ਕਿੰਗ ਚਾਰਲਸ ਸਾਡਾ ਰਾਜਾ ਨਹੀਂ: ਥੋਰਪੇ
ਕੈਨਬਰਾ, 21 ਅਕਤੂਬਰ
ਆਸਟਰੇਲੀਆ ਦਾ ਦੌਰਾ ਕਰਨ ਪਹੁੰਚੇ ਕਿੰਗ ਚਾਰਲਸ (ਤੀਜਾ) ਨੂੰ ਇੱਥੋਂ ਦੀ ਸੰਸਦ ਮੈਂਬਰ ਨੇ ਅੱਜ ਕਿਹਾ ਕਿ ਇਹ ਦੇਸ਼ ਬਰਤਾਨੀਆ ਦੇ ਰਾਜੇ ਦੀ ਜ਼ਮੀਨ ਨਹੀਂ ਹੈ। ਆਦਿਵਾਸੀ ਸੰਸਦ ਮੈਂਬਰ ਲਿਡੀਆ ਥੋਰਪੇ ਨੇ ਸ਼ਾਹੀ ਜੋੜੀ ਦੇ ਸੰਸਦ ਵਿੱਚ ਪਹੁੰਚਣ ’ਤੇ ਹੰਗਾਮਾ ਕਰਦਿਆਂ ਕਿਹਾ ਕਿ ਬਰਤਾਨਵੀ ਬਸਤੀਵਾਦੀਆਂ ਨੇ ਆਸਟਰੇਲੀਆ ਦੇ ਮੂਲ ਨਿਵਾਸੀਆਂ ਦੀਆਂ ਜ਼ਮੀਨਾਂ ਤੇ ਹੱਡੀਆਂ ਤੱਕ ਹੜਪ ਲਈਆਂ ਸਨ। ਹੰਗਾਮੇ ਮਗਰੋਂ ਥੋਰਪੇ ਨੂੰ ਸੰਸਦ ਵਿੱਚੋਂ ਬਾਹਰ ਲਿਜਾਇਆ ਗਿਆ।
ਥੋਰਪੇ ਨੇ ਕਿਹਾ, ‘‘ਤੁਸੀਂ (ਬਰਤਾਨੀਆ ਦੇ ਰਾਜਾ) ਸਾਡੇ ਲੋਕਾਂ ਦਾ ਕਤਲੇਆਮ ਕੀਤਾ। ਤੁਸੀਂ ਸਾਡਾ ਜੋ ਵੀ ਲਿਆ ਹੈ, ਸਾਨੂੰ ਵਾਪਸ ਕਰੋ, ਚਾਹੇ ਉਹ ਸਾਡੀਆਂ ਹੱਡੀਆਂ, ਸਾਡੀਆਂ ਖੋਪੜੀਆਂ, ਸਾਡੇ ਬੱਚੇ ਅਤੇ ਸਾਡੇ ਲੋਕ ਹੀ ਕਿਉਂ ਨਾ ਹੋਣ।’’ ਤੁਸੀਂ ਸਾਡੀ ਧਰਤੀ ਤਬਾਹ ਕਰ ਦਿੱਤੀ। ਸਾਡੇ ਨਾਲ ਸੰਧੀ ਕਰੋ। ਸਾਨੂੰ ਸੰਧੀ ਚਾਹੀਦੀ ਹੈ।’’
ਬਰਤਾਨਵੀ ਬਸਤੀਵਾਦੀਆਂ ਅਤੇ ਆਸਟਰੇਲੀਆ ਦੇ ਮੂਲ ਨਿਵਾਸੀਆਂ (ਆਦਿਵਾਸੀਆਂ) ਦਰਮਿਆਨ ਅੱਜ ਤੱਕ ਕੋਈ ਸੰਧੀ ਨਹੀਂ ਹੋਈ। ਚਾਰਲਸ ਨੇ ਤੁਰੰਤ ਆਸਟਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਦਬਵੀਂ ਆਵਾਜ਼ ਵਿੱਚ ਕੁੱਝ ਗੱਲਬਾਤ ਕੀਤੀ ਅਤੇ ਸੁਰੱਖਿਆ ਅਧਿਕਾਰੀਆਂ ਨੇ ਥੋਰਪੇ ਨੂੰ ਉਨ੍ਹਾਂ ਦੇ ਨੇੜੇ ਜਾਣ ਤੋਂ ਰੋਕ ਦਿੱਤਾ। ਹਾਲ ਦੇ ਬਾਹਰ ਚੀਕਦਿਆਂ ਥੋਰਪੇ ਨੇ ਕਿਹਾ, ‘‘ਇਹ ਤੁਹਾਡੀ (ਚਾਰਲਸ ਦੀ) ਜ਼ਮੀਨ ਨਹੀਂ ਹੈ। ਤੁਸੀਂ ਸਾਡੇ ਰਾਜਾ ਨਹੀਂ ਹੋ।’’ ਥੋਰਪੇ ਨੂੰ ਕਈ ਚਰਚਿਤ ਵਿਰੋਧ ਪ੍ਰਦਰਸ਼ਨਾਂ ਕਾਰਨ ਜਾਣਿਆ ਜਾਂਦਾ ਹੈ। -ਏਪੀ