ਫਗਵਾੜਾ ’ਚੋਂ ਅਗਵਾ ਕੀਤਾ ਜੋੜਾ ਬਟਾਲਾ ਤੋਂ ਬਰਾਮਦ
ਪੱਤਰ ਪ੍ਰੇਰਕ
ਫਗਵਾੜਾ, 23 ਜੁਲਾਈ
ਇੱਥੋਂ ਦੇ ਮੁਹੱਲਾ ਪਰਮ ਨਗਰ ’ਚੋਂ ਅਗਵਾ ਕੀਤੇ ਜੋੜੇ ਨੂੰ ਸਿਟੀ ਪੁਲੀਸ ਨੇ ਬਟਾਲਾ ਤੋਂ ਬਰਾਮਦ ਕਰ ਕੇ ਘਟਨਾ ਨੂੰ ਅੰਜਾਮ ਦੇਣ ਵਾਲੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਵਾਰਦਾਤ ਲਈ ਵਰਤੀ ਗੱਡੀ ਤੇ ਹਥਿਆਰ ਵੀ ਬਰਾਮਦ ਕਰ ਲਏ ਹਨ। ਐਸਪੀ ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਘਟਨਾ ’ਚ ਸ਼ਾਮਲ ਤਨਵੀਰ ਕੁਮਾਰ, ਲਲਿਤ ਕੁਮਾਰ ਤੇ ਗੁਰਦੇਵ ਸਿੰਘ ਨੇ ਅਗਵਾ ਕੀਤੇ ਸੋਨੂੰ ਕੋਲੋਂ ਕਰੀਬ 25 ਲੱਖ ਰੁਪਏ ਲੈਣੇ ਸਨ। ਇਸ ਸਬੰਧੀ ਇਨ੍ਹਾਂ ਦਰਖ਼ਾਸਤ ਡੀਐਸਪੀ ਸਿਟੀ ਬਟਾਲਾ ਨੂੰ ਦਿੱਤੀ ਹੋਈ ਸੀ, ਜਿਸ ਦੀ ਪੜਤਾਲ ਚੱਲ ਰਹੀ ਹੈ।
ਇਸੇ ਦੌਰਾਨ ਉਹ ਆਪਣੇ ਸਾਥੀਆਂ ਸਣੇ ਆਏ ਤੇ ਸੋਨੂੰ ਅਤੇ ਜੋਤੀ ਨੂੰ ਘਰ ’ਚੋਂ ਅਗਵਾ ਕਰਨ ਮਗਰੋਂ ਬਟਾਲਾ ਲੈ ਗਏ। ਪੁਲੀਸ ਨੇ ਤੁਰੰਤ ਕੇਸ ਦਰਜ ਕਰ ਕੇ ਕਾਰਵਾਈ ਕਰਦਿਆਂ ਐਸਐਚਓ ਸਿਟੀ ਅਮਨਦੀਪ ਨਾਹਰ ਦੀ ਅਗਵਾਈ ’ਚ ਟੀਮ ਨੇ ਸਮਸ਼ੇਰ ਸਿੰਘ ਨੂੰ ਕਾਬੂ ਕਰ ਕੇ ਪੜਤਾਲ ਕੀਤੀ ਤੇ ਉਸ ਦੀ ਨਿਸ਼ਾਨਦੇਹੀ ’ਤੇ ਪੁਲੀਸ ਟੀਮ ਬਟਾਲਾ ਗਈ ਜਿੱਥੋਂ ਅਗਵਾ ਕੀਤੇ ਸੋਨੂੰ ਤੇ ਜੋਤੀ ਨੂੰ ਬਰਾਮਦ ਕੀਤਾ। ਪੁਲੀਸ ਨੇ ਤਨਵੀਰ ਕੁਮਾਰ, ਗਗਨਦੀਪ ਸਿੰਘ, ਲਲਿਤ ਕੁਮਾਰ, ਦਲਜੀਤ ਸਿੰਘ ਤੇ ਸਮਸ਼ੇਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਐਸ.ਐਚ.ਓ ਸਿਟੀ ਅਮਨਦੀਪ ਨਾਹਰ ਨੇ ਦੱਸਿਆ ਕਿ ਪੁਲੀਸ ਨੇ ਇਸ ਸਬੰਧ ’ਚ ਧਾਰਾ 365 ਤਹਿਤ ਕੇਸ ਦਰਜ ਕੀਤਾ ਸੀ ਤੇ ਹੁਣ ਧਾਰਾ 323, 342, 452, 148, 149, 120-ਬੀ ਆਈ.ਪੀ.ਸੀ ਦਾ ਜੁਰਮ ਵਾਧਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਇੱਕ ਦਨਿ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਹੈ ਤੇ ਇਨ੍ਹਾਂ ਪਾਸੋਂ ਪੜਤਾਲ ਕੀਤੀ ਜਾ ਰਹੀ ਹੈ।