ਕਿਰਨ ਜਾਰਜ ਕੋਰੀਆ ਮਾਸਟਰਜ਼ ਦੇ ਦੂਜੇ ਗੇੜ ’ਚ
ਇਸਕਾਨ ਸਿਟੀ (ਕੋਰੀਆ), 6 ਨਵੰਬਰ
ਭਾਰਤ ਦੇ ਕਿਰਨ ਜਾਰਜ ਨੇ ਇੱਥੇ ਸਖ਼ਤ ਮੁਕਾਬਲੇ ਵਿੱਚ ਵੀਅਤਨਾਮ ਦੇ ਕੁਆਨ ਲਿਨ ਕੁਓ ਨੂੰ ਤਿੰਨ ਗੇਮ ਵਿੱਚ ਹਰਾ ਕੇ ਕੋਰੀਆ ਮਾਸਟਰਜ਼ ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਗੇੜ ਵਿੱਚ ਜਗ੍ਹਾ ਬਣਾਈ। ਭਾਰਤ ਦੇ 24 ਸਾਲਾ ਕਿਰਨ ਨੇ ਇਸ ਬੀਡਬਲਿਊੁਐੱਫ ਸੁਪਰ 300 ਟੂਰਨਾਮੈਂਟ ਦੇ ਪਹਿਲੇ ਗੇੜ ਵਿੱਚ ਵੀਅਤਨਾਮ ਦੇ ਖਿਡਾਰੀ ਖ਼ਿਲਾਫ਼ 57 ਮਿੰਟ ਵਿੱਚ 15-21, 21-12, 21-15 ਨਾਲ ਜਿੱਤ ਦਰਜ ਕੀਤੀ। ਟੂਰਨਾਮੈਂਟ ਵਿੱਚ ਹਿੱਸਾ ਲੈ ਰਿਹਾ ਇਕਲੌਤਾ ਭਾਰਤੀ ਅਤੇ ਦੁਨੀਆ ਦਾ 44ਵੇਂ ਨੰਬਰ ਦਾ ਖਿਡਾਰੀ ਕਿਰਨ ਦੂਜੇ ਗੇੜ ਵਿੱਚ ਚੀਨੀ ਤਾਇਪੇ ਦੇ ਤੀਜਾ ਦਰਜਾ ਪ੍ਰਾਪਤ ਚੀ ਯੂ ਜੇਨ ਦਾ ਸਾਹਮਣਾ ਕਰੇਗਾ। ਕਿਰਨ ਨੇ ਮੁਕਾਬਲੇ ਦੀ ਮੱਠੀ ਸ਼ੁਰੂਆਤ ਕੀਤੀ, ਜਿਸ ਦਾ ਫਾਇਦਾ ਚੁੱਕ ਕੇ ਕਿਨ ਕੁਓ ਨੇ 11-4 ਦੀ ਲੀਡ ਬਣਾਈ ਅਤੇ ਫਿਰ ਆਸਾਨੀ ਨਾਲ ਪਹਿਲੀ ਗੇਮ ਜਿੱਤ ਲਈ। ਕਿਰਨ ਨੇ 0-1 ਨਾਲ ਪਛੜਨ ਮਗਰੋਂ ਦੂਜੀ ਗੇਮ ਦੀ ਸ਼ੁਰੂਆਤ ਲਗਾਤਾਰ ਛੇ ਅੰਕ ਨਾਲ ਅਤੇ ਫਿਰ ਦੂਜੀ ਗੇਮ ਜਿੱਤ ਕੇ ਮੁਕਾਬਲਾ 1-1 ਨਾਲ ਬਰਾਬਰ ਕਰ ਦਿੱਤਾ। ਭਾਰਤੀ ਖਿਡਾਰੀ ਨੇ ਤੀਜੀ ਅਤੇ ਫ਼ੈਸਲਾਕੁੰਨ ਗੇਮ ਵਿੱਚ ਵੀ ਇੱਕ ਘੰਟੇ ਤੋਂ ਘੱਟ ਸਮੇਂ ’ਚ ਮੁਕਾਬਲਾ ਆਪਣੇ ਨਾਮ ਕੀਤਾ। -ਪੀਟੀਆਈ