ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੰਦਿਆਂ ਕਿਲ੍ਹਾ ਰਾਏਪੁਰ ਖੇਡਾਂ ਸਮਾਪਤ
ਸਤਵਿੰਦਰ ਬਸਰਾ
ਲੁਧਿਆਣਾ, 2 ਫਰਵਰੀ
ਮਿਨੀ ਪੇਂਡੂ ਓਲੰਪਿਕ ਖੇਡਾਂ ਵਜੋਂ ਮਸ਼ਹੂਰ ਕਿਲ੍ਹਾ ਰਾਏਪੁਰ ਦੀਆਂ ਤਿੰਨ ਦਿਨਾਂ ਖੇਡਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੁਨੇਹਾ ਦਿੰਦੀਆਂ ਅੱਜ ਦੇਰ ਸ਼ਾਮ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਦੌਰਾਨ ਅੱਜ ਵੱਖ-ਵੱਖ ਰੌਚਕ ਮੁਕਾਬਲੇ ਕਰਵਾਏ ਗਏ। ਐਥਲੈਟਿਕ ਲੜਕਿਆਂ ਦੀ 200 ਮੀਟਰ ਦੌੜ ਵਿੱਚੋਂ ਮੋਗਾ ਦਾ ਜਸ਼ਨਪ੍ਰੀਤ ਅਤੇ ਲੜਕੀਆਂ ਵਿੱਚੋਂ ਦਿੱਲੀ ਦੀ ਸਿਮਰਨਦੀਪ ਕੌਰ ਜੇਤੂ ਰਹੀ। 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ 100 ਮੀਟਰ ਦੌੜ ਬਿੱਕਰ ਸਿੰਘ ਨੇ ਜਿੱਤੀ। ਪੰਜਾਬ ਸਰਕਾਰ ਵੱਲੋਂ ਕਰਵਾਈਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਦੇ ਅੱਜ ਆਖ਼ਰੀ ਦਿਨ ਜਿੱਥੇ ਪੁਰਾਤਨ ਖੇਡਾਂ ਕਰਵਾਈਆਂ ਗਈਆਂ, ਉੱਥੇ ਅਥਲੈਟਿਕ, ਹਾਕੀ, ਵਾਲੀਬਾਲ ਸ਼ੂਟਿੰਗ ਦੇ ਫਸਵੇਂ ਮੁਕਾਬਲੇ ਦੇਖਣ ਨੂੰ ਮਿਲੇ। ਖੇਡਾਂ ਦੇ ਆਖ਼ਰੀ ਦਿਨ ਲੜਕਿਆਂ ਦੇ ਹਾਕੀ ਮੁਕਾਬਲਿਆਂ ਦੇ ਫਾਈਨਲ ਮੈਚ ਵਿੱਚ ਸ਼ਾਹਬਾਦ ਮਾਰਕੰਡਾ ਦੀ ਟੀਮ ਨੇ ਜਰਖੜ ਅਕੈਡਮੀ ਨੂੰ 4-2 ਅੰਕਾਂ ਨਾਲ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੀ ਕਬੱਡੀ ਸਰਕਲ ਵਿੱਚ ਏਕਨੂਰ ਕਲੱਬ ਫ਼ਰੀਦਕੋਟ ਨੇ ਪਹਿਲਾ ਤੇ ਜਗਤਪੁਰਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਵਾਲੀਬਾਲ ਸੂਟਿੰਗ ਵਿੱਚ ਬਾਸੀਆ ਬੇਟ ਨੇ ਪਹਿਲਾ ਅਤੇ ਅਹਿਮਦਗੜ੍ਹ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਲੜਕੇ ਅੰਡਰ-19 ਦੇ ਮੁਕਾਬਲੇ ਵਿੱਚ ਖੋ-ਖੋ ਕੋਚਿੰਗ ਸੈਂਟਰ ਜਵਾਹਰ ਨਗਰ ਲੁਧਿਆਣਾ ਨੇ ਪਹਿਲਾ, ਐਸਓਈ ਜਵਾਹਰ ਨਗਰ ਲੁਧਿਆਣਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਰੱਸਾਕੱਸ਼ੀ ਵਿੱਚ ਖੋਸਾ ਕੋਟਲਾ, ਮੋਗਾ ਨੇ ਪਹਿਲਾ ਜਦਕਿ ਸ਼ਰੀਹ ਸ਼ੰਕਰ, ਜਲੰਧਰ ਦੀ ਟੀਮ ਦੂਜੇ ਥਾਂ ਰਹੀ। ਅਥਲੈਟਿਕਸ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਲੜਕਿਆਂ ਦੀ 200 ਮੀਟਰ ਦੌੜ ਵਿੱਚੋਂ ਮੋਗਾ ਦਾ ਜਸ਼ਨਪ੍ਰੀਤ ਸਿੰਘ, ਲੜਕੀਆਂ ਵਿੱਚੋਂ ਦਿੱਲੀ ਦੀ ਸਿਮਰਨਦੀਪ ਕੌਰ, ਲੜਕੇ 800 ਮੀਟਰ ਵਿੱਚੋਂ ਸ੍ਰੀ ਮੁਕਤਸਰ ਸਾਹਿਬ ਦਾ ਆਕਾਸ਼ਦੀਪ ਸਿੰਘ ਅਤੇ ਲੜਕੀਆਂ ਵਿੱਚੋਂ ਹੁਸ਼ਿਆਰਪੁਰ ਦੀ ਪੂਜਾ, ਲੜਕਿਆਂ ਦੀ ਉੱਚੀ ਛਾਲ ਵਿੱਚ ਗੁਰਦਾਸਪੁਰ ਦੇ ਰੋਸ਼ਨਪ੍ਰੀਤ ਸਿੰਘ ਅਤੇ ਲੜਕੀਆਂ ਵਿੱਚੋਂ ਤਰਨ ਤਾਰਨ ਦੀ ਰਿੰਪਲ ਕੌਰ ਨੇ ਪਹਿਲੀਆਂ ਪੁਜੀਸ਼ਨਾਂ ਲਈਆਂ। ਇਸੇ ਤਰ੍ਹਾਂ 65 ਸਾਲ ਤੋਂ ਵੱਧ ਉਮਰ ਦੇ ਖਿਡਾਰੀਆਂ ਦੀ 100 ਮੀਟਰ ਦੌੜ ਵਿੱਚ ਮੁਹਾਲੀ ਦੇ ਜੀਤ ਸਿੰਘ, 70 ਸਾਲ ਤੋਂ ਵੱਧ ਮਰਦਾਂ ਦੀ ਦੌੜ ਵਿੱਚ ਹੁਸ਼ਿਆਰਪੁਰ ਦੇ ਸੁਰਿੰਦਰਪਾਲ ਸ਼ਰਮਾ ਤੇ 75 ਸਾਲ ਤੋਂ ਉਪਰ ਵਰਗ ’ਚ ਗੁਰਦਾਸਪੁਰ ਦੇ ਸਰਬਜੀਤ ਸਿੰਘ ਨੇ ਪਹਿਲੇ ਸਥਾਨ ਹਾਸਲ ਕੀਤੇ। ਇਸੇ ਤਰ੍ਹਾਂ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ 100 ਮੀਟਰ ਦੌੜ ਵਿੱਚੋਂ ਫਿਰੋਜ਼ਪੁਰ ਦਾ ਬਿੱਕਰ ਸਿੰਘ ਪਹਿਲੇ, ਬਰਨਾਲਾ ਦਾ ਛੱਜੂ ਰਾਮ ਦੂਜੇ ਅਤੇ ਗੁਰਦਾਸਪੁਰ ਦਾ ਗੁਰਦਿਆਲ ਸਿੰਘ ਤੀਜੇ ਸਥਾਨ ’ਤੇ ਰਿਹਾ।