦਾਨ ਸੇਵਾ ਵਿੱਚ ਪਾ ਰਹੇ ਹਨ। ਜੋ ਵਿਦਿਆਰਥੀ ਵਿਦੇਸ਼ਾਂ ਵਿੱਚ ਬੈਠੇ ਪੜ੍ਹ ਰਹੇ ਹਨ ਜਾਂ ਉੱਥੋਂ ਦੇ ਪੱਕੇ ਵਸਨੀਕ ਹਨ ਉਹ ਵੀ ਇਸ ਬਿਪਤਾ ਦੀ ਘੜੀ ਵਿੱਚ ਵਧ-ਚੜ੍ਹ ਕੇ ਸੇਵਾ ਵਿੱਚ ਯੋਗਦਾਨ ਪਾ ਰਹੇ ਹਨ। ਬੀਕੇਯੂ ਉਗਰਾਹਾਂ ਦੇ ਸੁਖਦੇਵ ਸਿੰਘ ਜਵੰਧਾ, ਬੀਕੇਯੂ ਸਿੱਧੂਪੁਰ ਦੇ ਕਾਕਾ ਸਿੰਘ ਕੋਟੜਾ, ਬੀਕੇਯੂ ਡਕੌਂਦਾ ਦੇ ਗੁਰਦੀਪ ਸਿੰਘ ਪਿੰਡ ਰਾਮਪੁਰਾ ਨੇ ਕਿਹਾ ਕਿ ਉਹ ਆਪੋ-ਆਪਣੀਆਂ ਜਥੇਬੰਦੀਆਂ ਵੱਲੋਂ ਹਰ ਸੰਭਵ ਮਦਦ ਲੋਕਾਂ ਲਈ, ਪਸ਼ੂਆਂ ਲਈ ਕਰ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਫ਼ੋਨ ਨੰਬਰ ਲੋਕਾਂ ਨੂੰ ਦਿੱਤੇ ਹੋਏ ਹਨ, ਤਾਂ ਜੋ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਣ।

Advertisement

Advertisement
Tags :
Author Image

Advertisement
Advertisement
×