ਮੱਲ੍ਹਮ-ਪੱਟੀ ਦਿਵਸ ਨੂੰ ਸਮਰਪਿਤ ਕੀਰਤਨ ਦਰਬਾਰ
ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 26 ਅਕਤੂਬਰ
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਭਾਈ ਘਨ੍ਹੱਈਆ ਜੀ ਦੇ ਮੱਲ੍ਹਮ-ਪੱਟੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਕੀਰਤਨ ਦਰਬਾਰ ਕਰਵਾਇਆ ਗਿਆ। ਸਵੇਰੇ ਸਹਿਜ ਪਾਠ ਦੇ ਭੋਗ ਉਪਰੰਤ ਸਾਰਾ ਦਿਨ ਧਾਰਮਿਕ ਸਮਾਗਮ ਜਾਰੀ ਰਿਹਾ। ਮੀਰੀ-ਪੀਰੀ ਪੰਥਕ ਕਵੀਸ਼ਰੀ ਜਥੇ ਨੇ ਜੰਗ ਵਿੱਚ ਜ਼ਖ਼ਮੀ ਹੋਏ ਸੈਨਿਕਾਂ ਦੀ ਸੇਵਾ ਲਈ ਮੱਲ੍ਹਮ-ਪੱਟੀ ਦਾ ਪ੍ਰਸੰਗ ਵਾਰਾਂ ਵਿੱਚ ਸੁਣਾਇਆ। ਭਾਈ ਗੁਰਵਿੰਦਰ ਸਿੰਘ ਤੇ ਸਾਥੀਆਂ ਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਭਾਈ ਗੁਰਦੀਪ ਸਿੰਘ ਨਾਨਕਸਰ ਵਾਲਿਆਂ ਨੇ ਮਾਨਵਤਾ ਦੀ ਸੇਵਾ ਲਈ ਸਮਾਜ ਸੇਵੀ ਕੰਮ ਕਰਨ ਲਈ ਪ੍ਰੇਰਿਆ।
ਇਸ ਮੌਕੇ ਭਾਈ ਪ੍ਰਿਤਪਾਲ ਸਿੰਘ, ਸੁਖਮਨੀ ਸੇਵਾ ਸੁਸਾਇਟੀ ਦੀਆਂ ਬੀਬੀਆਂ, ਭਾਈ ਅਮਰਜੀਤ ਸਿੰਘ, ਭਾਈ ਜੋਗਿੰਦਰ ਸਿੰਘ, ਭਾਈ ਹਰਮਨਜੀਤ ਸਿੰਘ, ਬੀਬੀ ਉੱਤਮਜੀਤ ਕੌਰ, ਬਾਲ ਫੁਲਵਾੜੀ ਕੀਰਤਨੀ ਜਥਾ, ਭਾਈ ਗੁਰਜਾਪ ਸਿੰਘ, ਭਾਈ ਜਸਵੰਤ ਸਿੰਘ, ਭਾਈ ਇੰਦਰਜੀਤ ਸਿੰਘ, ਭਾਈ ਗੁਰਮੀਤ ਸਿੰਘ, ਭਾਈ ਹਰਬਖ਼ਸ਼ ਸਿੰਘ ਨੇ ਕਥਾ, ਕੀਰਤਨ, ਕਵੀਸ਼ਰੀ ਅਤੇ ਗੁਰਮਤਿ ਵਿਚਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ।
ਪ੍ਰਬੰਧਕ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ 1 ਨਵੰਬਰ ਨੂੰ ਬੰਦੀ ਛੋੜ ਦਿਵਸ ਸ਼ਰਧਾ ਭਾਵਨਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ।