ਕਿੱਕ ਬਾਕਸਿੰਗ: ਮਾਤਾ ਗੁਜਰੀ ਸਕੂਲ ਦੇ ਵਿਦਿਆਰਥੀਆਂ ਨੇ ਤਗ਼ਮੇ ਜਿੱਤੇ
ਪੱਤਰ ਪ੍ਰੇਰਕ
ਦੇਵੀਗੜ੍ਹ, 15 ਜੂਨ
ਮਾਤਾ ਗੁਜਰੀ ਸੀਨੀਅਰ ਸੈਕੰਡਰੀ ਸਕੂਲ ਗੁਥਮੜਾ ਦੇ ਖਿਡਾਰੀਆਂ ਨੇ ਮੌਲਾਨਾ ਆਜ਼ਾਦ ਸਟੇਡੀਅਮ ਜੰਮੂ ਵਿੱਚ ਕਰਵਾਈ ਚੌਥੀ ਵਾਈਐੱਸਪੀਏ ਕੌਮੀ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਜਿੱਤ ਕੇ ਸਕੂਲ ਦਾ ਨਾਮ ਚਮਕਾਇਆ ਹੈ। ਇਹ ਚੈਂਪੀਅਨਸ਼ਿਪ 11 ਜੂਨ ਤੋਂ 13 ਜੂਨ ਤੱਕ ਕਰਵਾਈ ਗਈ ਸੀ, ਜਿਸ ਵਿੱਚ ਕੋਚ ਹਰਦੀਪ ਕੁਮਾਰ ਦੀ ਅਗਵਾਈ ਹੇਠ ਮਾਤਾ ਗੁਜਰੀ ਸਕੂਲ ਦੇ ਖਿਡਾਰੀਆਂ ਨੇ ਭਾਗ ਲਿਆ। ਜਾਣਕਾਰੀ ਅਨੁਸਾਰ ਚੈਂਪੀਅਨਸ਼ਿਪ ਵਿੱਚ 14 ਰਾਜਾਂ ਦੇ ਸਕੂਲਾਂ ਅਤੇ ਅਕੈਡਮੀਆਂ ਦੇ ਲਗਪਗ 800 ਖਿਡਾਰੀਆਂ ਨੇ ਹਿੱਸਾ ਲਿਆ ਸੀ। ਚੈਂਪੀਅਨਸ਼ਿਪ ਵਿੱਚ ਮਾਤਾ ਗੁਜਰੀ ਸੀਨੀਅਰ ਸੈਕੰਡਰੀ ਗੁਥਮੜਾ ਸਕੂਲ ਦੇ ਅੰਡਰ-14 ਸਾਲ ਤੋਂ ਲੈ ਕੇ ਅੰਡਰ-16 ਸਾਲ ਦੇ 6 ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਸੋਨ ਤਗਮੇ ਜਿੱਤੇ, ਜੋ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸਕੂਲ ਪ੍ਰਧਾਨ ਰਵਿੰਦਰ ਕੌਰ, ਡਾਇਰੈਕਟਰ ਭੁਪਿੰਦਰ ਸਿੰਘ, ਪ੍ਰਿੰਸੀਪਲ ਤਰਨਦੀਪ ਕੌਰ ਅਰੋੜਾ ਅਤੇ ਅਕਾਦਮਿਕ ਡਾਇਰੈਕਟਰ ਤੇਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਪ੍ਰਾਪਤੀ ਲਈ ਵਧਾਈ ਦਿੱਤੀ।