ਅਗਵਾ ਨੌਜਵਾਨ 14 ਸਾਲਾਂ ਬਾਅਦ ਪਰਿਵਾਰ ਨੂੰ ਮਿਲਿਆ
ਚਰਨਜੀਤ ਸਿੰਘ ਢਿੱਲੋਂ
ਜਗਰਾਉਂ, 30 ਸਤੰਬਰ
ਪਿੰਡ ਮੱਲ੍ਹਾ ਦੇ ਸਾਬਕਾ ਸਰਪੰਚ ਦੇ ਯਤਨ ਸਦਕਾ ਕਰੀਬ 14 ਵਰ੍ਹੇ ਪਹਿਲਾਂ ਵਿਆਹ ਕਰਵਾਉਣ ਬਾਅਦ ਘਰੋਂ ਗਾਇਬ ਹੋਇਆ ਯੂਪੀ ਵਾਸੀ ਨੌਜਵਾਨ ਆਪਣੇ ਪਰਿਵਾਰ ਨੂੰ ਮਿਲ ਗਿਆ ਹੈ। ਇਸ ਸਬੰਧੀ ਸਾਬਕਾ ਸਰਪੰਚ ਹਰਬੰਸ ਸਿੰਘ ਢਿੱਲੋਂ ਨੇ ਦੱਸਿਆ ਕਿ ਸਾਲ ਕੁ ਪਹਿਲਾਂ ਉਨ੍ਹਾਂ ਦੇ ਪਿੰਡ ਮੱਲ੍ਹਾ ਦੀ ਦਾਣਾ ਮੰਡੀ ਵਿੱਚ ਗੁੱਜਰ ਬਰਾਦਰੀ ਦੇ ਲੋਕ ਆ ਕੇ ਰੁਕੇ ਸਨ। ਉਨ੍ਹਾਂ ਨਾਲ ਆਇਆ ਨੌਜਵਾਨ ਉਨ੍ਹਾਂ ਤੋਂ ਵੱਖ ਹੋ ਕੇ ਪਿੰਡ ਦੇ ਖੇਤਾਂ ਵਿੱਚ ਲੁਕ ਗਿਆ ਤੇ ਗੁੱਜਰ ਰਾਤੋ-ਰਾਤ ਉੱਥੋਂ ਚਲੇ ਗਏ ਸਨ। ਪਿੰਡ ਦੇ ਲੋਕ ਉਸ ਨੌਜਵਾਨ ਨੂੰ ਤਤਕਾਲੀ ਸਰਪੰਚ ਹਰਬੰਸ ਸਿੰਘ ਢਿੱਲੋਂ ਦੇ ਘਰ ਲੈ ਆਏ ਸਨ। ਹਰਬੰਸ ਸਿੰਘ ਨੇ ਉਸ ਮਜ਼ਦੂਰ ਨੂੰ ਆਪਣੇ ਘਰ ਰੱਖ ਲਿਆ ਤੇ ਉਸ ਨੂੰ ਨਾਲ ਲੈ ਕੇ ਲੁਧਿਆਣਾ, ਮੋਗਾ ਤੇ ਬਰਨਾਲਾ ਰੇਲਵੇ ਸਟੇਸ਼ਨਾਂ ਅਤੇ ਜਿੱਥੇ ਕਿਤੇ ਵੀ ਪਰਵਾਸੀ ਮਜ਼ਦੂਰ ਰਹਿੰਦੇ ਉਸ ਨੂੰ ਨਾਲ ਲੈ ਕੇ ਜਾਂਦਾ ਪਰ ਕੋਈ ਸਫਲਤਾ ਨਾ ਮਿਲੀ। ਆਖ਼ਰ ਕੁੱਝ ਦਿਨ ਪਹਿਲਾਂ ਹਰਬੰਸ ਸਿੰਘ ਨੇ ਪਰਵਾਸੀ ਨੌਜਵਾਨ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਪਾ ਦਿੱਤੀ। ਇਹ ਵੀਡੀਓ ਉਸ ਨੌਜਵਾਨ ਦੇ ਮਾਪਿਆਂ ਤੱਕ ਪਹੁੰਚ ਗਈ ਤੇ ਉਸ ਦਾ ਛੋਟਾ ਭਰਾ ਕ੍ਰਿਸ਼ਨ ਮੋਹਨ ਠਾਕੁਰ ਤੇ ਉਸ ਦਾ ਜੀਜਾ ਦਲੀਪ ਠਾਕੁਰ ਪਿੰਡ ਮੱਲ੍ਹਾ ਪਹੁੰਚ ਗਏ। ਉਨ੍ਹਾਂ ਦੱਸਿਆ ਕਿ ਵਿਕਾਸ ਠਾਕੁਰ ਪੁੱਤਰ ਸ਼ਿਵ ਕਿਸ਼ੋਰ ਠਾਕੁਰ ਵਾਸੀ ਪਿੰਡ ਰਾਮਨਗਰਮ (ਯੂਪੀ) 2010 ਵਿੱਚ ਵਿਆਹ ਹੋਣ ਉਪਰੰਤ ਅਚਾਨਕ ਘਰੋਂ ਚਲਾ ਗਿਆ ਸੀ। ਘਰਦਿਆਂ ਨੇ ਭਾਲ ਕਰਨ ਮਗਰੋਂ ਪੁਲੀਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਸੀ। ਵਿਕਾਸ ਦੇ ਭਰਾ ਅਤੇ ਜੀਜੇ ਨੇ ਹਰਬੰਸ ਸਿੰਘ ਢਿੱਲੋਂ ਦਾ ਧੰਨਵਾਦ ਕੀਤਾ।