ਕਰਨਲ ਮਨਪ੍ਰੀਤ ਸਿੰਘ ਤੇ ਤਿੰਨ ਹੋਰਾਂ ਨੂੰ ਕੀਰਤੀ ਚੱਕਰ
ਨਵੀਂ ਦਿੱਲੀ:
ਪਿਛਲੇ ਸਾਲ ਸਤੰਬਰ ’ਚ ਜੰਮੂ ਕਸ਼ਮੀਰ ਦੇ ਅਨੰਤਨਾਗ ’ਚ ਅਤਿਵਾਦ ਵਿਰੋਧੀ ਮੁਹਿੰਮ ਦੌਰਾਨ ਮੂਹਰਲੇ ਮੋਰਚੇ ’ਤੇ ਅਗਵਾਈ ਕਰਦਿਆਂ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ ਨੂੰ ਮਰਨ ਉਪਰੰਤ ਸ਼ਾਂਤੀ ਕਾਲ ’ਚ ਦਿੱਤੇ ਜਾਣ ਵਾਲੇ ਦੂਜੇ ਸਭ ਤੋਂ ਵੱਡੇ ਬਹਾਦਰੀ ਪੁਰਸਕਾਰ ‘ਕੀਰਤੀ ਚੱਕਰ’ ਨਾਲ ਸਨਮਾਨਿਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਤਿੰਨ ਹੋਰ ਸੁਰੱਖਿਆ ਮੁਲਾਜ਼ਮਾਂ ਰਾਈਫਲਮੈਨ ਰਵੀ ਕੁਮਾਰ (ਮਰਨ ਉਪਰੰਤ), ਮੇਜਰ ਐੱਮ ਰਾਮਾ ਗੋਪਾਲ ਨਾਇਡੂ ਅਤੇ ਜੰਮੂ ਕਸ਼ਮੀਰ ਪੁਲੀਸ ਦੇ ਡਿਪਟੀ ਸੁਪਰਡੈਂਟ ਹਮਾਯੂੰ ਮੁਜ਼ੱਮਿਲ ਭੱਟ (ਮਰਨ ਉਪਰੰਤ) ਨੂੰ ਵੀ ਕੀਰਤੀ ਚੱਕਰ ਲਈ ਚੁਣਿਆ ਗਿਆ ਹੈ। ਕਰਨਲ ਮਨਪ੍ਰੀਤ ਸਿੰਘ ਇੱਕ ਸੀਨੀਅਰ ਜੰਗਜੂ ਸਨ ਅਤੇ ਉਨ੍ਹਾਂ ਨੂੰ 19 ਰਾਸ਼ਟਰੀ ਰਾਈਫਲਜ਼ ਦੇ ਸੈਕਿੰਡ-ਇਨ-ਕਮਾਂਡ ਦੇ ਕਾਰਜਕਾਲ ਦੌਰਾਨ ਸੈਨਾ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਹਥਿਆਰਬੰਦ ਬਲਾਂ ਤੇ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੇ ਕਰਮੀਆਂ ਲਈ ਕੁੱਲ 103 ਬਹਾਦਰੀ ਪੁਰਸਕਾਰਾਂ ਦਾ ਐਲਾਨ ਕੀਤਾ ਜਿਨ੍ਹਾਂ ਵਿੱਚ ਚਾਰ ਕੀਰਤੀ ਚੱਕਰ ਤੋਂ ਇਲਾਵਾ 18 ਸ਼ੌਰਿਆ ਚੱਕਰ (ਚਾਰ ਮਰਨ ਉਪਰੰਤ), 63 ਸੈਨਾ ਮੈਡਲ, 11 ਜਲ ਸੈਨਾ ਮੈਡਲ ਤੇ ਛੇ ਹਵਾਈ ਸੈਨਾ ਮੈਡਲ ਸ਼ਾਮਲ ਹਨ। -ਪੀਟੀਆਈ