ਕਿਰਤੀ ਕਿਸਾਨ ਯੂਨੀਅਨ ਵੱਲੋਂ ਭਾਰਤ-ਪਾਕਿਸਤਾਨ ਵਪਾਰ ਅਟਾਰੀ ਤੇ ਹੁਸੈਨੀਵਾਲਾ ਸੜਕੀ ਲਾਂਘਿਆਂ ਰਾਹੀਂ ਖੋਲ੍ਹਣ ਲਈ ਰੈਲੀ
ਦਿਲਬਾਗ ਸਿੰਘ ਗਿੱਲ
ਅਟਾਰੀ, 18 ਸਤੰਬਰ
ਕਿਰਤੀ ਕਿਸਾਨ ਯੂਨੀਅਨ ਨੇ ਅੱਜ ਅਟਾਰੀ-ਵਾਹਗਾ ਬਾਰਡਰ ਉੱਤੇ ਵਿਸ਼ਾਲ ਰੈਲੀ ਕਰਕੇ ਭਾਰਤ-ਪਾਕਿਸਤਾਨ ਵਪਾਰ ਨੂੰ ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਲਾਂਘਿਆਂ ਰਾਹੀਂ ਖੋਲ੍ਹਣ ਲਈ ਆਵਾਜ਼ ਬੁਲੰਦ ਕੀਤੀ ਹੈ। ਇਸ ਮੌਕੇ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ ਆਪਣੀ ਉਪਜ ਸਮੇਤ ਹੋਰ ਵਰਗਾਂ ਨੂੰ ਵੀਜ਼ਾ ਸ਼ਰਤਾਂ ਖਤਮ ਕਰਕੇ ਪਾਸਪੋਰਟ ’ਤੇ ਸਿੱਧਾ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਕੇਂਦਰ ਸਰਕਾਰ ਵੱਲੋਂ ਬਾਸਮਤੀ ਦੇ ਨਿਰਯਾਤ ਉਪਰ 1200 ਡਾਲਰ ਪ੍ਰਤੀ ਟਨ ਦੀ ਲਾਈ ਸ਼ਰਤ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਇਸ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ। ਕਿਰਤੀ ਕਿਸਾਨ ਯੂਨੀਅਨ ਵੱਲੋਂ ਇਸ ਮੁੱਦੇ ’ਤੇ ਛੇੜੀ ਮੁਹਿੰਮ ਨੂੰ ਸਮਾਜ ਦੇ ਵੱਖ-ਵੱਖ ਤਬਕਿਆਂ ਨੇ ਭਰਵਾਂ ਸਹਿਯੋਗ ਦਿੰਦਿਆਂ ਰੈਲੀ ਵਿੱਚ ਭਰਵੀਂ ਸ਼ਮੂਲੀਅਤ ਵੀ ਕੀਤੀ। ਰੈਲੀ ਵਿੱਚ ਸ਼ਾਮਲ ਹੋਣ ਵਾਲੇ ਤਬਕਿਆਂ ਵਿੱਚ ਅੰਮ੍ਰਿਤਸਰ ਫਰੂਟ ਐਂਡ ਵੈਜ਼ੀਟੇਬਲ ਮਰਚੰਟ ਐਸੋਸੀਏਸ਼ਨ, ਟਰੱਕ ਯੂਨੀਅਨ ਅਟਾਰੀ, ਫੋਕਲੋਰ ਰਿਸਰਚ ਅਕੈਡਮੀ ਨਾਲ ਜੁੜੇ ਬੁੱਧੀਜੀਵੀਆਂ ਅਤੇ ਲੇਖਕਾਂ ਤੋਂ ਇਲਾਵਾ ਇਲਾਕੇ ਦਾ ਮਜ਼ਦੂਰ ਵਰਗ ਵੀ ਸ਼ਾਮਲ ਸਨ।ਇਸ ਮੌਕੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਦੇਸ਼ ਦੇ ਹੁਕਮਰਾਨਾਂ ਨੂੰ ਭਾਰਤ-ਪਾਕਿਸਤਾਨ ਵਿਚਕਾਰ ਦੁਸ਼ਮਣੀ ਦੀ ਅੱਗ ਬਾਲਣ ਦੀ ਥਾਂ ਦੋਸਤਾਨਾ ਰਿਸ਼ਤਿਆਂ ਨੂੰ ਉਸਾਰਨ ਵੱਲ ਅੱਗੇ ਵਧਣਾ ਚਾਹੀਦਾ ਹੈ। ਇਸ ਸਾਂਝ ਨੂੰ ਉਸਾਰਨ ਵਿੱਚ ਭਾਰਤ-ਪਾਕਿਸਤਾਨ ਵਪਾਰ ਇੱਕ ਮਹੱਤਵਪੂਰਨ ਕੜੀ ਹੈ। ਯੂਨੀਅਨ ਦੇ ਮੀਤ ਪ੍ਰਧਾਨ ਜਤਿੰਦਰ ਸਿੰਘ ਛੀਨਾ ਅਤੇ ਸਤਬੀਰ ਸਿੰਘ ਸੁਲਤਾਨੀ ਨੇ ਕਿਹਾ ਕਿ ਮੌਜੂਦਾ ਸਮੇਂ ਦੋਵਾਂ ਮੁਲਕਾਂ ਵਿਚਕਾਰ 80 ਫੀਸਦ ਵਪਾਰ ਸਮੁੰਦਰੀ ਰਸਤਿਆਂ ਰਾਹੀਂ ਜਾਂ ਅਸਿੱਧੇ ਰੂਪ ਵਿੱਚ ਦੁਬਈ ਰਾਹੀਂ ਹੋ ਰਿਹਾ ਹੈ, ਜੋ ਬਹੁਤ ਮਹਿੰਗਾ ਪੈਂਦਾ ਹੈ। ਅਟਾਰੀ-ਵਾਹਗਾ ਅਤੇ ਹੁਸੈਨੀਵਾਲਾ ਸੜਕੀ ਰਸਤਿਆਂ ਰਾਹੀਂ ਸਿੱਧਾ ਵਪਾਰ ਨਾ ਸਿਰਫ ਸਸਤਾ ਪਵੇਗਾ ਬਲਕਿ ਉੱਤਰ-ਭਾਰਤ ਖਾਸ ਕਰਕੇ ਪੰਜਾਬ ਦੇ ਕਿਸਾਨਾਂ, ਵਪਾਰੀਆਂ, ਖੇਤੀ ਸੰਦ ਬਣਾਉਣ ਵਾਲੇ ਕਾਰੀਗਰਾਂ, ਟਰੱਕ ਅਪਰੇਟਰਾਂ ਅਤੇ ਮਜ਼ਦੂਰਾਂ ਲਈ ਨਵੇਂ ਰੁਜ਼ਗਾਰ ਅਤੇ ਆਰਥਿਕ ਖੁਸ਼ਹਾਲੀ ਦਾ ਸਾਧਨ ਬਣ ਸਕਦਾ ਹੈ। ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰੈੱਸ ਸਕੱਤਰ ਰਾਮਿੰਦਰ ਸਿੰਘ ਪਟਿਆਲਾ ਅਤੇ ਸੂਬਾ ਆਗੂ ਬਲਵਿੰਦਰ ਸਿੰਘ ਭੁੱਲਰ ਅਤੇ ਤਰਸੇਮ ਸਿੰਘ ਬੰਨੇਮਲ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਕਾਰ 350 ਵਸਤਾਂ ਦਾ ਵਪਾਰ ਹੁੰਦਾ ਰਿਹਾ, ਜੋ ਸਾਬਤ ਕਰਦਾ ਹੈ ਕਿ ਦੋਵੇਂ ਦੇਸ਼ ਵਪਾਰ ਦੇ ਮਾਮਲੇ ਵਿੱਚ ਇੱਕ-ਦੂਜੇ ’ਤੇ ਕਿੰਨੇ ਅੰਤਰ-ਨਿਰਭਰ ਹਨ। ਕਿਸਾਨ ਆਗੂਆਂ ਨਛੱਤਰ ਸਿੰਘ ਤਰਨਤਾਰਨ, ਹਰਦੀਪ ਕੌਰ ਕੋਟਲਾ, ਸੁਖਦੇਵ ਸਿੰਘ ਰੰਧਾਵਾ ਅਤੇ ਸਤਨਾਮ ਸਿੰਘ ਝੰਡੇਰ, ਟਰੱਕ ਯੂਨੀਅਨ ਅਟਾਰੀ ਦੇ ਪ੍ਰਧਾਨ ਹਰਿੰਦਰਪਾਲ ਸਿੰਘ ਸੰਧੂ, ਅੰਮ੍ਰਿਤਸਰ ਫਰੂਟ ਐਂਡ ਵੈਜੀਟੇਬਲ ਐਸੋਸੀਏਸ਼ਨ ਦੇ ਪ੍ਰਧਾਨ ਕਰਨਜੀਤ ਸਿੰਘ ਬੱਤਰਾ, ਸੰਯੁਕਤ ਕਿਸਾਨ ਭਲਾਈ ਸੰਗਠਨ ਅਜਨਾਲਾ ਦੇ ਪ੍ਰਧਾਨ ਮਨਜੀਤ ਸਿੰਘ ਬਾਠ, ਫੋਕਲੋਰ ਰਿਸਰਚ ਅਕੈਡਮੀ ਦੇ ਮੁਖੀ ਰਮੇਸ਼ ਯਾਦਵ ਅਤੇ ਉੱਘੇ ਸਮਾਜ ਸੇਵੀ ਪੂਰਨ ਸਿੰਘ ਸੰਧੂ ਰਣੀਕੇ ਨੇ ਸੰਬੋਧਨ ਕੀਤਾ।
ਅਖੀਰ ਵਿੱਚ ਰੈਲੀ ਦੌਰਾਨ ਜੱਥੇਬੰਦੀ ਨੇ ਇਸ ਮੁੱਦੇ ਨੂੰ ਲੈ ਕੇ 20 ਸਤੰਬਰ ਨੂੰ ਹੁਸੈਨੀਵਾਲਾ ਵਿਖੇ ਅਤੇ ਸੂਬੇ ਦੇ ਜਲੰਧਰ, ਨਵਾਂਸ਼ਹਿਰ, ਹੁਸ਼ਿਆਰਪੁਰ, ਲੁਧਿਆਣਾ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿੱਚ ਕਾਨਫ਼ਰੰਸਾਂ ਕਰਨ ਦਾ ਐਲਾਨ ਵੀ ਕੀਤਾ।