For the best experience, open
https://m.punjabitribuneonline.com
on your mobile browser.
Advertisement

ਪੁਲੀਸ ਮੁਲਾਜ਼ਮ ਦੀ ਹੱਤਿਆ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਸਬੂਤ: ਬਾਜਵਾ

07:51 AM Mar 19, 2024 IST
ਪੁਲੀਸ ਮੁਲਾਜ਼ਮ ਦੀ ਹੱਤਿਆ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਦਾ ਸਬੂਤ  ਬਾਜਵਾ
ਮਿਲਣੀ ਦੌਰਾਨ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 18 ਮਾਰਚ
ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਆਜ਼ਾਦ ਤੇ ਨਿਰਪੱਖ ਚੋਣਾਂ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਿਆਰ ਹੋਣ ਦੇ ਦਾਅਵੇ ਨੂੰ ਰੱਦ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਚੋਣ ਕਮਿਸ਼ਨ ਅਨੁਸਾਰ 16 ਮਾਰਚ ਤੋਂ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਇਸ ਤੋਂ ਇਕ ਦਿਨ ਬਾਅਦ 17 ਮਾਰਚ ਨੂੰ ਮੁਕੇਰੀਆਂ ਸਬ-ਡਿਵੀਜ਼ਨ ਦੇ ਪਿੰਡ ਮਨਸੂਰਪੁਰ ’ਚ ਪੰਜਾਬ ਪੁਲੀਸ ਦੇ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦਾ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨੇ ਸੂਬੇ ਵਿੱਚ ਅਪਰਾਧ ਨੂੰ ਕੰਟਰੋਲ ਕਰਨ ਬਾਰੇ ‘ਆਪ’ ਸਰਕਾਰ ਦੇ ਝੂਠੇ ਦਾਅਵਿਆਂ ਦਾ ਪਰਦਾਫਾਸ਼ ਕੀਤਾ ਹੈ।
ਸ੍ਰੀ ਬਾਜਵਾ ਨੇ ਕਿਹਾ ਕਿ ਸੂਬੇ ਵਿੱਚ ਵੱਧ ਰਹੇ ਬੰਦੂਕ ਕਲਚਰ ਅਤੇ ਗੈਂਗਸਟਰਵਾਦ ਦਾ ਮੁੱਦਾ ਕਈ ਵਾਰ ਉਠਾਇਆ ਗਿਆ। ਇਸ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮੁੱਦੇ ’ਤੇ ਗੰਭੀਰਤਾ ਦਿਖਾਉਣ ਵਿੱਚ ਅਸਫਲ ਰਹੇ ਹਨ। ਮ੍ਰਿਤਕ ਕਾਂਸਟੇਬਲ ਦੇ ਪਰਿਵਾਰ ਨੇ ਗੈਂਗਸਟਰਾਂ ’ਤੇ ਲਗਾਮ ਕੱਸਣ ’ਚ ‘ਆਪ’ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਅਸਮਰੱਥਾ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਅਗਸਤ 2023 ਵਿਚ ਫਗਵਾੜਾ ਵਿਚ 4 ਹਥਿਆਰਬੰਦ ਗੈਂਗਸਟਰਾਂ ਨਾਲ ਮੁਕਾਬਲੇ ’ਚ ਇਕ ਪੁਲੀਸ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਮਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਪੁਲੀਸ ਆਪਣੀ ਰੱਖਿਆ ਨਹੀਂ ਕਰ ਸਕਦੀ ਤਾਂ ਪੰਜਾਬ ਦੇ ਨਾਗਰਿਕਾਂ ਦੀ ਸੁਰੱਖਿਆ ਕਿਵੇਂ ਯਕੀਨੀ ਬਣਾਈ ਜਾ ਸਕਦੀ ਹੈ। ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ 2022 ਵਿੱਚ ‘ਆਪ’ ਦੇ ਪੰਜਾਬ ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਸੂਬੇ ਵਿੱਚ ਸੰਗਠਿਤ ਅਪਰਾਧ, ਜਬਰੀ ਵਸੂਲੀ ਤੇ ਗੈਂਗਸਟਰਵਾਦ ਤੇਜ਼ੀ ਨਾਲ ਵਧਿਆ ਹੈ, ਜਿਸ ’ਤੇ ਸੂਬਾ ਸਰਕਾਰ ਨੱਥ ਪਾਉਣ ਵਿੱਚ ਅਸਮਰੱਥ ਹੈ।

Advertisement

ਵਿਰੋਧੀ ਧਿਰ ਦੇ ਆਗੂ ਬਾਜਵਾ ਡੇਰਾ ਬਿਆਸ ਪੁੱਜੇ

ਰਈਆ (ਪੱਤਰ ਪ੍ਰੇਰਕ): ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਬੀਤੀ ਸ਼ਾਮ ਡੇਰਾ ਰਾਧਾ ਸੁਆਮੀ ਬਿਆਸ ਪੁੱਜੇ। ਉਨ੍ਹਾਂ ਡੇਰੇ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਕਰੀਬ ਇੱਕ ਘੰਟਾ ਗੱਲਬਾਤ ਕੀਤੀ। ਮੁਲਾਕਾਤ ਮਗਰੋਂ ਸ੍ਰੀ ਬਾਜਵਾ ਨੇ ਕਿਹਾ, ‘ਰੂਹ ਕੋ ਸਕੂਨ ਮਿਲਾ ਹੈ ਉਨਸੇ ਮਿਲਨੇ ਕੇ ਬਾਅਦ।’’ ਜ਼ਿਕਰਯੋਗ ਹੈ ਕਿ ਡੇਰਾ ਰਾਧਾ ਸੁਆਮੀ ਸਤਿਸੰਗ ਬਿਆਸ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਰਾਜਸੀ ਆਗੂ ਡੇਰਾ ਮੁਖੀ ਨਾਲ ਮੁਲਾਕਾਤ ਕਰਨ ਲਈ ਆਉਂਦੇ ਰਹਿੰਦੇ ਹਨ ਅਤੇ ਬੀਤੇ ਦਿਨਾਂ ਦੌਰਾਨ ਵੀ ਕਈ ਪ੍ਰਮੁੱਖ ਭਾਜਪਾ ਆਗੂ ਡੇਰਾ ਬਿਆਸ ਮੁਖੀ ਨਾਲ ਮੁਲਾਕਾਤ ਕਰ ਚੁੱਕੇ ਹਨ।

Advertisement
Author Image

joginder kumar

View all posts

Advertisement
Advertisement
×