ਕਿਰਤੀ ਚਮਨ ਲਾਲ ਨੂੰ ਢੋਲ ਢਮੱਕੇ ਨਾਲ ਵਿਦਾ ਕੀਤਾ
ਸੁਰਜੀਤ ਮਜਾਰੀ
ਬੰਗਾ, 28 ਮਾਰਚ
ਕਿਸਾਨ ਤੇ ਕਿਰਤੀ ਦੀ ਸਾਂਝ ਅੱਜ ਪਿੰਡ ਗਹਿਲ ਮਜਾਰੀ ਵਿੱਚ ਭਾਈਚਾਰੇ ਦੀ ਵਿਲੱਖਣ ਉਦਾਹਰਣ ਬਣ ਕੇ ਉੱਭਰੀ। ਕਿਸਾਨ ਚਰਨਜੀਤ ਸਿੰਘ ਝੱਜ ਦੇ ਵਿਹੜੇ ਕਿਰਤੀ ਚਮਨ ਲਾਲ ਨੂੰ ਢੋਲ ਢਮੱਕੇ ਨਾਲ ਵਿਦਾ ਕੀਤਾ ਗਿਆ। ਜੁਆਨੀ ਵਰੇਸੇ ਸ਼ੁਰੂ ਹੋਇਆ ਇਹ ਨਾਤਾ ਅੱਜ ਬਿਰਧ ਵਰੇਸ ਤੱਕ ਇਮਾਨਦਾਰੀ, ਵਫ਼ਾਦਾਰੀ ਅਤੇ ਅਪਣੱਤ ਦਾ ਪ੍ਰਤੀਕ ਬਣ ਕੇ ਨਿਭਿਆ। ਇਸ ਸੇਵਾ ਮੁਕਤੀ ਸਬੰਧੀ ਕਰਵਾਏ ਗਏ ਸਮਾਗਮ ਦੌਰਾਨ ਚਮਨ ਲਾਲ ਦੀ ਵਿਦਾਇਗੀ ਸਮੇਂ ਫੁੱਲ ਵਰਸਾਏ ਗਏ ਅਤੇ ਸਨਮਾਨ ਵਜੋਂ ਹਾਰ ਪਾ ਕੇ ਯਾਦਗਾਰੀ ਤੋਹਫ਼ੇ ਦਿੱਤੇ ਗਏ। ਇਸ ਰਸਮ ਮੌਕੇ ਦੋਵਾਂ ਪਾਸਿਓਂ ਸਾਕ ਸਬੰਧੀ ਅਤੇ ਪਿੰਡ ਵਾਸੀ ਵੀ ਸ਼ਾਮਲ ਹੋਏ। ਇੱਕ ਵੱਡੇ ਕਾਫ਼ਲੇ ਦੇ ਰੂਪ ’ਚ ਉਸ ਨੂੰ ਘਰ ਤੱਕ ਢੋਲ ਢਮੱਕਿਆਂ ਨਾਲ ਰਵਾਨਾ ਕੀਤਾ ਗਿਆ। ਵਿਦਾਇਗੀ ਸਮੇਂ ਦੋਵਾਂ ਦੀ ਗਲਵੱਕੜੀ ਸਮੇਂ ਨਮ ਹੋਈਆਂ ਅੱਖਾਂ ਸਾਰਿਆਂ ਨੂੰ ਭਾਵੁਕ ਕਰ ਗਈਆਂ।
ਦੱਸਣਯੋਗ ਹੈ ਕਿ ਚਮਨ ਲਾਲ ਨੇ 35 ਸਾਲ 6 ਮਹੀਨੇ ਲਗਾਤਾਰ ਚਰਨਜੀਤ ਸਿੰਘ ਝੱਜ ਨਾਲ ਸਹਾਇਕ ਵਜੋਂ ਖੇਤੀਬਾੜੀ ਦਾ ਕੰਮ ਕੀਤਾ। ਇਹ ਨੌਕਰੀ ਦਾ ਸਿਲਸਿਲਾ ਚੱਲਦਿਆਂ ਦੋਵਾਂ ਵਿੱਚ ਭਰਾਵਾਂ ਵਰਗਾ ਰਿਸ਼ਤਾ ਜੁੜ ਗਿਆ ਅਤੇ ਦੋਵੇਂ ਇੱਕ ਦੂਜੇ ਦੇ ਸਾਂਝੀਦਾਰ ਬਣ ਗਏ। ਚਮਨ ਲਾਲ ਨੇ ਦੱਸਿਆ ਉਸ ਨੂੰ ਕੰਮ ਕਰਦਿਆਂ ਕਦੇ ਕਿਸੇ ਕਿਸਮ ਦਾ ਫ਼ਰਕ ਮਹਿਸੂਸ ਨਹੀਂ ਹੋਇਆ ਸਗੋਂ ਸਦਾ ਆਪਣਿਆਂ ਵਰਗਾ ਹੀ ਪਿਆਰ ਮਿਲਿਆ।
ਇਸ ਮੌਕੇ ਚਰਨਜੀਤ ਸਿੰਘ ਝੱਜ ਦੇ ਪਤਨੀ ਸਾਬਕਾ ਸਰਪੰਚ ਦਵਿੰਦਰ ਕੌਰ ਅਤੇ ਚਮਨ ਲਾਲ ਦੀ ਪਤਨੀ ਕ੍ਰਿਸ਼ਨਾ ਦੇਵੀ ਵੀ ਸ਼ਾਮਲ ਸਨ।