For the best experience, open
https://m.punjabitribuneonline.com
on your mobile browser.
Advertisement

ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਦੀ: ਭਗਵੰਤ ਮਾਨ

07:55 AM May 22, 2024 IST
ਕਿੱਕਲੀ ਕਲੀਰ ਦੀ  ਬੁਰੀ ਹਾਲਤ ਸੁਖਬੀਰ ਦੀ  ਭਗਵੰਤ ਮਾਨ
ਮੰਚ ਤੋਂ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ। -ਫੋਟੋ: ਪਵਨ ਸ਼ਰਮਾ
Advertisement

ਸ਼ਗਨ ਕਟਾਰੀਆ/ਧਰਮਪਾਲ ਤੂਰ/ਇਕਬਾਲ ਸਿੰਘ ਸ਼ਾਂਤ
ਬਠਿੰਡਾ/ਸੰਗਤ ਮੰਡੀ/ਲੰਬੀ, 21 ਮਈ
ਮੁੱਖ ਮੰਤਰੀ ਭਗਵੰਤ ਮਾਨ ਅੱਜ ਪਾਰਟੀ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਹੱਖ ’ਚ ਚੋਣ ਪ੍ਰਚਾਰ ਕਰਨ ਲਈ ਨਜ਼ਦੀਕੀ ਪਿੰਡ ਨਰੂਆਣਾ ਆਏ। ਇੱਥੇ ਉਨ੍ਹਾਂ ਚੋਣ ਰੈਲੀ ਦੌਰਾਨ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਵਿਰੋਧੀਆਂ ’ਤੇ ਤਿੱਖੇ ਨਿਸ਼ਾਨੇ ਸੇਧੇ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨਵੀਂ ‘ਕਿੱਕਲੀ’ ਵਿੱਚ ਬਾਦਲਾਂ ਦੇ ਟੱਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਿਆਖਿਆ ਕੀਤੀ ਹੈ। ਉਨ੍ਹਾਂ ਕਵਿਤਾ ਸੁਣਾਈ ‘ਕਿੱਕਲੀ ਕਲੀਰ ਦੀ, ਬੁਰੀ ਹਾਲਤ ਸੁਖਬੀਰ ਦੀ। ਸਮਝ ਕੁਛ ਆਵੇ ਨਾ, ਵੋਟ ਕੋਈ ਥਿਆਵੇ ਨਾ। ਮੱਖੀ ਉੱਡੇ ਨਾ ਪਿੰਡੇ ਤੋਂ, ਸੀਟ ਫਸ ਗਈ ਬਠਿੰਡੇ ਤੋਂ...।’ ਮੁੱਖ ਮੰਤਰੀ ਨੇ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਧੌਣਾਂ ’ਚੋਂ ਕਿੱਲੇ ਕੱਢਣ ਦਾ ਵੱਡਾ ਤਜਰਬਾ ਹੈ। ਇੱਕ ਵੱਡਾ ਕਿੱਲਾ ਇਨ੍ਹਾਂ ਵਿਧਾਨ ਸਭਾ ਚੋਣਾਂ ਮੌਕੇ ਕੱਢਿਆ ਸੀ, ਹੁਣ ਇੱਕ ਛੋਟੀ ਜਿਹੀ ਕਿੱਲੀ ਫਸੀ ਹੋਈ ਹੈ, ਉਹ ਵੀ ਕੱਢ ਦੇਣਗੇ।’ ਰੈਲੀ ਵਿੱਚ ਬਠਿੰਡਾ ਤੋਂ ਚੋਣ ਲੜ ਰਹੇ ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਚੀਫ਼ ਵਿਪ੍ਹ ਪ੍ਰੋ. ਬਲਜਿੰਦਰ ਕੌਰ ਸਮੇਤ ਕਈ ਵਿਧਾਇਕ ਹਾਜ਼ਰ ਸਨ। ਇਸੇ ਦੌਰਾਨ ਮੁੱਖ ਮੰਤਰੀ ਨੇ ਫ਼ਿਰੋਜ਼ਪੁਰ ਤੋਂ ‘ਆਪ’ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਦੇ ਹੱਕ ਵਿੱਚ ਫਾਜ਼ਿਲਕਾ ਵਿੱਚ ਰੋਡ ਸ਼ੋਅ ਕੀਤਾ।

Advertisement

ਕੰਨ ’ਚ ਫੂਕ ਵੱਜਣ ਮਗਰੋਂ ਵਿਧਾਇਕ ਨੇ ਕੀਤਾ ਮੰਚ ਖਾਲੀ..!

ਰੈਲੀ ’ਚ ਹਾਜ਼ਰ ਦਰਸ਼ਕ ਉਦੋਂ ਦੰਗ ਰਹਿ ਗਏ ਜਦੋਂ ਮੰਚ ’ਤੇ ਬੈਠੇ ਬਠਿੰਡਾ (ਦਿਹਾਤੀ) ਤੋਂ ‘ਆਪ’ ਦੇ ਵਿਧਾਇਕ ਅਮਿਤ ਰਤਨ ਕੋਟਫੱਤਾ ਦੇ ਕੋਲ ਜਾ ਕੇ ਮੁੱਖ ਮੰਤਰੀ ਦੇ ਸੁਰੱਖਿਆ ਗਾਰਡ ਨੇ ਉਨ੍ਹਾਂ ਦੇ ਕੰਨ ਕੋਲ ਮੂੰਹ ਕਰ ਕੇ ਘੁਸਰ-ਮੁਸਰ ਜਿਹੀ ਕੀਤੀ। ਚਿਹਰਿਆਂ ਦੇ ਹਾਵ-ਭਾਵ ਤੋਂ ਜਾਪਦਾ ਸੀ ਕਿ ਵਿਧਾਇਕ ਨੇ ਇਤਰਾਜ਼ ਕਰਦਿਆਂ ਮੁਖ਼ਾਲਫ਼ਤ ਕੀਤੀ ਹੈ ਪਰ ਕੁਝ ਪਲਾਂ ਮਗਰੋਂ ਵਿਧਾਇਕ ਚੁੱਪ-ਚਾਪ ਕੁਰਸੀ ਤੋਂ ਉੱਠੇ ਅਤੇ ਮੰਚ ਤੋਂ ਹੇਠਾਂ ਆ ਗਏ। ਭਾਵੇਂ ਪੁਖ਼ਤਾ ਜਾਣਕਾਰੀ ਕੋਈ ਨਹੀਂ ਪਰ ਲੋਕ ਕਿਆਫ਼ੇ ਲਾ ਰਹੇ ਸਨ ਕਿ ਸੁਰੱਖਿਆ ਕਰਮੀ ਨੂੰ ਮੁੱਖ ਮੰਤਰੀ ਵੱਲੋਂ ਭੇਜਿਆ ਗਿਆ ਹੋਵੇਗਾ। ਗੌਰਤਲਬ ਹੈ ਕਿ ਵਿਧਾਇਕ ਨੂੰ ਕਥਿਤ ਭਿ੍ਰਸ਼ਟਾਚਾਰ ਦੇ ਦੋਸ਼ ਤਹਿਤ ਵਿਜੀਲੈਂਸ ਵੱਲੋਂ ਇੱਕ ਵਾਰ ਗਿ੍ਰਫ਼ਤਾਰ ਕੀਤਾ ਜਾ ਚੁੱਕਾ ਹੈ।

ਸਾਬਕਾ ਅਕਾਲੀ ਵਿਧਾਇਕ ‘ਆਪ’ ਵਿੱਚ ਸ਼ਾਮਲ

ਆਮ ਆਦਮੀ ਪਾਰਟੀ ਨੂੰ ਅੱਜ ਉਦੋਂ ਹੋਰ ਮਜ਼ਬੂਤੀ ਮਿਲੀ, ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ, ਕਾਂਗਰਸੀ ਕੌਂਸਲਰ ਬੇਅੰਤ ਸਿੰਘ ਰੰਧਾਵਾ, ਅਕਾਲੀ ਦਲ ਦੇ ਆਈਟੀ ਵਿੰਗ ਬਠਿੰਡਾ ਦੇ ਪ੍ਰਧਾਨ ਮਨਪ੍ਰੀਤ ਸ਼ਰਮਾ ਅਤੇ ਚੀਫ਼ ਖਾਲਸਾ ਦੀਵਾਨ ਗੁਰਦੁਆਰਾ ਸਿੰਘ ਸਭਾ ਦੇ ਹੈੱਡ ਗ੍ਰੰਥੀ ਜਥੇਦਾਰ ਤੇਜਾ ਸਿੰਘ ਨੇ ਆਮ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਦੇ ਵਿਧਾਇਕ ਜਗਰੂਪ ਸਿੰਘ ਗਿੱਲ ਉਚੇਚੇ ਤੌਰ ’ਤੇ ਹਾਜ਼ਰ ਰਹੇ।

Advertisement
Author Image

joginder kumar

View all posts

Advertisement
Advertisement
×