ਰੰਜਿਸ਼ ਕਾਰਨ ਕਿੰਨਰ ਦੀ ਗੋਲੀ ਮਾਰ ਕੇ ਹੱਤਿਆ
ਹਤਿੰਦਰ ਮਹਿਤਾ
ਜਲੰਧਰ, 14 ਨਵੰਬਰ
ਇੱਥੇ ਰਾਮਾਮੰਡੀ ਦੇ ਏਕਤਾ ਨਗਰ ਨੇੜੇ ਰੰਜਿਸ਼ ਕਾਰਨ ਮਹੰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਅਲੀਸ਼ਾ ਮਹੰਤ ਉਰਫ ਆਲੂ ਉਰਫ ਰੋਹਿਤ ਵਜੋਂ ਹੋਈ ਹੈ। ਕੱਲ੍ਹ ਦੇਰ ਰਾਤ ਵਾਪਰੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਸੈਂਟਰਲ ਨਿਰਮਲ ਸਿੰਘ, ਰਾਮਾਮੰਡੀ ਥਾਣੇ ਦੇ ਐੱਸਐੱਚਓ ਰਾਜੇਸ਼ ਠਾਕੁਰ, ਸਿਟੀ ਸੀਆਈਏ ਸਟਾਫ਼ ਇੰਚਾਰਜ ਅਸ਼ੋਕ ਕੁਮਾਰ, ਚੌਕੀ ਨੰਗਲਸ਼ਾਮਾ ਦੇ ਇੰਚਾਰਜ ਮਦਨ ਸਿੰਘ ਅਤੇ ਹੋਰ ਪੁਲੀਸ ਟੀਮਾਂ ਵੱਲੋਂ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ। ਪੁਲੀਸ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਸ ਸਬੰਧੀ ਸਾਥੀ ਮਹੰਤਾਂ ਨੇ ਦੱਸਿਆ ਕਿ ਭਗਵਾਨ ਵਿਸ਼ਵਕਰਮਾ ਦੀ ਪੂਜਾ ਤੋਂ ਬਾਅਦ ਅਲੀਸ਼ਾ ਬਹੁਤ ਥੱਕ ਗਈ ਸੀ ਤੇ ਉਹ ਰਾਤ ਨੂੰ ਘਰ ਆ ਗਈ। ਇਸ ਦੌਰਾਨ ਬਿੱਲਾ ਨਾਂ ਦਾ ਨੌਜਵਾਨ ਆਪਣੇ ਸਾਥੀਆਂ ਸਮੇਤ ਆ ਗਿਆ। ਉਸ ਨੂੰ ਧਮਕੀਆਂ ਦੇਣ ਲੱਗਾ ਤਾਂ ਮੁਲਜ਼ਮਾਂ ਨੇ ਅਲੀਸ਼ਾ ਦੀ ਪਿੱਠ ’ਤੇ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ। ਪੁਲੀਸ ਨੂੰ ਵਾਰਦਾਤ ਵਾਲੀ ਥਾਂ ਤੋਂ ਗੋਲੀਆਂ ਦੇ ਦੋ ਖੋਲ ਮਿਲੇ ਹਨ।
ਦੂਜੇ ਪਾਸੇ ਅਲੀਸ਼ਾ ਮਹੰਤ ਉਰਫ਼ ਆਲੂ ਦੀ ਮੌਤ ਤੋਂ ਬਾਅਦ ਸ਼ਹਿਰ ਦੇ ਸਮੂਹ ਕਿੰਨਰਾਂ ਨੇ ਜਲੰਧਰ-ਹੁਸ਼ਿਆਰਪੁਰ ਹਾਈਵੇ ’ਤੇ ਸਥਿਤ ਜੌਹਲ ਹਸਪਤਾਲ ਦੇ ਬਾਹਰ ਹੰਗਾਮਾ ਸ਼ੁਰੂ ਕਰ ਦਿੱਤਾ ਤੇ ਜਾਮ ਲਗਾ ਦਿੱਤਾ। ਜਿੱਥੇ ਜਲੰਧਰ ਕਮਿਸ਼ਨਰੇਟ ਪੁਲੀਸ ਵੱਲੋਂ ਦੇਰ ਰਾਤ ਤੱਕ ਭਾਰੀ ਫੋਰਸ ਤਾਇਨਾਤ ਕੀਤੀ ਗਈ ਸੀ। ਇਹ ਹੰਗਾਮਾ ਦੇਰ ਰਾਤ ਤੱਕ ਜਾਰੀ ਰਿਹਾ। ਇਸ ਮਗਰੋਂ ਪੁਲੀਸ ਨੇ ਕਿੰਨਰਾਂ ਸਮਝਾ ਕੇ ਮਾਮਲਾ ਸ਼ਾਂਤ ਕੀਤਾ। ਏਸੀਪੀ ਨਿਰਮਲ ਸਿੰਘ ਨੇ ਕਿਹਾ ਕਿ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਿੱਲਾ ਦੇ ਭਰਾ ਨੇ ਆਪਣੇ ਸਾਥੀਆਂ ਲਖਨ, ਗੱਟੂ, ਰਿੱਕੀ, ਸ਼ਿਵਮ, ਵਿਪਨ, ਕਾਲੂ ਭਈਆ ਨਾਲ ਮਿਲ ਕੇ 28 ਅਕਤੂਬਰ ਨੂੰ ਅਲੀਸ਼ਾ ਉਰਫ਼ ਆਲੂ ਦੇ ਘਰ ’ਤੇ ਹਮਲਾ ਕੀਤਾ ਸੀ। ਜੌਹਲ ਹਸਪਤਾਲ ਦੇ ਬਾਹਰ ਹੰਗਾਮਾ ਕਰ ਰਹੇ ਮਹੰਤਾਂ ਨੇ ਦੱਸਿਆ ਕਿ ਘਰ ’ਤੇ ਹਮਲੇ ਤੋਂ ਬਾਅਦ ਪੁਲੀਸ ਨੂੰ ਆਲੂ ਦੀ ਜਾਨ ਨੂੰ ਖਤਰੇ ਬਾਰੇ ਚਿਤਾਵਨੀ ਦਿੱਤੀ ਗਈ ਸੀ, ਪਰ ਪੁਲੀਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਸੋਮਵਾਰ ਰਾਤ ਨੂੰ ਉਕਤ ਹਮਲਾਵਰਾਂ ਨੇ ਘਰ ’ਚ ਦਾਖਲ ਹੋ ਕੇ ਉਸ ਦਾ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਇਸ ਮਾਮਲੇ ’ਚ ਏ.ਸੀ.ਪੀ ਨਿਰਮਲ ਸਿੰਘ ਨੇ ਕਿਹਾ ਕਿ ਪੁਰਾਣੇ ਮਾਮਲੇ ’ਚ ਉਨ੍ਹਾਂ ਨੂੰ ਮਹੰਤਾਂ ਵਲੋਂ ਸਮਝੌਤਾ ਕਰਨ ਬਾਰੇ ਪੁੱਛਿਆ ਗਿਆ ਸੀ। ਪਰ ਪੁਲੀਸ ਨੇ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ।
ਫਤਿਹਗੜ੍ਹ ਚੂੜੀਆਂ ਵਿੱਚ ਨੌਜਵਾਨ ’ਤੇ ਗੋਲੀਆਂ ਚਲਾਈਆਂ, ਜ਼ਖ਼ਮੀ
ਫਤਿਹਗੜ੍ਹ ਚੂੜੀਆਂ (ਹਰਪਾਲ ਸਿੰਘ ਨਾਗਰਾ): ਫਤਿਹਗੜ੍ਹ ਚੂੜੀਆਂ ਬੱਸ ਅੱਡੇ ਦੇ ਸਾਹਮਣੇ ਕੁਝ ਵਿਅਕਤੀਆਂ ਨੇ 21 ਸਾਲਾਂ ਨੌਜਵਾਨ ਨੂੰ ਗੋਲੀਆਂ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਹੈ। ਇਸ ਸਬੰਧੀ ਜ਼ਖਮੀ ਨੌਜਵਾਨ ਦੇ ਰਿਸ਼ਤੇਦਾਰ ਬਲਵੰਤ ਸਿੰਘ ਨੇ ਦੱਸਿਆ ਕਿ ਗੁਰਬੀਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਪਿੰਡੀ ਫਤਿਹਗੜ ਚੂੜੀਆਂ ਵਿਖੇ ਬੱਸ ਅੱਡੇ ਸਾਹਮਣੇ ਸਲੂਨ ’ਤੇ ਕੰਮ ਕਰ ਰਿਹਾ ਸੀ ਕਿ ਅਚਾਨਕ ਕੁਝ ਨੌਜਵਾਨ ਆਏ ਅਤੇ ਗੁਰਬੀਰ ਸਿੰਘ ਨੂੰ ਬਾਹਰ ਬੁਲਾ ਕੇ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਹਮਲਾਵਰਾਂ ਨੇ ਗੁਰਬੀਰ ਸਿੰਘ ਨੂੰ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਪੀੜਤ ਨੂੰ ਸਰਕਾਰੀ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਬਟਾਲਾ ਦੀ ਐੱਸਐੱਸਪੀ ਅਸ਼ਵਨੀ ਗੋਟਿਆਲ, ਐਸਪੀ (ਡੀ) ਗੁਰਪ੍ਰੀਤ ਸਿੰਘ ਗਿੱਲ ਤੇ ਡੀਐਸਪੀ ਸਰਵਨਜੀਤ ਸਿੰਘ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਰ ’ਤੇ ਗੋਲੀਆਂ ਚਲਾਈਆਂ
ਜਲੰਧਰ (ਪੱਤਰ ਪ੍ਰੇਰਕ): ਰਾਮਾਮੰਡੀ ਦੇ ਨਾਲ ਲੱਗਦੇ ਦਕੋਹਾ ਮੰਦਰ ਦੀ ਗਲੀ ’ਚ ਕੱਲ੍ਹ ਦੇਰ ਰਾਤ ਕੁਝ ਸ਼ਰਾਰਤੀ ਅਨਸਰਾਂ ਨੇ ਇਕ ਘਰ ’ਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਸਮੇਂ ਪੂਰਾ ਪਰਿਵਾਰ ਘਰ ਦੇ ਅੰਦਰ ਹੀ ਸੀ। ਪੀੜਤ ਪਰਿਵਾਰ ਨੇ ਕਿਸੇ ਤਰ੍ਹਾਂ ਘਰ ਦੇ ਦਰਵਾਜ਼ੇ ਬੰਦ ਕਰਕੇ ਆਪਣੀ ਜਾਨ ਬਚਾਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਰਾਮਾਮੰਡੀ ਅਤੇ ਨੰਗਲਸ਼ਾਮਾ ਥਾਣੇ ਦੀ ਪੁਲੀਸ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।