ਪਿੰਡ ਦਬੜ੍ਹੀਖਾਨਾ ’ਚ ਕਿਰਨਜੀਤ ਕੌਰ ਸ਼ਰਾਂਧਜਲੀ ਸਮਾਗਮ
ਸ਼ਗਨ ਕਟਾਰੀਆ
ਜੈਤੋ, 20 ਅਗਸਤ
‘ਸ਼ਹੀਦ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ’ ਦੇ ਸੱਦੇ ’ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਵੱਲੋਂ ਪਿੰਡ ਦਬੜ੍ਹੀਖਾਨਾ ਵਿੱਚ ਕਿਰਨਜੀਤ ਕੌਰ ਦਾ 23ਵਾਂ ਸ਼ਰਧਾਂਜਲੀ ਸਮਾਗਮ ਕੀਤਾ ਗਿਆ।
ਯੂਨੀਅਨ ਦੇ ਸੂਬਾਈ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਮਪੁਰਾ ਨੇ ਕਿਹਾ ਕਿ ਇਸ ਕਤਲ ਕਾਂਡ ’ਚ ਨਿਆਂਇਕ ਘੋਲ ਲੜਨ ਵਾਲੇ ਜਨਤਕ ਆਗੂਆਂ ਮਨਜੀਤ ਧਨੇਰ, ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ’ਤੇ ਸਮੇਂ ਦੀ ਹਕੂਮਤ ਵੱਲੋਂ ਜ਼ੁਬਾਨਬੰਦੀ ਦੇ ਮਨਸ਼ੇ ਤਹਿਤ ਪਾਇਆ ਗਿਆ ਉਲਟਾ ਕੇਸ ਰੱਦ ਕਰਵਾਉਣ ਲਈ ਲੰਮਾ ਸੰਘਰਸ਼ ਲੜਨਾ ਪਿਆ ਸੀ। ਉਨ੍ਹਾਂ ਕਿਹਾ ਕਿ ਅੱਜ ਵੀ ਔਰਤਾਂ ਨਾਲ ਧੱਕਾ ਅਤੇ ਅਨਿਆਂ ਹੋ ਰਿਹਾ ਹੈ। ਉਨ੍ਹਾਂ ਇਸ ਜਬਰ ਖ਼ਿਲਾਫ਼ ਔਰਤ ਮੁਕਤੀ ਲਈ ਔਰਤਾਂ ਦੇ ਸਹਿਯੋਗ ਨਾਲ ਲੋਕ ਲਹਿਰ ਚਲਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਧਰਮਪਾਲ ਰੋੜੀਕਪੂਰਾ ਅਤੇ ਬਲਾਕ ਬਾਜਾਖਾਨਾ ਦੇ ਪ੍ਰਧਾਨ ਗੁਰਜੀਤ ਨੰਬਰਦਾਰ ਨੇ ਕਰੋਨਾ ਮਹਾਮਾਰੀ ਦੀ ਆੜ ਹੇਠ ਹਕੂਮਤ ਵੱਲੋਂ ਲੋਕ ਸੰਘਰਸ਼ਾਂ ਦਾ ਗਲ਼ਾ ਘੁੱਟਣ ਦੀ ਗੱਲ ਕਹੀ। ਰਾਗੀ ਬੇਅੰਤ ਸਿੰਘ ਸਿੱਧੂ ਤੇ ਜਸਵਿੰਦਰ ਸਿੰਘ ਕੋਠੇ ਬਠਿੰਡਾ ਨੇ ਕੈਪਟਨ ਸਰਕਾਰ ’ਤੇ ਨਸ਼ੇ ਦੇ ਸਮੱਗਲਰਾਂ ਦੀ ਪਿੱਠ ਥਾਪੜਨ ਦੇ ਦੋਸ਼ ਲਾਏ।