ਰਾਜਾ ਵੜਿੰਗ ਨੇ ਸਾਈਕਲ ਚਲਾਈ, ਬਿੱਟੂ ਪੁੱਜੇ ਭਗਵਾਨ ਭੋਲੇਨਾਥ ਦੇ ਦਰਬਾਰ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 31 ਮਈ
ਲੋਕ ਸਭਾ ਚੋਣਾਂ ਦੇ ਆਖਰੀ ਪੜਾਅ ਲਈ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਚੋਣ ਪ੍ਰਚਾਰ ਭਾਵੇਂ ਬੰਦ ਹੋ ਗਿਆ ਪਰ ਅੱਜ ਸਵੇਰੇ ਉਮੀਦਵਾਰਾਂ ਨੇ ਆਪਣੀ ਉਹੀ ਰੂਟੀਨ ਜਾਰੀ ਰੱਖੀ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਵੇਰੇ ਸਾਈਕਲ ਚਲਾ ਕੇ ਸ਼ਹਿਰ ਦੀਆਂ ਸੜਕਾਂ ’ਤੇ ਘੁੰਮਦੇ ਨਜ਼ਰ ਆਏ। ਇਸ ਦੌਰਾਨ ਉਨ੍ਹਾਂ ਨਾਲ ਸਾਈਕਲ ਚਲਾਉਣ ਵਾਲਾ ਗਰੁੱਪ ਵੀ ਸੀ। ਰਾਜਾ ਵੜਿੰਗ ਨੇ ਕਈ ਕਿਲੋਮੀਟਰ ਸਾਈਕਲ ਚਲਾਈ। ਉਧਰ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਆਪਣੇ ਸਾਥੀਆਂ ਨਾਲ ਭਗਵਾਨ ਭੋਲੇਨਾਥ ਦੇ ਦੁਆਰ ਪੁੱਜੇ।
‘ਆਪ’ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਵੀ ਆਪਣੀ ਰੂਟੀਨ ਰੋਜ਼ਾਨਾ ਵਾਂਗ ਹੀ ਜਾਰੀ ਰੱਖੀ। ਉਹ ਸਵੇਰੇ ਵੇਲੇ ਪਰਿਵਾਰ ਨਾਲ ਸਿੱਧਾ ਰਾਮ ਸ਼ਰਨਮ ਆਸ਼ਰਮ ਸਤਿਸੰਗ ਪੁੱਜੇ। ਉਧਰ, ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਢਿੱਲੋਂ ਵੀ ਸਾਥੀਆਂ ਨਾਲ ਗੁਰੂ ਘਰ ਨਤਮਸਤਕ ਹੋਏ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸਵੇਰ ਸਾਊਥ ਸਿਟੀ ਇਲਾਕੇ ’ਚ ਪੁੱਜੇ ਤੇ ਕਈ ਕਿਲੋਮੀਟਰ ਤੱਕ ਸਾਈਕਲ ਚਲਾਉਣ ਤੋਂ ਬਾਅਦ ਸਾਈਕਲਿੰਗ ਗਰੁੱਪ ਨਾਲ ਚਾਹ ਦਾ ਆਨੰਦ ਲਿਆ ਤੇ ਚੋਣ ਚਰਚਾ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਇੱਕ ਸੁਨੇਹਾ ਵੀ ਦਿੱਤਾ ਕਿ ਹਰ ਕਿਸੇ ਨੂੰ ਆਪਣੀ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ। ਰਵਨੀਤ ਸਿੰਘ ਬਿੱਟੂ ਪਹਿਲਾਂ ਕਮਲਜੀਤ ਸਿੰਘ ਕੜਵਲ ਦੇ ਨਾਲ ਭਗਵਾਨ ਭੋਲੇਨਾਥ ਦੇ ਮੰਦਰ ਪੁੱਜੇ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਵੱਖ-ਵੱਖ ਇਲਾਕਿਆਂ ਦੇ ਧਾਰਮਿਕ ਸਥਾਨਾਂ ’ਤੇ ਮੱਥਾ ਟੇਕਿਆ ਤੇ ਉਥੇ ਆਪਣੇ ਸਮਰਥਕਾਂ ਨਾਲ ਚੋਣਾਂ ਸਬੰਧੀ ਚਰਚਾ ਕੀਤੀ।
ਪੱਪੀ ਪਰਾਸ਼ਰ ਨੇ ਵਰਕਰਾਂ ਨਾਲ ਮੀਟਿੰਗ ਕਰ ਕੇ ਵੋਟਾਂ ਪਵਾਉਣ ਲਈ ਰਣਨੀਤੀ ਘੜੀ
ਪੱਪੀ ਪਰਾਸ਼ਰ ਵੀ ਸਵੇਰੇ ਹੀ ਸਾਥੀਆਂ ਨੂੰ ਮਿਲਣ ਲਈ ਨਿਕਲ ਪਏ ਅਤੇ ਪੂਰੀ ਰਣਨੀਤੀ ਤਿਆਰ ਕੀਤੀ ਕਿ ਚੋਣਾਂ ਵਾਲੇ ਦਿਨ ਕਿਵੇਂ ਤੇ ਕਿਸ ਤਰ੍ਹਾਂ ਕੰਮ ਕਰਨਾ ਹੈ। ਉਧਰ, ਰਣਜੀਤ ਸਿੰਘ ਢਿੱਲੋਂ ਨੇ ਆਪਣੇ ਸਾਥੀਆਂ ਦੇ ਨਾਲ ਦਫ਼ਤਰ ’ਚ ਬੈਠ ਕੇ ਪੂਰੀ ਚਰਚਾ ਕੀਤੀ ਕਿ ਆਖਰ ਕਿਵੇਂ ਜ਼ਿਆਦਾ ਤੋਂ ਜ਼ਿਆਦਾ ਵੋਟਾਂ ਹਾਸਲ ਕਰਨੀਆਂ ਹਨ। ਸਾਰੇ ਉਮੀਦਵਾਰਾਂ ਦੇ ਸਮਰਥੱਕ ਵੀ ਆਪਣੇ ਤੌਰ ’ਤੇ ਯੋਜਨਾ ਬਣਾ ਰਹੇ ਸਨ ਕਿ ਕਿਵੇਂ ਤੇ ਕਿੱਥੇ ਬੂਥ ਲਾਉਣਾ ਹੈ ਤੇ ਬਜ਼ੁਰਗਾਂ ਦੇ ਨਾਲ ਨਾਲ ਆਪਣੇ ਵੋਟਰਾਂ ਨੂੰ ਕਿਵੇਂ ਘਰਾਂ ’ਚੋਂ ਕੱਢ ਕੇ ਲਿਆਉਣਾ ਹੈ ਤਾਂ ਕਿ ਉਨ੍ਹਾਂ ਦੀ ਵੋਟ ਪਵਾਈ ਜਾ ਸਕੇ।