For the best experience, open
https://m.punjabitribuneonline.com
on your mobile browser.
Advertisement

ਢਿੱਗਾਂ ਡਿੱਗਣ ਕਾਰਨ ਕਿੰਨੌਰ ਤੇ ਸਪਿਤੀ ਦਾ ਸ਼ਿਮਲਾ ਨਾਲੋਂ ਸੰਪਰਕ ਟੁੱਟਿਆ

07:39 AM Jul 28, 2023 IST
ਢਿੱਗਾਂ ਡਿੱਗਣ ਕਾਰਨ ਕਿੰਨੌਰ ਤੇ ਸਪਿਤੀ ਦਾ ਸ਼ਿਮਲਾ ਨਾਲੋਂ ਸੰਪਰਕ ਟੁੱਟਿਆ
ਕੁੱਲੂ ਵਿੱਚ ਹੜ੍ਹ ਕਾਰਨ ਬਿਆਸ ਦਰਿਆ ’ਤੇ ਨੁਕਸਾਨਿਆ ਹੋਇਆ ਪੁਲ। -ਫੋਟੋ: ਪੀਟੀਆਈ
Advertisement

ਸ਼ਿਮਲਾ/ਰਾਮਪੁਰ, 27 ਜੁਲਾਈ
ਢਿੱਗਾਂ ਡਿੱਗਣ ਅਤੇ ਜ਼ਮੀਨ ਖਿਸਕਣ ਮਗਰੋਂ ਨੈਸ਼ਨਲ ਹਾਈਵੇਅ-5 (ਹਿੰਦੁਸਤਾਨ-ਤਿੱਬਤ) ਬੰਦ ਹੋਣ ਕਾਰਨ ਆਦਿਵਾਸੀ ਜ਼ਿਲ੍ਹਿਆਂ ਕਿੰਨੌਰ ਅਤੇ ਸਪਿਤੀ ਘਾਟੀ ਦਾ ਸੂਬੇ ਦੀ ਰਾਜਧਾਨੀ ਸ਼ਿਮਲਾ ਨਾਲੋਂ ਸੰਪਰਕ ਟੁੱਟ ਗਿਆ ਹੈ। ਸ਼ਿਮਲਾ ਦੇ ਰਾਮਪੁਰ ਸਬ-ਡਿਵੀਜ਼ਨ ਵਿੱਚ ਝਾਕੜੀ ਦੇ ਨੇੜੇ ਬਰੋਨੀ, ਮੰਗਲਾਡ ਅਤੇ ਪਸ਼ਾਦਾ ਵਿੱਚ ਢਿੱਗਾਂ ਡਿੱਗਣ ਕਾਰਨ ਨੈਸ਼ਨਲ ਹਾਈਵੇਅ ਬੰਦ ਹੋ ਗਿਆ ਹੈ। ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਬਦਲਵੇਂ ਰੂਟ ਵੀ ਬੰਦ ਹਨ। ਇਸੇ ਤਰ੍ਹਾਂ ਲੁਹਰੀ-ਔਟ ਨੈਸ਼ਨਲ ਹਾਈਵੇਅ (305) ਵੀ ਤਿੰਨ ਥਾਵਾਂ ਤੋਂ ਬੰਦ ਹੈ ਅਤੇ ਕਈ ਘਰਾਂ ਵਿੱਚ ਵੀ ਪਾਣੀ ਭਰ ਗਿਆ ਹੈ। ਸਟੇਟ ਐਮਰਜੈਂਸੀ ਰਿਸਪਾਂਸ ਸੈਂਟਰ ਨੂੰ ਭਾਰੀ ਮੀਂਹ ਕਾਰਨ ਬੁੱਧਵਾਰ ਸ਼ਾਮ ਤੱਕ ਸੂਬੇ ਵਿੱਚ 566 ਸੜਕਾਂ ਬੰਦ ਹੋਣ ਦੀ ਸੂਚਨਾ ਮਿਲੀ ਹੈ।
ਸੜਕਾਂ ਬੰਦ ਹੋਣ ਕਾਰਨ ਫਸੇ ਸਰਕਾਰੀ ਬੱਸਾਂ ਦੇ ਚਾਲਕਾਂ ਕੋਲ ਖਾਣਾ ਮੁੱਕ ਰਿਹਾ ਹੈ ਅਤੇ ਉਹ ਪੈਦਲ ਹੀ ਬੰਦ ਹੋਏ ਰਾਹਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਢਿੱਗਾਂ ਡਿੱਗਣ ਅਤੇ ਜ਼ਮੀਨ ਖਿਸਕਣ ਦੇ ਖਤਰੇ ਦੌਰਾਨ ਪੈਦਲ ਜਾ ਰਹੇ ਲੋਕਾਂ ਦੀਆਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਐੱਲਪੀਜੀ ਸਿਲੰਡਰ ਲੈ ਕੇ ਬੱਦੀ ਤੋਂ ਭਾਵਾਨਗਰ ਜਾਣ ਵਾਲੇ ਰਣਜੀਤ ਨੇ ਦੱਸਿਆ ਕਿ ਉਹ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ ਪਿਛਲੇ ਚਾਰ ਦਿਨ ਤੋਂ ਫਸਿਆ ਹੋਇਆ ਸੀ ਅਤੇ ਬੁੱਧਵਾਰ ਨੂੰ ਪਸ਼ਾਦਾ ਵਿੱਚ ਤਾਜ਼ਾ ਜ਼ਮੀਨ ਖਿਸਕਣ ਕਾਰਨ ਸਥਿਤੀ ਹੋਰ ਵਿਗੜ ਗਈ ਹੈ। ਸਰਾਹਨ ਤੋਂ ਐੱਲਪੀਜੀ ਸਿਲੰਡਰ ਲਿਜਾ ਰਹੇ ਇੱਕ ਹੋਰ ਡਰਾਈਵਰ ਸੋਨੂ ਨੇ ਵੀ ਅਜਿਹੀ ਹੀ ਕਹਾਣੀ ਬਿਆਨੀ। ਸਮਾਜ ਸੇਵੀ ਪਵਨ ਨੇਗੀ ਨੇ ਕਿਹਾ ਕਿ ਝਾਕੜੀ ਨੇੜੇ ਨੈਸ਼ਨਲ ਹਾਈਵੇਅ ’ਤੇ ਜ਼ਮੀਨ ਖਿਸਕਣ ਅਤੇ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਵਧੇਰੇ ਵਾਪਰਦੀਆਂ ਹਨ, ਜਿੱਥੇ ਸਟੋਨ ਕਰੱਸ਼ਰ ਸਥਾਪਤ ਕੀਤੇ ਗਏ ਹਨ। ਉਨ੍ਹਾਂ ਪਹਾੜਾਂ ਨੂੰ ਤਰੇੜਾਂ ਤੋਂ ਬਚਾਉਣ ਲਈ ਕਰੱਸ਼ਰ ਨੈਸ਼ਨਲ ਹਾਈਵੇਅ ਤੋਂ ਦੂਰ ਤਬਦੀਲ ਕਰਨ ਦੀ ਮੰਗ ਕੀਤੀ। -ਪੀਟੀਆਈ

Advertisement

ਮੁੰਬਈ: ਮੀਂਹ ਕਾਰਨ ਨੀਵੇਂ ਇਲਾਕਿਆਂ ’ਚ ਪਾਣੀ ਭਰਿਆ

Advertisement

ਮੁੰਬਈ/ਪੁਣੇ: ਮੁੰਬਈ ਵਿੱਚ ਅੱਜ ਲਗਾਤਾਰ ਮੀਂਹ ਕਾਰਨ ਕੁਝ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਕਰਕੇ ਬਹੁਤੀਆਂ ਸੜਕਾਂ ’ਤੇ ਜਾਮ ਲੱਗ ਗਿਆ ਅਤੇ ਪੱਟੜੀਆਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਪੱਛਮੀ ਤੇ ਕੇਂਦਰੀ ਮੁੰਬਈ ਵਿੱਚ ਰੇਲ ਸੇਵਾਵਾਂ ’ਚ ਦੇਰੀ ਹੋਈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਸੇ ਦੌਰਾਨ ਕੋਹਲਾਪੁਰ ਜ਼ਿਲ੍ਹੇ ’ਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਅੱਜ ਪੰਚਗੰਗਾ ਨਦੀ ’ਚ ਪਾਣੀ ਦਾ ਪੱਧਰ ਚਿਤਾਵਨੀ ਦੇ ਨਿਸ਼ਾਨ ਤੋਂ ਉਪਰ ਚਲਾ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ ਮੁੰਬਈ ਅਤੇ ਗੁਆਂਢੀ ਰਾਏਗੜ੍ਹ ਜ਼ਿਲ੍ਹੇ ’ਚ ਅੱਜ ਮੀਂਹ ਦਾ ‘ਰੈੱਡ ਅਲਰਟ’ ਜਾਰੀ ਕੀਤਾ ਸੀ ਅਤੇ ਸ਼ੁੱਕਰਵਾਰ ਲਈ ‘ਪੀਲੀ ਚਿਤਾਵਨੀ’ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਨੇ ਠਾਣੇ ਅਤੇ ਪਾਲਘਰ ਜ਼ਿਲ੍ਹਿਆਂ ਲਈ ‘ਸੰਤਰੀ ਚਿਤਾਵਨੀ ਜਾਰੀ ਕੀਤੀ ਹੈ। ਬ੍ਰਿਹਨਮੁੰਬਈ ਮਿਉਂਸਿਪਲ ਕਾਰਪੋਰੇਸ਼ਨ (ਬੀਐੱਮਸੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਟੁੰਗਾ, ਡੀਐੱਨ ਨਗਰ, ਆਜ਼ਾਦ ਮੈਦਾਨ, ਓਸ਼ੀਵਾੜਾ ਆਦਿ ਇਲਾਕਿਆਂ ’ਚ ਲਗਪਗ ਅੱਧਾ ਫੁੱਟ ਪਾਣੀ ਭਰ ਗਿਆ। ਮੀਂਹ ਕਾਰਨ ਪੱਛਮੀ ਰੇਲਵੇ ਮਹਾਨਗਰ ਰੇਲ ਸੇਵਾਵਾਂ ਪੂਰਾ ਦਿਨ 10 ਤੋਂ 15 ਮਿੰਟ ਦੀ ਦੇਰੀ ਨਾਲ ਚੱਲੀਆਂ। ਕਈ ਇਲਾਕਿਆਂ ਵਿੱਚ ਸੜਕਾਂ ’ਤੇ ਪਾਣੀ ਜਮ੍ਹਾਂ ਹੋਣ ਕਾਰਨ ਆਵਾਜਾਈ ਸੁਸਤ ਹੋ ਗਈ ਅਤੇ ਜਾਮ ਲੱਗਿਆ ਰਿਹਾ। ਬਾਂਦਰਾ ਵਿੱਚ ਲੋਕਾਂ ਨੂੰ ਦਫ਼ਤਰ ਜਾਣ ਅਤੇ ਘਰ ਮੁੜਨ ’ਚ ਕਈ ਔਕੜਾਂ ਦਾ ਸਾਹਮਣਾ ਕਰਨਾ ਪਿਆ। ਦੂੁਜੇ ਪਾਸੇ ਕੋਹਲਾਪੁਰ ਜ਼ਿਲ੍ਹੇ ’ਚ ਕੁਝ ਦਿਨਾਂ ਤੋਂ ਭਾਰੀ ਬਰਸਾਤ ਕਾਰਨ ਪੰਚਗੰਗਾ ਨਦੀ ’ਚ ਪਾਣੀ ਦਾ ਪੱਧਰ ਚਿਤਾਵਨੀ ਦੇ ਨਿਸ਼ਾਨ ਤੋਂ ਉਪਰ ਚਲਾ ਗਿਆ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹਤਿਆਤ ਵਜੋਂ ਨਦੀ ਦੇ ਕੰਢਿਆਂ ਨਾਲ ਵੱਸੇ ਛੇ ਪਿੰਡਾਂ ਫੇਜੀਵਾੜੇ, ਲੋਂਧੇਵਾੜੀ, ਘੋਟਵਾੜੇ, ਗੁਡਾਲ, ਪਿਰਲ ਅਤੇ ਪਾਡਲੀ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਆਖਿਆ ਗਿਆ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਸੈੱਲ ਮੁਤਾਬਕ ਸਵੇਰੇ ਪੰੰਚਗੰਗਾ ਨਦੀ ’ਚ ਪਾਣੀ ਦਾ ਪੱਧਰ 40.6 ਫੁੱਟ ਸੀ। ਨਦੀ ਦਾ ਚਿਤਾਵਨੀ ਦਾ ਨਿਸ਼ਾਨ 39 ਫੁੱਟ ਅਤੇ ਖ਼ਤਰੇ ਦਾ ਨਿਸ਼ਾਨ 43 ਫੁੱਟ ’ਤੇ ਹੈ। -ਪੀਟੀਆਈ

Advertisement
Author Image

sukhwinder singh

View all posts

Advertisement