ਲੁੱਟਾਂ-ਖੋਹਾਂ ਕਰਨ ਵਾਲਾ ਕਿੰਨਰ ਸਾਥੀਆਂ ਸਣੇ ਕਾਬੂ
ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 11 ਨਵੰਬਰ
ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਹੈ, ਜਿਸ ਵਿੱਚ ਸਰਗਣਾ ਰੇਨੂੰ ਮਹੰਤ ਵਾਸੀ ਬਹਿਲੋਲਪੁਰ, ਨਿਰਮਲ ਸਿੰਘ ਗੋਪੀ ਅਤੇ ਜਗਦੀਪ ਸਿੰਘ ਵਾਸੀ ਇੰਦਰਾ ਕਾਲੋਨੀ ਸ਼ਾਮਲ ਹਨ। ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਇਸ ਸਾਲ 21 ਅਗਸਤ ਨੂੰ ਸਥਾਨਕ ਗੁਰੂ ਨਾਨਕ ਮੁਹੱਲਾ ਵਿੱਚ ਮਨਮੋਹਨ ਸ਼ਰਮਾ ਦੇ ਘਰ ’ਚੋਂ ਰਿਵਾਲਵਰ, 5 ਰੌਂਦ ਤੇ ਗਹਿਣੇ ਚੋਰੀ ਹੋਏ ਸਨ। ਦੋ ਦਿਨ ਪਹਿਲਾਂ ਪਿੰਡ ਬਹਿਰਾਮਪੁਰ ਬੇਟ ਵਿੱਚ ਘਰ ਵਿੱਚ ਦਾਖਲ ਹੋ ਕੇ ਔਰਤ ਤੋਂ ਵਾਲੀਆਂ ਖੋਹੀਆਂ ਗਈਆਂ। ਮਾਛੀਵਾੜਾ ਪੁਲੀਸ ਨੇ ਨਾਕਾਬੰਦੀ ਕਰ ਕੇ ਰੇਨੂੰ ਮਹੰਤ, ਨਿਰਮਲ ਸਿੰਘ ਤੇ ਜਗਦੀਪ ਸਿੰਘ ਨੂੰ ਕਾਬੂ ਕਰ ਲਿਆ ਜਿਨ੍ਹਾਂ ਕੋਲੋਂ ਚੋਰੀ ਹੋਇਆ ਰਿਵਾਲਵਰ, ਰੌਂਦ ਤੇ ਗਹਿਣੇ ਵੀ ਬਰਾਮਦ ਕਰ ਲਏ।
ਡੀਐੱਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਰੇਨੂੰ ਮਹੰਤ ਨੇ ਕੁਝ ਦਿਨ ਪਹਿਲਾਂ ਹੀ ਬਹਿਰਾਮਪੁਰ ਬੇਟ ਦੇ ਜਿਸ ਘਰ ’ਚ ਲੁੱਟ ਕੀਤੀ, ਉਸ ਘਰ ਵਿੱਚ ਲੜਕਾ ਹੋਇਆ ਸੀ, ਜਿੱਥੋਂ ਉਹ ਵਧਾਈ ਲੈ ਕੇ ਆਇਆ ਸੀ। ਇਹ ਕਿੰਨਰ ਜਿਸ ਘਰ ਵਧਾਈ ਦੇਣ ਜਾਂਦਾ ਸੀ, ਉੱਥੇ ਸਾਰਾ ਮੁਆਇਨਾ ਕਰਨ ਤੋਂ ਬਾਅਦ ਆਪਣੇ ਸਾਥੀਆਂ ਸਮੇਤ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇ ਦਿੰਦਾ ਸੀ।
ਡੀਐੱਸਪੀ ਨੇ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਰਿਮਾਂਡ ’ਤੇ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਖਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ।