ਕਿਰਤੀ ਕਿਸਾਨ ਯੂਨੀਅਨ ਵੱਲੋਂ ਕੰਗਨਾ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ
ਪੱਤਰ ਪ੍ਰੇਰਕ
ਨਵਾਂ ਸ਼ਹਿਰ, 10 ਜੂਨ
ਕਿਰਤੀ ਕਿਸਾਨ ਯੂਨੀਅਨ ਜ਼ਿਲ੍ਹਾ ਇਕਾਈ ਨੇ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਸੀਆਈਐੱਸਐੱਫ ਦੀ ਜਵਾਨ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਨ ਉਪਰੰਤ ਉਸ ਨੂੰ ਨੌਕਰੀ ਤੋਂ ਮੁਅੱਤਲ ਕਰਨ ਅਤੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ ਅਤੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ ਵੱਲੋਂ ਮੰਗ ਕੀਤੀ ਗਈ ਕਿ ਕੰਗਨਾ ਰਣੌਤ ਵੱਲੋਂ ਕੁਲਵਿੰਦਰ ਕੌਰ ਨੂੰ ਉਕਸਾਉਣ ਤੇ ਫਿਰਕੂ ਜ਼ਹਿਰ ਉਗਲਣ ਕਾਰਨ ਉਸ ਖਿਲਾਫ਼ ਕੇਸ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿਸਾਨ ਅੰਦੋਲਨ ਦੌਰਾਨ ਵੀ ਕੰਗਨਾ ਵੱਲੋਂ ਪੰਜਾਬ ਦੇ ਲੋਕਾਂ ਅਤੇ ਬੀਬੀਆਂ ਖਿਲਾਫ਼ ਮਾੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਇਸ ਮੌਕੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੈਂਸ, ਸੋਹਣ ਸਿੰਘ ਬਾਵਾ, ਇਲਾਕਾ ਔੜ ਦੇ ਪ੍ਰਧਾਨ ਸੁਰਿੰਦਰ ਸਿੰਘ ਮਹਿਰਮਪੁਰ, ਇਲਾਕਾ ਨਵਾਂਸ਼ਹਿਰ ਦੇ ਪ੍ਰਧਾਨ ਪਰਮਜੀਤ ਸਿੰਘ ਸੰਘਾ, ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਸੁਰਜੀਤ ਕੌਰ ਉਟਾਲ, ਮਨਜੀਤ ਕੌਰ ਅਲਾਚੌਰ, ਕਸ਼ਮੀਰਾ ਸਿੰਘ ਬੇਗੋਵਾਲ, ਕਰਨੈਲ ਸਿੰਘ ਉੜਾਪੜ ਤੇ ਬਹਾਦਰ ਸਿੰਘ ਧਰਮਕੋਟ ਆਗੂ ਹਾਜ਼ਰ ਸਨ।