ਬੌਲੀਵੁੱਡ ਦਾ ਬਾਦਸ਼ਾਹ
ਸ਼ਾਹਰੁਖ਼ ਖ਼ਾਨ ਭਾਰਤੀ ਸਿਨੇਮਾ ਦਾ ਇੱਕ ਅਜਿਹਾ ਸਿਤਾਰਾ ਹੈ ਜਿਸ ਨੇ ਭਾਰਤੀ ਸਿਨੇਮਾ ਨੂੰ ਵਿਸ਼ਵ ਪੱਧਰ ਦੀ ਸਾਖ ਦਿਵਾਈ ਹੈ। ਦੁਨੀਆ ਦਾ ਅਜਿਹਾ ਕਿਹੜਾ ਕੋਨਾ ਹੈ, ਜਿੱਥੇ ਸ਼ਾਹਰੁਖ਼ ਖ਼ਾਨ ਨੂੰ ਨਹੀਂ ਪਛਾਣਿਆ ਜਾਂਦਾ? ਉਸ ਦੇ ਚਾਹੁਣ ਵਾਲੇ ਸਿਰਫ਼ ਭਾਰਤ ਵਿੱਚ ਹੀ ਨਹੀਂ ਸਗੋਂ ਦੁਨੀਆ ਦੇ ਕੋਨੇ-ਕੋਨੇ ’ਚ ਮੌਜੂਦ ਹਨ। ਸ਼ਾਹਰੁਖ਼ ਖ਼ਾਨ ਜੋ ਕਰਦਾ ਹੈ ਉਹ ਫੈਸ਼ਨ ਬਣ ਜਾਂਦਾ ਹੈ। ਉਹ ਅੱਜ ਦਾ ਗਲੋਬਲ ਸੁਪਰ ਸਟਾਰ ਹੈ।
ਸ਼ਾਹਰੁਖ਼ ਖ਼ਾਨ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਇੱਕ ਵਾਰ ਤਤਕਾਲੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਨੇ ਸ਼ਾਹਰੁਖ਼ ਖ਼ਾਨ ਦਾ ਇੱਕ ਬਹੁਤ ਹੀ ਮਕਬੂਲ ਸੰਵਾਦ ਆਪਣੇ ਭਾਸ਼ਣ ਵਿੱਚ ਬੋਲਿਆ, ‘‘ਬੜੇ ਬੜੇ ਦੇਸ਼ੋਂ ਮੇਂ ਐਸੀ ਛੋਟੀ-ਛੋਟੀ ਬਾਤੇਂ ਹੋਤੀ ਰਹਿਤੀਂ ਹੈਂ।’’ ਸ਼ਾਹਰੁਖ਼ ਖ਼ਾਨ ਨੂੰ 2023 ਦੇ ਕਤਰ ਫੀਫਾ ਵਰਲਡ ਕੱਪ ਦੌਰਾਨ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਫੀਫਾ ਵੱਲੋਂ ਬੁਲਾਇਆ ਗਿਆ ਸੀ ਜੋ ਭਾਰਤ ਲਈ ਮਾਣ ਵਾਲੀ ਗੱਲ ਹੈ।
ਸ਼ਾਹਰੁਖ ਖ਼ਾਨ ਦੇ ਪ੍ਰਸ਼ੰਸਕ ਦੂਰ ਦੂਰ ਤੱਕ ਫੈਲੇ ਹੋਏ ਹਨ। ਹੌਲੀਵੁੱਡ ਦੇ ਪ੍ਰਸਿੱਧ ਨਿਰਦੇਸ਼ਕ ਜੇਮਜ਼ ਕੈਮਰੂਨ ਜਿਨ੍ਹਾਂ ਨੇ ‘ਅਵਤਾਰ’ ਫਿਲਮ ਬਣਾ ਕੇ ਵਿਸ਼ਵ ਪੱਧਰੀ ਰਿਕਾਰਡ ਬਣਾਇਆ ਸੀ, ਨੇ ਸ਼ਾਹਰੁਖ਼ ਖ਼ਾਨ ਦੀ ਤਾਰੀਫ਼ ਕਰਦੇ ਹੋਏ ਇੱਕ ਵਾਰ ਪੱਤਰਕਾਰਾਂ ਨੂੰ ਕਿਹਾ ਸੀ ਕਿ ਸ਼ਾਹਰੁਖ਼ ਖ਼ਾਨ ‘ਬਹੁਤ ਵੱਡਾ ਫਿਲਮ ਸਟਾਰ’ ਹੈ। 2023 ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਫੇਰੀ ’ਤੇ ਗਏ ਸੀ ਤਾਂ ਉਨ੍ਹਾਂ ਦੇ ਸਵਾਗਤ ਲਈ ਵ੍ਹਾਈਟ ਹਾਊਸ ’ਚ ਸ਼ਾਹਰੁਖ਼ ਖ਼ਾਨ ਦਾ ਇੱਕ ਪ੍ਰਸਿੱਧ ਗਾਣਾ ‘ਚਲ ਛਈਂਆਂ ਛਈਂਆਂ ਛਈਆਂ’ ਚਲਾਇਆ ਗਿਆ ਸੀ।
ਬੌਲੀਵੁੱਡ ਦੀ ਡੁੱਬਦੀ ਬੇੜੀ ਬਚਾਈ
ਸ਼ਾਹਰੁਖ਼ ਖ਼ਾਨ ਨੇ 2023 ਵਿੱਚ ਬੌਲੀਵੁੱਡ ਦੀ ਡੁੱਬਦੀ ਸਾਖ ਨੂੰ ਬਚਾਇਆ ਕਿਉਂਕਿ ਉਸ ਸਾਲ ਬੌਲੀਵੁੱਡ ਦਾ ਅਕਸ ਬਹੁਤ ਖ਼ਰਾਬ ਹੋ ਚੁੱਕਾ ਸੀ। ਫਿਲਮਾਂ ਵਿੱਚ ਕੁਝ ਨਵਾਂ ਨਾ ਹੋਣ ਕਾਰਨ ਸਲਮਾਨ ਖ਼ਾਨ, ਆਮਿਰ ਖ਼ਾਨ, ਅਕਸ਼ੈ ਕੁਮਾਰ, ਅਜੇ ਦੇਵਗਨ, ਰਣਬੀਰ ਕਪੂਰ ਵਰਗੇ ਵੱਡੇ ਅਦਾਕਾਰਾਂ ਦੀਆਂ ਫਿਲਮਾਂ ਵੀ ਅਸਫਲ ਜਾ ਰਹੀਆਂ ਸਨ। ਦਰਸ਼ਕ ਬੌਲੀਵੁੱਡ ਦੀਆਂ ਫਿਲਮਾਂ ਤੋਂ ਤੰਗ ਆ ਚੁੱਕੇ ਸਨ। ਦੂਜੇ ਪਾਸੇ ਦੱਖਣੀ ਭਾਰਤੀ ਫਿਲਮਾਂ ਬੌਲੀਵੁੱਡ ’ਤੇ ਕਾਫ਼ੀ ਭਾਰੂ ਹੋ ਚੁੱਕੀਆਂ ਸਨ।
ਅਜਿਹੇ ਵਿੱਚ ਸ਼ਾਹਰੁਖ਼ ਖ਼ਾਨ ਨੇ ਬੌਲੀਵੁੱਡ ਨੂੰ ਤਿੰਨ ਬਿਹਤਰੀਨ ਅਤੇ ਯਾਦਗਾਰ ਫਿਲਮਾਂ ਕ੍ਰਮਵਾਰ ‘ਪਠਾਨ’, ‘ਜਵਾਨ’ ਅਤੇ ‘ਡੰਕੀ’ ਦੇ ਕੇ ਬੌਲੀਵੁੱਡ ਦੀ ਡੁੱਬਦੀ ਬੇੜੀ ਨੂੰ ਬਚਾਇਆ। ਇਨ੍ਹਾਂ ਤਿੰਨਾਂ ਫਿਲਮਾਂ ਨੇ ਬੌਲੀਵੁੱਡ ਦੀ ਕੁੱਲ ਸਾਲਾਨਾ ਆਮਦਨ ਦਾ 56% ਹਿੱਸਾ ਬੌਲੀਵੁੱਡ ਨੂੰ ਕਮਾ ਕੇ ਦਿੱਤਾ। ਸ਼ਾਹਰੁਖ਼ ਖ਼ਾਨ ਨੇ ਇੱਕ ਸਾਲ ਵਿੱਚ 26 ਸੌ ਕਰੋੜ ਦਾ ਵਿਸ਼ਵ ਪੱਧਰੀ ਵਪਾਰ ਕਰ ਕੇ ਭਾਰਤੀ ਸਿਨਮਾ ਦੇ ਇਤਿਹਾਸ ਵਿੱਚ ਮੀਲ ਪੱਥਰ ਗੱਡ ਦਿੱਤਾ।
ਬੌਲੀਵੁੱਡ ਵਿੱਚ ਇੱਕ ਅਖਾਣ ਪ੍ਰਚੱਲਿਤ ਹੈ ਕਿ ਜਿਸ ਦਾ ਕੋਈ ਗੌਡ ਫਾਦਰ ਨਹੀਂ ਹੁੰਦਾ, ਉਸ ਦਾ ਇੱਥੇ ਟਿਕਣਾ ਬਹੁਤ ਮੁਸ਼ਕਿਲ ਹੈ। ਸ਼ਾਹਰੁਖ਼ ਖ਼ਾਨ ਨੇ ਇਸ ਕਥਨ ਨੂੰ ਖਿੜੇ ਮੱਥੇ ਪ੍ਰਵਾਨ ਕਰਕੇ ਆਪਣੀ ਮਿਹਨਤ ਅਤੇ ਲਗਨ ਨਾਲ ਬੌਲੀਵੁੱਡ ’ਤੇ ਰਾਜ ਕਰ ਕੇ ਵਿਖਾਇਆ ਹੈ। ਉਸ ਨੇ ਆਪਣੇ ਕਰੀਅਰ ਦੇ ਸ਼ੁਰੂ ਵਿੱਚ ਹੀ ਕਈ ਨਾਂਹ-ਪੱਖੀ ਫਿਲਮਾਂ ‘ਡਰ’, ‘ਅੰਜਾਮ’ ਅਤੇ ‘ਬਾਜ਼ੀਗਰ’ ਕਰਕੇ ਵੀ ਦਰਸ਼ਕਾਂ ਦਾ ਦਿਲ ਜਿੱਤ ਲਿਆ। ਉਸ ਨੇ ਭਾਂਤ-ਭਾਂਤ ਦੀਆਂ ਰੁਮਾਂਟਿਕ, ਐਕਸ਼ਨ ਅਤੇ ਕਲਾਸਿਕ, ਕਾਮੇਡੀ ਡਰਾਮਾ ਫਿਲਮਾਂ ਕਰਕੇ ਹਰ ਪਾਸੇ ਆਪਣੀ ਅਦਾਕਾਰੀ ਦਾ ਦਬਦਬਾ ਬਣਾਇਆ। ਦਰਸ਼ਕਾਂ ਨੇ ਉਸ ਨੂੰ ਹਰ ਰੋਲ ਵਿੱਚ ਪਸੰਦ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਅਪਣੇ ਸ਼ੁਰੂਆਤੀ ਦੌਰ ਵਿੱਚ ਹੀ ਭਾਰਤੀ ਸਿਨੇਮਾ ਦੇ ਪ੍ਰਮੁੱਖ ਅਦਾਕਾਰਾਂ ਨਾਨਾ ਪਾਟੇਕਰ, ਨਸੀਰੂਦੀਨ ਸ਼ਾਹ, ਅਮਰੀਸ਼ ਪੁਰੀ, ਅਨੂਪਮ ਖੇਰ, ਅਮਿਤਾਭ ਬੱਚਨ ਅਤੇ ਕਮਲ ਹਾਸਨ ਆਦਿ ਨਾਲ ਭਿੜ ਕੇ ਅਪਣੀ ਕਲਾ ਨੂੰ ਮਨਵਾਇਆ ਹੈ। ਸ਼ਾਹਰੁਖ਼ ਖ਼ਾਨ ਕਦੇ ਰੁਮਾਂਸ ਕਿੰਗ ਬਣਿਆ, ਕਦੇ ਬੌਲੀਵੁੱਡ ਦਾ ਬਾਦਸ਼ਾਹ, ਕਦੇ ਡਾਨ ਅਤੇ ਕਦੇ ਐਕਸ਼ਨ ਕਿੰਗ। ਉਹ ਆਪਣੀ ਮਿਹਨਤ ਅਤੇ ਲਗਨ ਨਾਲ ਅਪਣੀਆ ਫਿਲਮਾਂ ਨੂੰ ਸਿਖ਼ਰ ’ਤੇ ਲੈ ਕੇ ਗਿਆ ਅਤੇ ਬੌਲੀਵੁੱਡ ਨੂੰ ਵਿਸ਼ਵ ਪੱਧਰੀ ਸਾਖ ਦਿਵਾਈ। ਸ਼ਾਹਰੁਖ਼ ਖ਼ਾਨ ਨੇ ਆਪਣੀ ਅਦਾਕਾਰੀ ਵਿੱਚ ਵੰਨ-ਸੁਵੰਨਤਾ ਵਾਲੀਆਂ ਫਿਲਮਾਂ ਦੇ ਕੇ ਆਪਣਾ ਵਿਸ਼ੇਸ਼ ਰੁਤਬਾ ਬਣਾਇਆ ਹੈ। ਉਸ ਨੇ ‘ਡੀ.ਡੀ.ਐੱਲ.ਜੇ.’, ‘ਵੀਰਜ਼ਾਰਾ’ ਅਤੇ ‘ਪ੍ਰਦੇਸ’ ਫਿਲਮਾਂ ਕਰਕੇ ਰੁਮਾਂਟਿਕ ਪ੍ਰਵਿਰਤੀ ਨੂੰ ਸਿਖਰ ’ਤੇ ਪਹੁੰਚਾਇਆ ਹੈ। ਦੇਸ਼ ਭਗਤੀ ਦੀਆਂ ਫਿਲਮਾਂ ‘ਸਵਦੇਸ਼’, ‘ਚੱਕ ਦੇ ਇੰਡੀਆ’, ‘ਪਠਾਣ’, ‘ਜਵਾਨ’ ਆਦਿ ਕਰਕੇ ਭਾਰਤੀਆਂ ਵਿੱਚ ਦੇਸ਼ ਭਗਤੀ ਦੀ ਚਿਣਗ ਜਗਾਈ ਹੈ। ਇਸ ਤੋਂ ਇਲਾਵਾ ਉਹ ‘ਡਾਨ’, ‘ਪਠਾਨ’ ਅਤੇ ‘ਜਵਾਨ’ ਫਿਲਮਾਂ ਕਰਕੇ ਐਕਸ਼ਨ ਦਾ ਕਿੰਗ ਕਹਾਇਆ।
ਆਰਥਿਕ ਪੱਖੋਂ ਸ਼ਕਤੀਸ਼ਾਲੀ
ਸ਼ਾਹਰੁਖ਼ ਖ਼ਾਨ ਭਾਰਤ ਦਾ ਸਭ ਤੋਂ ਅਮੀਰ ਅਦਾਕਾਰ ਬਣ ਚੁੱਕਿਆ ਹੈ ਜਿਸ ਦੀ ਕੁੱਲ ਸੰਪਤੀ ਲਗਭਗ 700 ਮਿਲੀਅਨ ਅਮਰੀਕੀ ਡਾਲਰ ਹੈ। ਉਹ ਦੁਨੀਆ ਦਾ ਚੌਥਾ ਸਭ ਤੋਂ ਵੱਧ ਅਮੀਰ ਅਦਾਕਾਰ ਹੈ। ਉਸ ਕੋਲ ਬੌਲੀਵੁੱਡ ਦਾ ਸਭ ਤੋਂ ਮਹਿੰਗਾ ਬੰਗਲਾ ‘ਮੰਨਤ’ ਹੈ, ਜਿਸ ਦੀ ਕੀਮਤ ਲਗਭਗ 200 ਕਰੋੜ ਹੈ। ਇਸ ਤੋਂ ਇਲਾਵਾ ਉਸ ਕੋਲ ਵਿਦੇਸ਼ਾਂ ਵਿੱਚ ਬੰਗਲੇ ਅਤੇ ਹੌਲੀਡੇਅ ਹੋਮ ਹਨ। ਇਸ ਤੋਂ ਇਲਾਵਾ ਉਸ ਕੋਲ ਇੱਕ ਲਗਜ਼ਰੀ ਨਿੱਜੀ ਜੈੱਟ ਪਲੇਨ ਹੈ। ਉਸ ਕੋਲ ਮਹਿੰਗੀਆਂ ਤੇ ਲਗਜ਼ਰੀ ਕਾਰਾਂ ਦੀ ਇੱਕ ਵੱਡੀ ਕੁਲੈਕਸ਼ਨ ਹੈ। ਇਸ ਤੋਂ ਇਲਾਵਾ ਉਹ ਕੋਲਕਾਤਾ ਨਾਈਟ ਰਾਈਡਰਜ਼ ਕ੍ਰਿਕਟ ਟੀਮ ਅਤੇ ਰੈੱਡ ਚਿੱਲੀਜ਼ ਐਂਟਰਟੇਨਮੈਂਟ ਦਾ ਮਾਲਕ ਵੀ ਹੈ।
ਸ਼ਾਹਰੁਖ਼ ਦੇ ਨਾਂ ਅਨੇਕ ਰਿਕਾਰਡ
ਸ਼ਾਹਰੁਖ਼ ਖ਼ਾਨ ਦੀ ਫਿਲਮ ‘ਡੀ.ਡੀ.ਐੱਲ.ਜੇ.’ ਭਾਰਤੀ ਸਿਨੇਮਾ ਵਿੱਚ ਸਭ ਤੋਂ ਲੰਮਾ ਸਮਾਂ ਚੱਲਣ ਵਾਲੀ ਫਿਲਮ ਬਣੀ। ‘ਜਵਾਨ’ ਫਿਲਮ ਦੀ ਰਿਲੀਜ਼ ਦੇ ਪਹਿਲੇ ਦਿਨ ਹੀ ਇਸ ਨੇ ਵਿਸ਼ਵ ਪੱਧਰ ’ਤੇ 129.6 ਕਰੋੜ ਦੀ ਕਮਾਈ ਕਰਕੇ ਬੌਲੀਵੁੱਡ ਦੇ ਸਾਰੇ ਪਿਛਲੇ ਰਿਕਾਰਡ ਤੋੜ ਦਿੱਤੇ। ‘ਜਵਾਨ’ ਫਿਲਮ ਚੀਨ ਤੋਂ ਬਿਨਾਂ ਵਿਸ਼ਵ ਪੱਧਰ ’ਤੇ ਵੱਧ ਬਿਜ਼ਨਸ ਕਰਨ ਵਾਲੀ ਪਹਿਲੀ ਬੌਲੀਵੁੱਡ ਫਿਲਮ ਬਣ ਚੁੱਕੀ ਹੈ। ਸ਼ਾਹਰੁਖ਼ ਖ਼ਾਨ ਦੀਆਂ ਫਿਲਮਾਂ ਦੀ ਸਫਲਤਾ ਦੀ ਦਰ ਲਗਭਗ 63% ਹੈ। ਉਸ ਨੇ ਇੱਕ ਸਾਲ ਵਿੱਚ ਦੋ ਇੱਕ ਹਜ਼ਾਰ ਕਰੋੜੀ ਫਿਲਮਾਂ ਦੇ ਕੇ ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਵੱਡਾ ਰਿਕਾਰਡ ਬਣਾਇਆ ਹੈ। ਉਸ ਦੀਆਂ ਹੁਣ ਤੱਕ ਬਾਰ੍ਹਾਂ ਫਿਲਮਾਂ ਨੇ ਸਭ ਤੋਂ ਵੱਧ ਬਾਕਸ ਆਫਿਸ ਕੁਲੈਕਸ਼ਨ ਕਰਨ ਦਾ ਰਿਕਾਰਡ ਆਪਣੇ ਨਾਮ ਕੀਤਾ ਹੈ। ਉਸ ਦੀਆਂ ਪੰਜ ਫਿਲਮਾਂ 2000 ਤੋਂ 2004 ਤੱਕ ਪੰਜ ਸਾਲ ਲਗਾਤਾਰ ਕ੍ਰਮਵਾਰ ‘ਮੁਹੱਬਤੇਂ’, ‘ਕਭੀ ਖੁਸ਼ੀ ਕਭੀ ਗ਼ਮ’, ‘ਦੇਵਦਾਸ’, ‘ਕਲ ਹੋ ਨਾ ਹੋ’ ਅਤੇ ‘ਵੀਰ ਜ਼ਾਰਾ’ ਨੇ ਬੌਲੀਵੁੱਡ ਵਿੱਚ ਸਭ ਤੋਂ ਵੱਧ ਕਮਾਈ ਕਰਕੇ ਭਾਰਤੀ ਸਿਨਮਾ ਵਿੱਚ ਵੱਡਾ ਰਿਕਾਰਡ ਬਣਾਇਆ ਹੈ, ਜੋ ਅੱਜ ਤੱਕ ਕਾਇਮ ਹੈ। ਉਸ ਨੂੰ ਹੁਣ ਤੱਕ 8 ਫਿਲਮਫੇਅਰ ਪੁਰਸਕਾਰ ਮਿਲ ਚੁੱਕੇ ਹਨ ਅਤੇ 4 ਆਈਫਾ ਐਡਾਰਡ ਪ੍ਰਾਪਤ ਹੋਏ ਹਨ।
ਸ਼ਾਹਰੁਖ਼ ਖ਼ਾਨ ਭਾਵੇਂ ਬਹੁਤ ਰੁਝੇਵੇਂ ਭਰਿਆ ਜੀਵਨ ਬਤੀਤ ਕਰ ਰਿਹਾ ਹੈ ਪਰ ਇਸ ਦੇ ਨਾਲ ਹੀ ਉਹ ਆਪਣੇ ਪਰਿਵਾਰ ਨਾਲ ਮਜ਼ਬੂਤੀ ਨਾਲ ਜੁੜਿਆ ਹੋਇਆ ਹੈ। ਉਹ ਦਿਨ ਵਿੱਚ ਲਗਭਗ ਦੋ-ਤਿੰਨ ਘੰਟੇ ਆਪਣੇ ਬੱਚਿਆਂ ਨਾਲ ਮਿਲ ਕੇ ਕਸਰਤ ਕਰਦਾ ਹੈ ਅਤੇ ਵੱਧ ਤੋਂ ਵੱਧ ਸਮਾਂ ਆਪਣੇ ਪਰਿਵਾਰ ਨਾਲ ਬਿਤਾਉਂਦਾ ਹੈ।
ਦੁਨੀਆ ਦੇ ਸਰਵਸ਼੍ਰੇਸਠ ਐਵਾਰਡ ਪ੍ਰਾਪਤ ਕਰਨ ਵਾਲਾ ਅਦਾਕਾਰ
ਸ਼ਾਹਰੁਖ਼ ਖ਼ਾਨ ਨੂੰ ਵਿਸ਼ਵ ਭਰ ਵਿੱਚੋਂ ਅਨੇਕਾਂ ਐਵਾਰਡ ਮਿਲ ਚੁੱਕੇ ਹਨ, ਜਿਨ੍ਹਾਂ ਦੀ ਸੂਚੀ ਬਹੁਤ ਲੰਮੀ ਹੈ ਪਰ ਕਈ ਸਰਵੋਤਮ ਐਵਾਰਡਾਂ ਦਾ ਜ਼ਿਕਰ ਕਰਨਾ ਇੱਥੇ ਜ਼ਰੂਰੀ ਹੈ। ਉਸ ਨੂੰ ਏਸ਼ੀਅਨ ਫਿਲਮਫੇਅਰ ਐਵਾਰਡ 2007 (‘ਡਾਨ’ ਫਿਲਮ ਲਈ) ਅਤੇ ਆਈ.ਆਈ.ਐੱਫ.ਏ. ਐਵਾਰਡ 2009 (‘ਰੱਬ ਨੇ ਬਨਾ ਦੀ ਜੋੜੀ’ ਫਿਲਮ ਲਈ) ਮਿਲਿਆ ਹੈ। ਉਸ ਨੂੰ ਯੁਨੈਸਕੋ ਵੱਲੋਂ 2011 ਵਿੱਚ ਪਿਰਾਮਿਡ ਕੋਨ ਮਰਨੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਸ ਨੇ 2018 ਵਿੱਚ ਵਰਲਡ ਇਕਨਾਮਿਕ ਕ੍ਰਿਸਟਲ ਐਵਾਰਡ ਪ੍ਰਾਪਤ ਕੀਤਾ। ਸ਼ਾਹਰੁਖ਼ ਖ਼ਾਨ ਨੇ ਭਾਰਤ ਦੇ ਰਾਸ਼ਟਰਪਤੀ ਤੋਂ ਭਾਰਤ ਦਾ ਚੌਥਾ ਸਭ ਤੋਂ ਵੱਡਾ ਨਾਗਰਿਕ ਐਵਾਰਡ ਪਦਮ ਸ੍ਰੀ ਵੀ 2005 ਵਿੱਚ ਪ੍ਰਾਪਤ ਕੀਤਾ।
ਸ਼ਾਹਰੁਖ਼ ਖ਼ਾਨ ਨੂੰ ਫਰਾਂਸ ਸਰਕਾਰ ਨੇ ‘ਆਰਡਰ ਆਫ ਆਰਟਸ ਐਂਡ ਲੈਟਰਸ ਐਵਾਰਡ’ 2007 ਅਤੇ ਦਿ ਨੈਸ਼ਨਲ ਆਰਡਰ ਆਫ ਦਿ ਲੀਜ਼ਨ ਆਫ ਆਨਰ’ 2014 ਦੇ ਕੇ ਸਨਮਾਨਿਤ ਕੀਤਾ ਸੀ। ਉਸ ਨੇ ਮੋਰਾਕੋ ਦਾ ਨਾਗਰਿਕ ਐਵਾਰਡ ‘ਵਿਸਾਮੇ ਅਲ ਕਫਾ ਅਲ ਫਿਕਰਿਆ’ ਮੋਰਾਕੋ ਕਿੰਗ ਇਟੋਲੀ ਡੀ ਓਰ ਵੱਲੋਂ 2012 ਵਿੱਚ ਪ੍ਰਾਪਤ ਕੀਤਾ। ਸ਼ਾਹਰੁਖ਼ ਖ਼ਾਨ ਨੂੰ 2014 ਵਿੱਚ ਇੰਟਰ ਪੋਲ ਟਰਨ ਬੈਕ ਕਰਾਈਮ ਕੰਪੇਨ ਦਾ ਅੰਬੈਸਡਰ ਵੀ ਚੁਣਿਆ ਗਿਆ। ਉਸ ਨੂੰ ਬਰਤਾਨੀਆ ਸਰਕਾਰ ਵੱਲੋਂ 2014 ਵਿੱਚ ਗਲੋਬਲ ਡਾਇਵਰਸਿਟੀ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। 2016 ਵਿੱਚ ਅਮੀਰਾਤ ਸਰਕਾਰ ਵੱਲੋਂ ਦੁਬਈ ਟੂਰਿਜ਼ਮ ਦਾ ਬ੍ਰਾਂਡ ਅੰਬੈਸਡਰ ਵੀ ਚੁਣਿਆ ਗਿਆ। ਸ਼ਾਹਰੁਖ਼ ਖ਼ਾਨ ਦਾ ਮੋਮ ਦਾ ਬੁੱਤ ਬਰਤਾਨੀਆ ਦੀ ਸਰਕਾਰ ਵੱਲੋਂ ਲੰਡਨ ਦੇ ‘ਮੈਡਮ ਤੁਸਾਡ ਅਜਾਇਬ ਘਰ’ ਵਿੱਚ ਲਗਾਇਆ ਗਿਆ ਹੈ।
ਬਹੁਤ ਵੱਡਾ ਦਾਨੀ ਅਦਾਕਾਰ
ਸ਼ਾਹਰੁਖ਼ ਖ਼ਾਨ ਇੱਕ ਮਹਾਨ ਅਦਾਕਾਰ ਦੇ ਨਾਲ-ਨਾਲ ਇੱਕ ਫਰਾਖ਼ ਦਿਲ ਅਤੇ ਦਾਨੀ ਸੱਜਣ ਵੀ ਹੈ, ਜਿਸ ਨੇ ਭਾਰਤ ਦੀ ਆਰਥਿਕ ਗ਼ਰੀਬੀ ਨੂੰ ਦੂਰ ਕਰਨ, ਗ਼ਰੀਬ ਅਤੇ ਮਜ਼ਲੂਮ ਮਰੀਜ਼ਾਂ ਦਾ ਇਲਾਜ ਕਰਵਾਉਣ ਵਿੱਚ ਵੀ ਵੱਡਾ ਯੋਗਦਾਨ ਦਿੱਤਾ ਹੈ। ਉਸ ਨੇ ਨਾਨਾਵਤੀ ਹਸਪਤਾਲ ਮੁੰਬਈ ਵਿੱਚ ਇੱਕ ਸਪੈਸ਼ਲ ਚਿਲਡਰਨ ਕੈਂਸਰ ਵਾਰਡ ਸਥਾਪਿਤ ਕੀਤਾ, ਜਿੱਥੇ ਉਸ ਨੇ ਬੱਚਿਆਂ ਦੇ ਕੈਂਸਰ ਦੇ ਇਲਾਜ ਲਈ ਇੱਕ ਵੱਡੀ ਰਕਮ ਅਦਾ ਕੀਤੀ।
2012 ਵਿੱਚ ਸ਼ਾਹਰੁਖ਼ ਖ਼ਾਨ ਨੇ ਉੜੀਸਾ ਦੇ ਸੱਤ ਪਿੰਡ ਗੋਦ ਲਏ, ਜਿਨ੍ਹਾਂ ਦਾ ਬਿਜਲੀ ਪਾਣੀ ਆਦਿ ਦਾ ਖ਼ਰਚ ਮੁਕੰਮਲ ਤੌਰ ’ਤੇ ਸ਼ਾਹਰੁਖ਼ ਖ਼ਾਨ ਨੇ ਚੁੱਕਿਆ। 2014 ਵਿੱਚ ਉਸ ਨੇ ਸੁਨਾਮੀ ਪੀੜਤਾਂ ਲਈ 2.5 ਕਰੋੜ ਰੁਪਏ ਡਾਕਟਰ ਮਨਮੋਹਨ ਸਿੰਘ (ਤਤਕਾਲੀ ਪ੍ਰਧਾਨ ਮੰਤਰੀ) ਨੂੰ ਸੁਨਾਮੀ ਰਾਹਤ ਕੋਸ਼ ਲਈ ਦਾਨ ਕੀਤੇ। ਉਸ ਦੀ ਕੰਪਨੀ ਰੈੱਡ ਚਿੱਲੀ ਐਂਟਰਟੇਨਮੈਂਟ ਨੇ 2014 ਵਿੱਚ ਸਮਾਜਿਕ ਅਤੇ ਪੇਂਡੂ ਵਿਕਾਸ ਲਈ 25 ਕਰੋੜ ਰੁਪਏ ਦਾਨ ਦਿੱਤੇ।
ਸ਼ਾਹਰੁਖ਼ ਖ਼ਾਨ ਨੇ ਆਪਣੇ ਪਿਤਾ ਦੇ ਨਾਮ ਉੱਤੇ ਇੱਕ ਚੈਰੀਟੇਬਲ ਸੰਸਥਾ ਵੀ ਸਥਾਪਿਤ ਕੀਤੀ ਹੈ, ਜਿਸ ਦਾ ਨਾਮ ‘ਮੀਰ ਫਾਊਂਡੇਸ਼ਨ’ ਹੈ। ਉਸ ਨੂੰ ਇਸ ਸੰਸਥਾ ਦੇ ਕੰਮਾਂ ਕਰਕੇ ਯੁਨੈਸਕੋ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਸ ਨੇ ਕੋਲਕਾਤਾ ਨਾਈਟ ਰਾਈਡਰਜ਼ ਕ੍ਰਿਕਟ ਟੀਮ ਦੀ ਜਿੱਤ ਤੋਂ ਪ੍ਰਾਪਤ ਹੋਈ ਪੰਦਰਾਂ ਕਰੋੜ ਰੁਪਏ ਦੀ ਰਾਸ਼ੀ ਮੁੰਬਈ ਤੇ ਕਲਕੱਤਾ ਦੇ ਕੈਂਸਰ ਪੀੜਤ ਮਰੀਜ਼ਾਂ ਲਈ ਦਾਨ ਕਰ ਦਿੱਤੀ ਸੀ।
ਯਾਦਗਾਰੀ ਫਿਲਮਾਂ ਦੇਣ ਵਾਲਾ ਅਦਾਕਾਰ
ਸ਼ਾਹਰੁਖ਼ ਖ਼ਾਨ ਨੇ ਭਾਰਤੀ ਸਿਨੇਮਾ ਨੂੰ ਦਰਜਨਾਂ ਯਾਦਗਾਰੀ ਫਿਲਮਾਂ ਦਿੱਤੀਆਂ ਹਨ ਜੋ ਕਿ ਭਾਰਤੀ ਸਿਨੇਮਾ ਲਈ ਇੱਕ ਆਧਾਰ ਸਾਬਤ ਹੋਈਆਂ ਹਨ, ਇਨ੍ਹਾਂ ’ਚੋਂ ‘ਡੀ.ਡੀ.ਐੱਲ.ਜੇ.’, ‘ਰੱਬ ਨੇ ਬਨਾ ਦੀ ਜੋੜੀ’, ‘ਪ੍ਰਦੇਸ’, ‘ਚੇੇਨੱਈ ਐਕਸਪ੍ਰੈੱਸ’, ‘ਮਾਈ ਨੇਮ ਇਜ਼ ਖ਼ਾਨ’, ‘ਚੱਕ ਦੇ ਇੰਡਆ’, ‘ਡਾਨ’, ‘ਪਠਾਨ’, ‘ਜਵਾਨ’ ਆਦਿ ਪ੍ਰਮੁੱਖ ਹਨ। ਇਹ ਫਿਲਮਾਂ ਭਾਰਤੀ ਸਿਨੇਮਾ ਲਈ ਮਾਰਗਦਰਸ਼ਕ ਬਣ ਗਈਆਂ ਹਨ। ਸ਼ਾਹਰੁਖ਼ ਖ਼ਾਨ ਦੀਆਂ ਇਨ੍ਹਾਂ ਫਿਲਮਾਂ ਤੋਂ ਸੇਧ ਲੈ ਕੇ ਬੌਲੀਵੁੱਡ ਅਤੇ ਦੱਖਣ ਭਾਰਤੀ ਸਿਨੇਮਾ ਵਿੱਚ ਅਨੇਕਾਂ ਫਿਲਮਾਂ ਬਣਾਈਆਂ ਗਈਆਂ ਹਨ। ਰੱਬ ਕਰੇ ਇਹ ਸਿਤਾਰਾ ਹਮੇਸ਼ਾਂ ਭਾਰਤੀ ਸਿਨੇਮਾ ’ਚ ਚਮਕਦਾ ਰਹੇ।
ਸੰਪਰਕ: 98154-04881