ਕਿੱਕਲੀ ਕਲੀਰ ਦੀ...
ਜਸਵਿੰਦਰ ਸਿੰਘ ਰੁਪਾਲ
ਸਮੇਂ ਦੀ ਤਬਦੀਲੀ ਨੇ ਸਾਡੇ ਰਸਮ ਰਿਵਾਜ, ਸਾਡੇ ਸ਼ੌਕ, ਸਾਡੇ ਕਿੱਤੇ, ਸਾਡੀਆਂ ਖੇਡਾਂ, ਸਾਡੇ ਲੋਕ-ਗੀਤ ਆਦਿ ਸਭ ਕੁਝ ਹੀ ਬਦਲ ਕੇ ਰੱਖ ਦਿੱਤਾ ਹੈ। ਆਉਣ ਵਾਲੀ ਪੀੜ੍ਹੀ ਨੂੰ ਉਹ ਸਭ ਕੁਝ ਓਪਰਾ ਹੀ ਨਹੀਂ ਲੱਗੇਗਾ, ਸਗੋਂ ਨਿਰਾਰਥਕ ਅਤੇ ਬੇਲੋੜਾ ਵੀ ਲੱਗੇਗਾ। ਅੱਜ ਜਦੋਂ ਬੱਚਿਆਂ ਨੂੰ ਕੰਪਿਊਟਰ ’ਤੇ ਵੀਡੀਓ ਗੇਮਜ਼ ਖੇਡਦਿਆਂ ਦੇਖਦੇ ਹਾਂ, ਤਾਂ ਮਨ ਵਿੱਚ ਬੱਚਿਆਂ ਦੀਆਂ ਪੁਰਾਣੀਆਂ ਖੇਡਾਂ ਸੁਭਾਵਿਕ ਹੀ ਆ ਜਾਂਦੀਆਂ ਹਨ ਜਿਨ੍ਹਾਂ ਵਿੱਚ ਉਨ੍ਹਾਂ ਨੂੰ ਸਾਥੀ ਨਾਲ ਖੇਡਣ, ਰੁੱਸਣ, ਮਨਾਉਣ ਅਤੇ ਦੂਜੇ ਨਾਲ ਪੀਡੀਆਂ ਸਾਂਝਾਂ ਪਾਉਣ ਦਾ ਪਤਾ ਲੱਗਦਾ ਸੀ। ਕੁੜੀਆਂ ਦੀ ਇੱਕ ਅਜਿਹੀ ਹੀ ਖੇਡ ਕਿੱਕਲੀ ਸੀ।
ਇਹ ਨਿੱਕੀਆਂ ਬੱਚੀਆਂ ਅਤੇ ਅੱਲੜ੍ਹ ਮੁਟਿਆਰਾਂ ਦਾ ਨਾਚ ਹੈ। ਇਸ ਵਿੱਚ ਦੋ ਕੁੜੀਆਂ ਆਹਮੋ ਸਾਹਮਣੇ ਖਲੋ ਕੇ ਸੱਜੇ ਹੱਥ ਨੂੰ ਸੱਜੇ ਨਾਲ ਅਤੇ ਖੱਬੇ ਹੱਥ ਨੂੰ ਖੱਬੇ ਨਾਲ ਫੜਕੇ ਕੰਘੀ ਪਾ ਲੈਂਦੀਆਂ ਹਨ। ਫਿਰ ਉਹ ਆਪਣੇ ਪੈਰਾਂ ਦੀਆਂ ਅੱਡੀਆਂ ਜੋੜ ਕੇ ਇੱਕ ਦੂਜੀ ਦੇ ਪੈਰਾਂ ਦੀਆਂ ਉਂਗਲਾਂ ਜੋੜ ਲੈਂਦੀਆਂ ਹਨ। ਹੁਣ ਬਾਹਾਂ ਨੂੰ ਕਸ ਕੇ ਸਰੀਰ ਦਾ ਭਾਰ ਪਿੱਛੇ ਨੂੰ ਸੁੱਟ ਕੇ ਪੈਰਾਂ ’ਤੇ ਇੱਕ ਚੱਕਰ ਵਿੱਚ ਘੁੰਮਦੀਆਂ ਹਨ। ਇਸ ਤਰ੍ਹਾਂ ਤੇਜ਼ ਤੇਜ਼ ਗੋਲ ਚੱਕਰ ਕੱਢਦੀਆਂ ਹਨ ਅਤੇ ਨਾਲ ਨਾਲ ਜ਼ੁਬਾਨ ਤੋਂ ਕਿੱਕਲੀ ਦੇ ਗੀਤ ਵੀ ਗਾਉਂਦੀਆਂ ਹਨ। ਕਈ ਵਾਰ ਬਾਕੀ ਕੁੜੀਆਂ ਇਨ੍ਹਾਂ ਦੇ ਦੁਆਲੇ ਚੱਕਰ ਬਣਾ ਕੇ ਗਿੱਧਾ ਪਾਉਂਦੀਆਂ ਹਨ ਅਤੇ ਕਈ ਵਾਰ ਉਨ੍ਹਾਂ ਵਿੱਚੋਂ ਵੀ ਦੋ ਦੋ ਦੇ ਜੁੱਟ ਬਣਾ ਕੇ ਉਹ ਵੀ ਕਿੱਕਲੀ ਪਾਉਣ ਲੱਗਦੀਆਂ ਹਨ। ਗੀਤਾਂ ਦੀ ਧੁਨ ਉੱਠਦੀ ਹੈ:
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਭਰਜਾਈ ਦਾ
ਫਿੱਟੇ ਮੂੰਹ ਜਵਾਈ ਦਾ।
***
ਗਈ ਸਾਂ ਮੈਂ ਗੰਗਾ
ਚੜ੍ਹਾ ਲਿਆਈ ਵੰਗਾਂ
ਅਸਮਾਨੀ ਮੇਰਾ ਘੱਗਰਾ
ਮੈਂ ਕਿਹੜੀ ਕਿੱਲੀ ਟੰਗਾਂ
ਨੀਂ ਮੈਂ ਏਸ ਕਿੱਲੀ ਟੰਗਾਂ
ਨੀਂ ਮੈਂ ਓਸ ਕਿੱਲੀ ਟੰਗਾਂ।
ਕਿੱਕਲੀ ਸ਼ਬਦ ਦੀ ਉਤਪਤੀ ਕਿਲਕਿਲਾ ਸ਼ਬਦ ਤੋਂ ਹੋਈ ਹੈ। ਕਿਲਕਿਲਾ ਦਾ ਭਾਵ ਹੈ ਆਨੰਦ ਦੇਣ ਵਾਲੀ ਧੁਨੀ। ਪੋਠੋਹਾਰ ਦੇ ਇਲਾਕੇ ਵਿੱਚ ਇਸ ਨੂੰ ਕਿਰਕਿਲੀ ਵੀ ਕਿਹਾ ਜਾਂਦਾ ਹੈ। ਇਹ ਖੇਡਮਈ ਨਾਚ ਕੁੜੀਆਂ ਨੂੰ ਬਹੁਤ ਜ਼ਿਆਦਾ ਖ਼ੁਸ਼ੀ ਦਿੰਦਾ ਹੈ। ਉਹ ਚੱਕਰ ਵਿੱਚ ਇੰਨੇ ਜ਼ੋਰ ਦੀ ਘੁੰਮਦੀਆਂ ਹਨ ਕਿ ਉਨ੍ਹਾਂ ਦਾ ਆਪਣੇ ਸਰੀਰ ਦਾ ਸੰਤੁਲਨ ਬਣਾਈ ਰੱਖਣਾ ਅਤੇ ਲਗਾਤਾਰ ਘੁੰਮਦੇ ਰਹਿਣਾ ਵੱਡੀ ਮੁਹਾਰਤ ਅਤੇ ਕੁਸ਼ਲਤਾ ਦੀ ਮੰਗ ਕਰਦਾ ਹੈ। ਗੋਲ ਚੱਕਰ ਵਿੱਚ ਘੁੰਮਦੀਆਂ ਚੀਜ਼ਾਂ ਛੋਟੇ ਬੱਚਿਆਂ ਨੂੰ ਵੈਸੇ ਵੀ ਖ਼ੁਸ਼ੀ ਦਿੰਦੀਆਂ ਹਨ। ਕਿੱਕਲੀ ਪਾਉਂਦੀਆਂ ਬੱਚੀਆਂ ਨੂੰ ਪਸੀਨਾ ਆ ਜਾਂਦਾ ਹੈ, ਕਈਆਂ ਨੂੰ ਸਾਹ ਵੀ ਚੜ੍ਹ ਜਾਂਦਾ ਹੈ, ਪਰ ਮਨ ਦੀ ਖ਼ੁਸ਼ੀ ਅਤੇ ਆਨੰਦ ਉਨ੍ਹਾਂ ਦਾ ਹੌਸਲਾ ਬਣਾਈ ਰੱਖਦਾ ਹੈ। ਜਦੋਂ ਪਹਿਲੀਆਂ ਦੋ ਕੁੜੀਆਂ ਥੱਕ ਜਾਂਦੀਆਂ ਹਨ, ਤਾਂ ਅਗਲੀਆਂ ਕੁੜੀਆਂ ਪਿੜ ਵਿੱਚ ਆ ਜਾਂਦੀਆਂ ਹਨ ਅਤੇ ਉਹ ਉਸੇ ਤਰ੍ਹਾਂ ਕਿੱਕਲੀ ਪਾਉਣ ਲੱਗਦੀਆਂ ਹਨ। ਇਹ ਕੰਮ ਓਨੀ ਦੇਰ ਤੱਕ ਜਾਰੀ ਰਹਿੰਦਾ ਹੈ, ਜਿੰਨੀ ਦੇਰ ਤੱਕ ਉਨ੍ਹਾਂ ਕੋਲ ਕਿੱਕਲੀ ਨਾਲ ਸਬੰਧਿਤ ਬੋਲੀਆਂ ਅਤੇ ਗੀਤ ਹਨ। ਕੁਝ ਗੀਤ ਇਸ ਤਰ੍ਹਾਂ ਹਨ:
ਕਿੱਕਲੀ ਪਾਵਣ ਆਈਆਂ
ਬਦਾਮ ਖਾਵਣ ਆਈਆਂ
ਬਦਾਮ ਦੀ ਗੁੱਲੀ ਮਿੱਠੀ
ਮੈਂ ਵੀਰ ਦੀ ਕੁੜੀ ਡਿੱਠੀ
ਮੇਰੇ ਵੀਰ ਦੀ ਕੁੜੀ ਕਾਲੀ
ਮੈਨੂੰ ਆ ਗਈ ਭਵਾਲੀ
ਥਾਲੀ ਥਾਲੀ ਥਾਲੀ।
***
ਕਿੱਕਲੀ ਕੁਲੱਸ ਦੀ, ਲੱਤ ਭੱਜੇ ਸੱਸ ਦੀ
ਗੋਡਾ ਭੱਜੇ ਜੇਠ ਦਾ, ਝੀਤਾਂ ਵਿੱਚੀਂ ਵੇਖਦਾ
ਮੋੜ ਸੂ ਜਠਾਣੀਏ, ਮੋੜ ਸੱਸੇ ਰਾਣੀਏ
ਸੱਸ ਦਾਲ ਚਾ ਪਕਾਈ, ਛੰਨਾ ਭਰ ਕੇ ਲਿਆਈ
ਸੱਸ ਖੀਰ ਚਾ ਪਕਾਈ, ਹੇਠ ਟੰਗਣੇ ਲੁਕਾਈ।
ਅੰਦਰ ਬਾਹਰ ਵੜਦੀ ਖਾਵੇ, ਭੈੜੀ ਗੱਲ-ਗੜ੍ਹੱਪੇ ਲਾਵੇ
ਲੋਕੋਂ ਸੱਸਾਂ ਬੁਰੀਆਂ ਵੇ, ਕਲੇਜੇ ਲਾਵਣ ਛੁਰੀਆਂ ਵੇ।
ਗੀਤਾਂ ਦਾ ਵਿਸ਼ਾ ਆਮ ਲੋਕ-ਗੀਤਾਂ ਅਤੇ ਬੋਲੀਆਂ ਵਾਂਗ ਹੀ ਸਮਾਜਿਕ ਅਤੇ ਰੋਜ਼ਾਨਾ ਜ਼ਿੰਦਗੀ ਦੇ ਆਮ ਮਸਲੇ ਹੁੰਦੇ ਹਨ। ਇਨ੍ਹਾਂ ਵਿੱਚ ਸਾਡੇ ਸਮਾਜਿਕ ਅਤੇ ਪਰਿਵਾਰਕ ਰਿਸ਼ਤਿਆਂ ਦੀ ਮਿਠਾਸ, ਨਿਹੋਰੇ ਅਤੇ ਉਲਾਂਭੇ ਵੀ ਸਮੋਏ ਹੁੰਦੇ ਹਨ। ਜਿੱਥੇ ਉਸ ਸਮੇਂ ਦੀ ਸਮਾਜ ਵਿੱਚ ਪ੍ਰਚੱਲਤ ਧਾਰਨਾ ਅਨੁਸਾਰ ਮਰਦ ਨੂੰ ਪਿਓ, ਵੀਰ ਅਤੇ ਕੰਤ ਦੇ ਰੂਪ ਵਿੱਚ ਵਡਿਆਇਆ ਜਾਂਦਾ ਸੀ, ਉੱਥੇ ਸੱਸ ਨਾਲ ਹਲਕੀ ਫੁਲਕੀ ਨੋਕ ਝੋਕ ਵੀ ਚੱਲਦੀ ਸੀ। ਕਿਉਂਕਿ ਉਸ ਸਮੇਂ ਲੜਕੀਆਂ ਨੂੰ ਛੋਟੀ ਉਮਰ ਵਿੱਚ ਹੀ ਵਿਆਹ ਦਿੱਤਾ ਜਾਂਦਾ ਸੀ। ਜਿਨ੍ਹਾਂ ਦਾ ਨਹੀਂ ਵੀ ਸੀ ਹੋਇਆ ਹੁੰਦਾ, ਉਨ੍ਹਾਂ ਦਾ ਵਾਹ ਵੀ ਸੰਯੁਕਤ ਪਰਿਵਾਰ ਨਾਲ ਪਿਆ ਹੋਣ ਕਰਕੇ ਉਨ੍ਹਾਂ ਨੂੰ ਇਨ੍ਹਾਂ ਰਿਸ਼ਤਿਆਂ ਦੀ ਪੂਰੀ ਸਮਝ ਹੁੰਦੀ ਸੀ। ਇਨ੍ਹਾਂ ਗੀਤਾਂ ਵਿੱਚ ਸੱਸ ਹੀ ਨਹੀਂ, ਨਣਦ ਭਰਜਾਈਆਂ ਦਾ ਜ਼ਿਕਰ ਵੀ ਹੁੰਦਾ ਸੀ। ਇਨ੍ਹਾਂ ਪਰਿਵਾਰਕ ਰਿਸ਼ਤਿਆਂ ਦਾ ਮੋਹ ਪਿਆਰ, ਦੂਜੇ ਲਈ ਕੁਝ ਕਰਨ ਦਾ ਚਾਅ ਅਤੇ ਪਰਿਵਾਰ ਦੀ ਹੀ ਨਹੀਂ, ਸਗੋਂ ਸੰਸਾਰ ਦੇ ਵੀ ਸੁਖ ਦੀ ਕਾਮਨਾ ਇਨ੍ਹਾਂ ਗੀਤਾਂ ਵਿੱਚ ਕੀਤੀ ਗਈ ਮਿਲਦੀ ਹੈ। ਜਿਵੇਂ:
ਐਸ ਗਲੀ ਮੈਂ ਆਵਾਂ ਜਾਵਾਂ
ਐਸ ਗਲੀ ਲਸੂੜ੍ਹਾ
ਭਾਬੋ ਮੰਗੇ ਮੁੰਦਰੀਆਂ
ਨਨਾਣ ਮੰਗੇ ਚੂੜਾ
ਨੀਂ ਇਹ ਲਾਲ ਲਸੂੜ੍ਹਾ।
***
ਕਿੱਕਲੀ ਕਲਾਈ ਦੀ
ਸੁੱਖ ਮੰਗਾਂ ਭਾਈ ਦੀ
ਤਾਏ ਅਤੇ ਤਾਈ ਦੀ
ਭਾਪੇ ਅਤੇ ਝਾਈ ਦੀ
ਘਰ ਪਰਿਵਾਰ ਦੀ
ਸਾਰੇ ਸੰਸਾਰ ਦੀ।
ਵੈਸੇ ਤਾਂ ਨੱਚਣ ਗਾਉਣ ਅਤੇ ਖੇਡਣ ਲਈ ਸਾਰੇ ਸਮੇਂ ਹੀ ਢੁੱਕਵੇਂ ਹੁੰਦੇ ਹਨ ਪਰ ਸਾਉਣ ਦਾ ਮਹੀਨਾ ਇਸ ਕਰਕੇ ਆਪਣੀ ਵਿਸ਼ੇਸ਼ਤਾ ਰੱਖਦਾ ਹੈ ਕਿਉਂਕਿ ਇਸ ਮਹੀਨੇ ਤੀਆਂ ਲੱਗਦੀਆਂ ਹੁੰਦੀਆਂ ਸਨ। ਵਿਆਹੀਆਂ ਹੋਈਆਂ ਲੜਕੀਆਂ ਵੀ ਆਪਣੇ ਪੇਕੇ ਘਰ ਆਉਂਦੀਆਂ ਸਨ ਅਤੇ ਬੋਹੜ ਅਤੇ ਪਿੱਪਲਾਂ ਥੱਲੇ ਪੀਂਘਾਂ ਝੂਟਦੀਆਂ ਲੜਕੀਆਂ ਗਿੱਧੇ ਦੇ ਰੰਗ ਬੰਨ੍ਹਦੀਆਂ ਸਨ। ਇਸ ਸਮੇਂ ਹੋਰ ਗਿੱਧੇ ਨਾਲ ਕਿੱਕਲੀ ਵੀ ਚੱਲਦੀ ਸੀ। ਇਨ੍ਹਾਂ ਗੀਤਾਂ ਵਿੱਚ ਸਾਉਣ ਮਹੀਨੇ ਦੇ ਮਨਪਸੰਦ ਪਕਵਾਨ ਖੀਰ ਪੂੜਿਆਂ ਦਾ ਜ਼ਿਕਰ ਵੀ ਮਿਲਦਾ ਹੈ ਅਤੇ ਸਖੀਆਂ ਨੂੰ ਹੋਰ ਜ਼ੋਰ ਨਾਲ ਗਿੱਧਾ ਪਾਉਣ ਅਤੇ ਨੱਚਣ ਦੀ ਤਾਕੀਦ ਵੀ ਹੈ। ਜਿੱਥੇ ਸਰੀਰਕ ਤੌਰ ’ਤੇ ਇਹ ਨਾਚ ਬਹੁਤ ਵਧੀਆ ਕਸਰਤ ਦਾ ਕੰਮ ਕਰਦੇ ਨੇ, ਉੱਥੇ ਇਨ੍ਹਾਂ ਗੀਤਾਂ ਰਾਹੀਂ ਆਪਣੇ ਜਜ਼ਬੇ ਪ੍ਰਗਟਾ ਕੇ ਇਨ੍ਹਾਂ ਕੁੜੀਆਂ ਦਾ ਕਥਾਰਸਿਸ ਵੀ ਹੁੰਦਾ ਹੈ:
ਸਾਉਣ ਸਹੀਆਂ ਹੋਈਆਂ ਇਕੱਠੀਆਂ
ਖੀਰ ਬਣ ਗਈ ਪੂੜਿਆਂ ਦੀ ਵਾਰੀ
ਬੋਹੜ ਥੱਲੇ ਪਾਉਣ ਕਿੱਕਲੀ
ਤੀਆਂ ਲੱਗੀਆਂ ਸਾਉਣ ਦੀਆਂ ਭਾਰੀ
ਪਿੱਪਲੀਂ ਪੀਂਘਾਂ ਪਾ ਲਈਆਂ
ਝੂਟੇ ਲੈਂਦੀਆਂ ਨੇ ਵਾਰੋ ਵਾਰੀ
ਰਹੇ ਨੱਚਣੋ ਨਾ, ਵਿਆਹੀ ਤੇ ਕੁਆਰੀ
ਨੀਂ ਤਾੜੀ ਜ਼ਰਾ ਦੱਬ ਕੇ ਲਾਇਓ
ਅੱਜ ਨੱਚਣਾ ਝਾਂਜਰਾਂ ਵਾਲੀ।
***
ਚਾਰ ਚੁਰਾਸੀ ਘੁਮਰ ਘਾਸੀ
ਨੌਂ ਸੌ ਘੋੜਾ ਨੌਂ ਸੌ ਹਾਥੀ
ਨੌਂ ਸੌ ਫੁੱਲ ਗੁਲਾਬ ਦਾ
ਮੁੰਡੇ ਖੇਡਣ ਗੁੱਲੀ ਡੰਡਾ
ਕੁੜੀਆਂ ਕਿੱਕਲੀ ਪਾਂਦੀਆਂ
ਮੁੰਡੇ ਕਰਦੇ ਖੇਤੀ ਪੱਤੀ
ਕੁੜੀਆਂ ਘਰ ਵਸਾਂਦੀਆਂ।
***
ਤੋ ਵੇ ਤੋਤੜਿਆ ਤੋਤਾ ਸਿਕੰਦਰ ਦਾ
ਪਾਣੀ ਪੀਵੇ ਸਮੁੰਦਰ ਦਾ
ਕੰਮ ਕਰੇ ਦੁਪਹਿਰਾਂ ਦਾ
ਚਿੱਟੀ ਚਾਦਰ ਕਾਕੇ ਦੀ
ਕਾਕੜਾ ਖਿਡਾਨੀ ਆਂ
ਚਾਰ ਛੱਲੇ ਪਾਨੀ ਆਂ
ਇੱਕ ਛੱਲਾ ਰਹਿ ਗਿਆ
ਸਿਪਾਹੀ ਫੜ ਕੇ ਲੈ ਗਿਆ।
ਅੱਜ ਸਮਾਂ ਬਦਲ ਗਿਆ ਹੈ। ਬੱਚੀਆਂ ਪੜ੍ਹਾਈ ਵਿੱਚ ਮਸ਼ਰੂਫ ਹਨ, ਨਵੀਂ ਤਕਨਾਲੋਜੀ ਦੀਆਂ ਨਵੀਆਂ ਖੇਡਾਂ ਵਿੱਚ ਅਸਤ ਵਿਅਸਤ ਹਨ। ਬੋਹੜ ਅਤੇ ਪਿੱਪਲ ਵੀ ਕਿਧਰੇ ਨਹੀਂ ਦਿਖਦੇ। ਉਨ੍ਹਾਂ ’ਤੇ ਪੈਂਦੀਆਂ ਪੀਂਘਾਂ ਵੀ ਉਸ ਲਹਿਜੇ ਵਾਲੀਆਂ ਨਹੀਂ। ਸੱਭਿਆਚਾਰਕ ਵਿਰਸੇ ਨੂੰ ਸੰਭਾਲਣ ਲਈ ਉਚੇਚੇ ਤੌਰ ’ਤੇ ਉਹ ਦ੍ਰਿਸ਼ ਪੈਦਾ ਕਰਨ ਦੇ ਯਤਨ ਹੋ ਰਹੇ ਹਨ, ਪਰ ਅੰਦਰੋਂ ਆਉਂਦੀਆਂ ਬੋਲੀਆਂ ਅਤੇ ਨੱਚਣ ਦਾ ਉਹ ਪ੍ਰਬਲ ਵੇਗ ਵੀ ਹੁਣ ਨਜ਼ਰ ਨਹੀਂ ਆ ਰਿਹਾ।
ਪੁਰਾਤਨ ਖੇਡਾਂ ਬੱਚਿਆਂ ਦਾ ਸਰਬਪੱਖੀ ਵਿਕਾਸ ਕਰਦੀਆਂ ਸਨ। ਜਿੱਥੇ ਇਹ ਉਨ੍ਹਾਂ ਵਿੱਚ ਮਿਲਵਰਤਣ ਦੀ ਭਾਵਨਾ ਪੈਦਾ ਕਰਦੀਆਂ ਸਨ, ਉੱਥੇ ਹੀ ਇਹ ਉਨ੍ਹਾਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਸਹਾਈ ਹੁੰਦੀਆਂ ਸਨ। ਆਧੁਨਿਕ ਸਮੇਂ ਦੀਆਂ ਕੰਪਿਊਟਰ ਗੇਮਾਂ ਵਾਂਗ ਇਹ ਉਨ੍ਹਾਂ ’ਤੇ ਕਿਸੇ ਤਰ੍ਹਾਂ ਦਾ ਮਾੜਾ ਪ੍ਰਭਾਵ ਨਹੀਂ ਪਾਉਂਦੀਆਂ ਸਨ ਬਲਕਿ ਇਹ ਤਾਂ ਉਨ੍ਹਾਂ ਦੀ ਆਪਸੀ ਸਾਂਝ ਨੂੰ ਮਜ਼ਬੂਤ ਕਰਦੀਆਂ ਸਨ। ਉਨ੍ਹਾਂ ਨੂੰ ਆਪਸ ਵਿੱਚ ਰੁੱਸਣ ਅਤੇ ਮਨਾਉਣ ਦਾ ਵੱਲ ਪ੍ਰਦਾਨ ਕਰਦੀਆਂ ਸਨ।
ਹੁਣ ਕਿੱਕਲੀ ਤਾਂ ਨਹੀਂ ਰਹੀ, ਚਲੋ ਜਾਂਦੇ ਜਾਂਦੇ ਨਵੀਂ ਵਿੱਦਿਆ ਅਨੁਸਾਰ ਬਣਾਈ ਗਈ ਨਵੀਂ ਬੋਲੀ ਹੀ ਪੜ੍ਹਦੇ ਚੱਲੀਏ:
ਕਿੱਕਲੀ ਕਲੀਰ ਦੀ
ਸੁਣ ਗੱਲ ਵੀਰ ਜੀ
ਵਿੱਦਿਆ ਦੀ ਰੌਸ਼ਨੀ
ਨ੍ਹੇਰਿਆਂ ਨੂੰ ਚੀਰਦੀ
ਮੇਰੇ ਸੋਹਣੇ ਵੀਰਿਆ
ਸਕੂਲ ਪੜ੍ਹਨ ਜਾਈਂ ਤੂੰ
ਵਿੱਦਿਆ ਦੀ ਪੌੜੀ ’ਤੇ
ਪੈਰ ਜਾ ਟਿਕਾਈ ਤੂੰ
ਕਰਕੇ ਪੜ੍ਹਾਈ ਵੀਰੇ
ਬੀਬਾ ਅਖਵਾਈਂ ਤੂੰ।
ਅਸੀਂ ਆਪਣੇ ਅਮੀਰ ਵਿਰਸੇ ਦੀਆਂ ਇਨ੍ਹਾਂ ਅਮੀਰ ਝਲਕੀਆਂ ਨੂੰ ਸਦਾ ਹੀ ਨਮਸਕਾਰ ਕਰਦੇ ਰਹਾਂਗੇ।