ਅਗਵਾ ਕੀਤਾ ਬੱਚਾ ਚਾਰ ਘੰਟਿਆਂ ’ਚ ਬਰਾਮਦ
ਡਾ.ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 10 ਨਵੰਬਰ
ਇੱਥੋਂ ਦੀ ਪੁਲੀਸ ਨੇ ਪੰਜ ਸਾਲ ਦੇ ਅਗਵਾ ਕੀਤੇ ਬੱਚੇ ਨੂੰ 4 ਘੰਟਿਆਂ ਵਿਚ ਲੱਭ ਕੇ ਮਾਪਿਆਂ ਹਵਾਲੇ ਕਰ ਦਿੱਤਾ ਅਤੇ ਬੱਚਾ ਚੁੱਕਣ ਵਾਲੀ ਇਕ ਔਰਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਕਪਤਾਨ (ਜਾਂਚ) ਰਾਕੇਸ਼ ਯਾਦਵ ਅਤੇ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਮੁਖੀ ਮਲਕੀਤ ਸਿੰਘ ਨੇ ਦੱਸਿਆ ਕਿ ਸ਼ਾਮ ਕਲੀ ਪਤਨੀ ਚੰਦਰ ਬਾਲੀ ਵਾਸੀ ਗੁਰੂ ਨਾਨਕ ਕਲੋਨੀ ਡਫਰ ਨੇੜੇ ਡੇਰਾਬਸੀ ਜ਼ਿਲ੍ਹਾ ਮੁਹਾਲੀ ਨੇ ਸ਼ਿਕਾਇਤ ਕੀਤੀ ਕਿ ਉਹ 5-6 ਦਿਨ ਤੋਂ ਆਪਣੀ ਭੈਣ ਪੂਜਾ ਪਤਨੀ ਸੁਨੀਲ ਵਾਸੀ ਮੰਡੋਫ਼ਲ ਰੋਡ ਸਰਹਿੰਦ ਕੋਲ ਆਪਣੇ 5 ਸਾਲਾ ਲੜਕੇ ਯਸ਼ ਨਾਲ ਆਈ ਹੋਈ ਸੀ, ਉਸ ਦੀ ਭੈਣ ਕੋਲ ਵੀ 4 ਬੱਚੇ ਹਨ। ਉਸ ਦਾ ਬੇਟਾ ਯਸ਼ ਅਤੇ ਉਸ ਦੀ ਭੈਣ ਦੇ ਚਾਰੇ ਬੱਚੇ ਇਕੱਠੇ ਹੋ ਕੇ ਗੁਰਦੁਆਰੇ ਲੰਗਰ ਖਾਣ ਚਲੇ ਗਏ ਅਤੇ ਜਦੋਂ ਕਾਫ਼ੀ ਦੇਰ ਵਾਪਸ ਨਾ ਆਏ ਤਾਂ ਉਹ ਆਪਣੀ ਭੈਣ ਸਮੇਤ ਬੱਚਿਆਂ ਨੂੰ ਲੱਭਣ ਲਈ ਗੁਰਦੁਆਰੇ ਚਲੀਆਂ ਗਈਆਂ, ਜਦੋ ਉਹ ਖੰਡਾ ਚੌਕ ਕੋਲ ਪਹੁੰਚੀਆਂ ਤਾਂ ਉਸ ਦੀ ਭੈਣ ਪੂਜਾ ਦੇ ਚਾਰ ਬੱਚੇ ਰਸਤੇ ਵਿਚ ਮਿਲ ਗਏ ਪ੍ਰੰਤੂ ਉਸ ਦਾ ਲੜਕਾ ਯਸ਼ ਨਹੀਂ ਮਿਲਿਆ। ਉਨ੍ਹਾਂ ਆਸੇ ਪਾਸੇ ਪਤਾ ਕੀਤਾ ਤਾਂ ਪਤਾ ਚੱਲਿਆ ਕਿ ਇਕ ਔਰਤ ਉਸ ਨੂੰ ਇਕ ਥ੍ਰੀਵੀਲ੍ਹਰ ਵਿਚ ਬਿਠਾ ਕੇ ਲੈ ਗਈ ਹੈ। ਪੁਲੀਸ ਨੇ ਇਸ ਬੱਚੇ ਨੂੰ ਇਸ ਜ਼ਿਲ੍ਹੇ ਦੇ ਪਿੰਡ ਰੁੜਕੀ ਤੋਂ ਬਰਾਮਦ ਕਰ ਲਿਆ ਅਤੇ ਔਰਤ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਔਰਤ ਦੀ ਪਛਾਣ ਜੋਤੀ ਕੌਰ ਪਤਨੀ ਰਾਜੀਵ ਵਾਸੀ ਪ੍ਰੀਤਮਪੁਰਾ ਦਿੱਲੀ ਵਜੋਂ ਹੋਈ। ਜੋਤੀ ਕੌਰ ਆਪਣੇ ਪੇਕੇ ਪਰਿਵਾਰ ਪਿੰਡ ਰੁੜਕੀ ਰਹਿੰਦੀ ਹੈ। ਬੱਚੇ ਨੂੰ ਪੁਲੀਸ ਨੇ ਉਸ ਦੀ ਮਾਤਾ ਦੇ ਹਵਾਲੇ ਕਰ ਦਿੱਤਾ ਹੈ।