ਗੋਲੀ ਮਾਰ ਕੇ ਇੱਕ ਵਿਅਕਤੀ ਦਾ ਕਤਲ
ਗੁਰਦੇਵ ਸਿੰਘ ਗਹੂੰਣ
ਬਲਾਚੌਰ, 3 ਅਪਰੈਲ
ਬਲਾਚੌਰ-ਨਵਾਂਸ਼ਹਿਰ ਕੌਮੀ ਮਾਰਗ ’ਤੇ ਗੜ੍ਹੀ ਕਾਨੂੰਗੋਆਂ ਲਾਗੇ ਪੈਂਦੇ ਐੱਸਜੀਐੱਸਐੱਮ ਹਸਪਤਾਲ ਮਹਿਤਪੁਰ ਉਲੱਦਣੀ ਕੋਲ ਅੱਜ ਦੇਰ ਸ਼ਾਮ ਦੋ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਇੱਕ ਵਿਅਕਤੀ ਨੂੰ ਹਲਾਕ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਰਤਨਦੀਪ ਸਿੰਘ ਵਾਸੀ ਪਿੰਡ ਰੌੜ, ਜ਼ਿਲ੍ਹਾ ਜੀਂਦ (ਹਰਿਆਣਾ) ਆਪਣੇ ਭਾਣਜੇ ਗੁਰਪ੍ਰੀਤ ਸਿੰਘ ਵਾਸੀ ਪਿੰਡ ਜੱਟਪੁਰ, ਜ਼ਿਲ੍ਹਾ ਕਰਨਾਲ (ਹਰਿਆਣਾ) ਆਪਣੀ ਕਾਰ ਰਾਹੀਂ ਬਲਾਚੌਰ-ਨਵਾਂ ਸ਼ਹਿਰ ਕੌਮੀ ਮਾਰਗ ’ਤੇ ਗੜ੍ਹੀ ਕਾਨੂੰਗੋਆਂ ਨੇੜੇ ਪੈਂਦੇ ਐੱਸਜੀਐੱਸਐੱਮ ਹਸਪਤਾਲ ਮਹਿਤਪੁਰ ਉਲੱਦਣੀ, ਥਾਣਾ ਸਦਰ ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ਲਾਗੇ ਅਣਪਛਾਤੇ ਵਿਅਕਤੀਆਂ ਤੋਂ 45 ਹਜ਼ਾਰ ਰੁਪਏ ਲੈਣ ਲਈ ਆਏ ਸਨ। ਦੋ ਅਣਪਛਾਤੇਵਿਅਕਤੀ ਜਿਹੜੇ ਪੈਸੇ ਦੇਣ ਲਈ ਮੋਟਰਸਾਈਕਲ ’ਤੇ ਆਏ ਸਨ, ਨੇ ਪੈਸੇ ਗਿਣ ਰਹੇ ਰਤਨਦੀਪ ਸਿੰਘ ਵਾਸੀ ਪਿੰਡ ਰੌੜ, ਜ਼ਿਲ੍ਹਾ ਜੀਂਦ (ਹਰਿਆਣਾ) ਦੇ ਸਿਰ ਵਿੱਚ ਗੋਲੀ ਮਾਰ ਦਿੱਤੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਦਰ ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ।