ਅਜੋਕੇ ਦੌਰ ਦੇ ਸੰਦਰਭ ’ਚ ਖੁਸ਼ਵੰਤ ਸਿੰਘ
ਡਾ. ਕੁਲਦੀਪ ਸਿੰਘ
ਪੁਸਤਕ ਰੀਵਿਊ
ਵਿਸ਼ਵ ਪ੍ਰਸਿੱਧੀ ਹਾਸਲ ਲੇਖਕ ਖੁਸ਼ਵੰਤ ਸਿੰਘ ਨੇ ਜਿੱਥੇ ਆਪਣੇ ਸ਼ਾਹਕਾਰ ਨਾਵਲ ‘ਟਰੇਨ ਟੂ ਪਾਕਿਸਤਾਨ’ ਤੋਂ ਲੈ ਕੇ ਦੋ ਜਿਲਦਾਂ ਵਿੱਚ ‘ਏ ਹਿਸਟਰੀ ਆਫ ਦਿ ਸਿੱਖਜ਼’ ਦੀ ਰਚਨਾ ਕੀਤੀ, ਉੱਥੇ ਉਸ ਨੇ 2002 ਵਿੱਚ ਹੋਏ ਗੁਜਰਾਤ ਦੇ ਦੰਗਿਆਂ ਸਮੇਂ ‘ਦਿ ਐਂਡ ਆਫ ਇੰਡੀਆ’ ਪੁਸਤਕ ਲਿਖੀ ਜਿਸ ਵਿੱਚ ਸਮੇਂ ਦੀ ਰਾਜਨੀਤੀ ਅਤੇ ਭਾਰਤ ਦੀ ਭਵਿੱਖ ਵਿੱਚ ਸਥਿਤੀ ਬਾਰੇ ਲਿਖਿਆ ਜਿਸ ਨੂੰ ਪਬਲੀਕੇਸ਼ਨ ਆਟਮ ਆਰਟ ਨੇ ਪ੍ਰੋ. ਗੁਰਦੀਪ ਕੌਰ ਤੋਂ ਪੰਜਾਬ ਵਿੱਚ ਅਨੁਵਾਦ ਕਰਵਾਇਆ। ਅਨੁਵਾਦਕਾ ਅਨੁਸਾਰ ਜਿਸ ਦੌਰ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ ਉਸ ਨੂੰ ਸਮਝਣ ਲਈ ਇਹ ਇੱਕ ਮੁੱਲਵਾਨ ਦਸਤਾਵੇਜ਼ ਹੈ। ਆਧੁਨਿਕ ਭਾਰਤ ਦੇ ਹਾਲਾਤ ਦੀਆਂ ਬੁਨਿਆਦਾਂ ਨੂੰ ਸਮਝਣ ਲਈ ਇਸ ਨੇ ਅਹਿਮ ਭੂਮਿਕਾ ਨਿਭਾਈ। ਖੁਸ਼ਵੰਤ ਸਿੰਘ ਨੇ ਇਸ ਪੁਸਤਕ ਰਾਹੀਂ ਗੁਜਰਾਤ ਦੰਗਿਆਂ ਦੇ ਮਸਲੇ ਅਤੇ ਦੇਸ਼ ਵਿੱਚ ਕਾਰਜ ਕਰ ਰਹੇ ਕੁਝ ਸੰਗਠਨਾਂ ਵਿੱਚ ਮੌਜੂੁਦ ਸੰਪਰਦਾਇਕਤਾ ਦੀ ਭਿਆਨਕ ਪੁਰਾਣੀ ਬਿਮਾਰੀ ’ਤੇ ਰੌਸ਼ਨੀ ਪਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ 2002 ਵਿੱਚ ਜਦੋਂ ਫ਼ਿਰਕੂ ਹਿੰਸਾ ਹੋਈ ਤਾਂ ਇਸ ਤੋਂ ਪਹਿਲਾਂ 1984 ਦੇ ਸਿੱਖ ਵਿਰੋਧੀ ਦੰਗੇ, ਗ੍ਰਾਹਮ ਗਰੀਨ ਅਤੇ ਉਸ ਦੇ ਬੱਚਿਆਂ ਨੂੰ ਜ਼ਿੰਦਾ ਸਾੜਨਾ ਅਤੇ ਪੰਜਾਬ ਸਮੇਤ ਕਸ਼ਮੀਰ ਵਿੱਚ ਆਮ ਸਾਧਾਰਨ ਲੋਕਾਂ ਦੀਆਂ ਹੱਤਿਆਵਾਂ ਕਈ ਪੱਧਰ ’ਤੇ ਧਰਮ ਦੇ ਨਾਂ ’ਤੇ ਸ਼ੁਰੂ ਹੋਈ ਰਾਜਨੀਤੀ ਵਿਚਲੇ ਨਿਘਾਰਾਂ ਨੂੰ ਦਿਖਾਉਂਦੀਆਂ ਹਨ ਤੇ ਇਹ ਅਹਿਸਾਸ ਕਰਵਾਉਂਦੀਆਂ ਹਨ ਕਿ ਇਸ ਧਰਤੀ ਉਪਰ ਸਭ ਤੋਂ ਕਰੂਰ ਮਨੁੱਖ ਇਨ੍ਹਾਂ ਰਾਜਨੀਤੀਵਾਨਾਂ ਦੀਆਂ ਲਾਲਸਾਵਾਂ ਨੇ ਬਣਾ ਦਿੱਤਾ ਹੈ।
ਅਸਲ ਵਿੱਚ ਖੁਸ਼ਵੰਤ ਸਿੰਘ ਉਂਗਲੀ ਉਠਾਉਂਦੇ ਹਨ ਕਿ ਮੂਲਵਾਦ ਦਾ ਰਾਜਨੀਤੀ ਤੋਂ ਸਿਵਾਏ ਧਰਮ ਨਾਲ ਕੋਈ ਵਾਹ-ਵਾਸਤਾ ਨਹੀਂ ਹੁੰਦਾ। ਅਸਲ ਵਿੱਚ ਫ਼ਿਰਕੂ ਸਿਆਸਤ ਸਾਡੇ ਅੰਦਰ ਬੈਠੇ ਸ਼ੈਤਾਨ ਨੂੰ ਪਾਲਦੀ ਪੋਸਦੀ ਅਤੇ ਵੱਡਾ ਕਰਦੀ ਹੈ। ਉਸ ਅੰਦਰ ਹਮਲਾਵਰ ਰੁਖ਼ ਵਾਲਾ ਹਿੱਸਾ ਤਾਕਤਵਰ ਕਰ ਦਿੰਦੀ ਹੈ ਜੋ ਮੁੜ ਕੇ ਤਬਾਹੀ ਮਚਾਉਂਦਾ ਹੈ। ਇਸ ਕਰਕੇ ਇਸ ਪੁਸਤਕ ਵਿੱਚ ਬੜੇ ਦਲੇਰਾਨਾ ਅਤੇ ਸੰਵੇਦਨਸ਼ੀਲ ਢੰਗ ਨਾਲ ਹਰ ਇਨਸਾਨ ਨੂੰ ਇਹ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇ ਇਹ ਰਾਸ਼ਟਰ ਸਾਡੇ ਲਈ ਨਹੀਂ ਤਾਂ ਘੱਟੋਘੱਟ ਆਪਣੇ ਬੱਚਿਆਂ ਦੇ ਭਵਿੱਖ ਲਈ ਅਸੀਂ ਚਿੰਤਤ ਹੋਈਏ ਅਤੇ ਖ਼ਤਰੇ ਨੂੰ ਭਾਂਪ ਲਈਏ। ਉਨ੍ਹਾਂ ਸਪਸ਼ਟ ਰੂਪ ਵਿੱਚ ਪੁਸਤਕ ਦੇ ਪੰਨਾ ਨੰਬਰ 66 ’ਤੇ ਦਰਸਾਇਆ ਕਿ ਸਾਡੀ ਹਰੇਕ ਕਾਰਵਾਈ ਅਤੇ ਕਾਰਜ ਜੇ ਧਰਮ ਨਿਰਪੱਖਤਾ ਦੇ ਸਿਧਾਂਤ ਉਪਰ ਉਸਰੇ ਸੰਵਿਧਾਨ ਅਨੁਸਾਰ ਨਹੀਂ ਹੋਵੇਗਾ ਅਤੇ ਕੋਈ ਵੀ ਸਰਕਾਰ ਜਿਹੜੀ ਥੋੜ੍ਹੀ ਬਹੁਤੀ ਫ਼ਿਰਕੂ ਹੋਵੇਗੀ ਹੌਲੀ ਹੌਲੀ ਆਪਣੇ ਢੰਗ ਨਾਲ ਸੰਵਿਧਾਨ ਨੂੰ ਮੋੜ ਲਵੇਗੀ। ਉਨ੍ਹਾਂ ਸਪਸ਼ਟ ਰੂਪ ਵਿੱਚ ਵਰ੍ਹਾ 2002 ਵਿੱਚ ਲਿਖਿਆ ਹੈ ਕਿ ‘‘ਅਜਿਹੀਆਂ ਸਰਕਾਰਾਂ ਹੋਣਗੀਆਂ ਜਿਹੜੀਆਂ ਉਨ੍ਹਾਂ ਅਫ਼ਸਰਾਂ ਦੀ ਇਸ ਲਈ ਬਦਲੀ ਨਹੀਂ ਕਰਨਗੀਆਂ ਕਿ ਅਫ਼ਸਰ ਦੰਗੇ ਰੋਕਣ ਵਿੱਚ ਅਸਫ਼ਲ ਰਹੇ ਹਨ ਸਗੋਂ ਇਸ ਲਈ ਕਿ ਉਹ ਦੰਗੇ ਕਰਵਾਉਣ ਅਤੇ ਉਨ੍ਹਾਂ ਨੂੰ ਹੱਲਾਸ਼ੇਰੀ ਦੇਣ ਵਿੱਚ ਅਸਫ਼ਲ ਰਹੇ ਹੋਣਗੇ। ਇਹ ਦੁਖਾਂਤ ਹੈ ਕਿ ਅਸੀਂ ਧਰਮ ਨਿਰਪੱਖਤਾ ਦੇ ਅਰਥ ਹੀ ਵਿਗਾੜ ਦਿੱਤੇ ਹਨ। ਅਸੀਂ ਉਸ ਦੀ ਉਹ ਪਰਿਭਾਸ਼ਾ ਘੜ ਲਈ ਹੈ ਜਿਹੜੀ ਸਾਡੇ ਮੁਤਾਬਿਕ ਠੀਕ ਹੈ। ਕਈ ਲੋਕਾਂ ਨੇ ਤਾਂ ਸੁਝਾਅ ਦਿੱਤਾ ਹੈ ਕਿ ਭਾਰਤ ਵਿੱਚੋਂ ਧਰਮ-ਨਿਰਪੱਖਤਾ ਨੂੰ ਕੱਢ ਦੇਣਾ ਚਾਹੀਦਾ ਹੈ। ਕੋਈ ਪੰਜ ਸਾਲ ਪਹਿਲਾਂ ਦਿੱਲੀ ਦੀ ਭਾਜਪਾ ਸਰਕਾਰ ਦੇ ਸੁਆਗਤੀ ਪ੍ਰੋਗਰਾਮ ਵਿੱਚ ਬੋਲਦਿਆਂ ਸ਼ੰਕਰਾਚਾਰੀਆ ਨੇ ਕਿਹਾ ਕਿ ਸੰਵਿਧਾਨ ਵਿੱਚੋਂ ਧਰਮ ਨਿਰਪੱਖ ਸ਼ਬਦ ਕੱਢ ਦੇਣਾ ਚਾਹੀਦਾ ਹੈ। ਉਸ ਨੂੰ ਬਹੁਤਾ ਕਸ਼ਟ ਕਰਨ ਦੀ ਲੋੜ ਨਹੀਂ ਹੈ, ਕਾਮਰੇਡਾਂ ਨੂੰ ਛੱਡ ਕੇ ਬਾਕੀ ਸਾਰਿਆਂ ਨੇ ਧਰਮਨਿਰਪੱਖਤਾ ਤੋਂ ਕਨਿਾਰਾ ਕਰ ਲਿਆ ਹੈ। ਧਰਮ ਤੇ ਰਾਜਨੀਤੀ ਵਿਚਲੀ ਲਛਮਣ ਰੇਖਾ ਹੁਣ ਖ਼ਤਮ ਹੋ ਚੁੱਕੀ ਹੈ। ਧਰਮ ਨੇ ਰਾਜਨੀਤੀ ਦੇ ਖੇਤਰ ਉੱਤੇ ਹਮਲਾ ਕਰ ਦਿੱਤਾ ਹੈ। ਹਕੀਕਤ ਵਿੱਚ ਇਸ ਨੂੰ ਪੂਰੀ ਤਰ੍ਹਾਂ ਨਿਗਲ ਲਿਆ ਹੈ। ਜਿਵੇਂ ਨਹਿਰੂ ਨੂੰ ਲੱਗਾ ਸੀ ਕਿ ਅਸੀਂ ਧਰਮ ਨਿਰਪੱਖਤਾ ਦੇ ਤਾਬੂਤ ਵਿੱਚ ਆਖ਼ਰੀ ਕਿੱਲ ਠੋਕ ਦਿੱਤਾ ਹੈ। ਇਹ ਅਜੋਕੀ ਹਕੀਕਤ ਬਣ ਚੁੱਕੀ ਹੈ। ਤੁਅੱਸਬੀ ਰਾਜ ਹਰੇਕ ਖੇਤਰ ਵਿੱਚ ਫੈਲਦਾ ਜਾ ਰਿਹਾ ਹੈ। ਇਸ ਨੂੰ ਵਧਾਉਣ ਵਿੱਚ ਵੱਖ ਵੱਖ ਪਾਰਟੀਆਂ ਨੇ ਵੱਡਾ ਰੋਲ ਅਦਾ ਕੀਤਾ। ਨਹਿਰੂ ਦਾ ਵਿਚਾਰ ਸੀ ਕਿ ਕਿਸੇ ਵੀ ਮੰਤਰੀ ਨੂੰ ਕਿਸੇ ਧਾਰਮਿਕ ਪ੍ਰੋਗਰਾਮ ਵਿੱਚ ਨਹੀਂ ਜਾਣਾ ਚਾਹੀਦਾ। ਮੁੜ ਉਨ੍ਹਾਂ ਦੀ ਹੀ ਧੀ ਇੰਦਰਾ ਗਾਂਧੀ ਨੇ ਅਜਿਹਾ ਕਾਰਜ ਸ਼ੁਰੂ ਕੀਤਾ ਕਿ ਰਾਜਨੀਤੀ ਵਿੱਚ ਧਰਿੰਦਰ ਬ੍ਰਹਮਚਾਰੀ ਦਾ ਚਿਹਰਾ ਸਾਹਮਣੇ ਲਿਆਂਦਾ। ਕਈ ਕਿਸਮ ਦੇ ਜੋਤਸ਼ੀਆਂ ਅਤੇ ਤਾਂਤਰਿਕਾਂ ਨੇ ਵੀ ਉਸ ਦੀ ਘੇਰਾਬੰਦੀ ਕਰ ਲਈ। ਇੱਥੋਂ ਤੱਕ ਕਿ ਕਈ ਵੱਡੇ ਆਗੂ ਦਿਓਰਾਹਾ ਬਾਬਾ ਦੇ ਦਰਬਾਰ ਵਿੱਚ ਜਾਣ ਲੱਗੇ। ਚੰਦਰਾਸਵਾਮੀ ਮੰਤਰੀਆਂ ਅਤੇ ਮੁੱਖ ਮੰਤਰੀਆਂ ਦੇ ਘਰਾਂ ਵਿੱਚ ਹਵਨ ਕਰਦੇ ਰਹੇ। ਮੁੜ ਭਾਜਪਾ ਨੇ ਸ਼ੰਕਰਾਚਾਰੀਆ ਵਰਗਿਆਂ ਨੂੰ ਆਪਣਾ ਸਰਕਾਰੀ ਮਹਿਮਾਨ ਕਈ ਥਾਂ ’ਤੇ ਬਣਾਇਆ। ਇੱਥੋਂ ਤੱਕ ਕਿ ਕੁਝ ਪੱਤਰਕਾਰਾਂ ਨੇ ਆਪਣੀਆਂ ਕਿਤਾਬਾਂ ਅਤੇ ਅਖ਼ਬਾਰਾਂ ਦੇ ਕਾਲਮਾਂ ਰਾਹੀਂ ਅਜਿਹੀਆਂ ਗੱਲਾਂ ਪ੍ਰਚਾਰੀਆਂ ਜਿਹੜੀਆਂ ਸਿਰਫ਼ ਬਹੁਗਿਣਤੀ ਫ਼ਿਰਕੇ ਨੂੰ ਆਪਣੇ ਵੱਲ ਖਿੱਚਣ, ਵਖਰੇਵਿਆਂ ਨੂੰ ਵਧਾਉਣ ਅਤੇ ਚੋਣ ਜਿੱਤਣ ਤੱਕ ਹੀ ਸੀਮਤ ਸਨ। ਅਗਾਂਹ ਭਾਜਪਾ ਬਹੁਗਿਣਤੀ ਭਾਈਚਾਰੇ ਨੂੰ ਕਾਇਲ ਕਰਨ ਵਿੱਚ ਸਫ਼ਲ ਰਹੀ। ਕਈ ਵਾਰੀ ਕਾਂਗਰਸ ਨੇ ਸੱਤਾ ਵਿੱਚ ਰਹਿਣ ਲਈ ਇਹ ਪੱਤੇ ਵੀ ਖੇਡੇ। ਲੇਖਕ ਦਰਜ ਕਰਦਾ ਹੈ ਕਿ ਸਿੱਖਾਂ ਲਈ 113 ਸਾਲ ਪਹਿਲਾਂ ਆਪਣੀ ਸਲਤਨਤ ਗੁਆਉਣ ਤੋਂ ਬਾਅਦ 1984 ਸਭ ਤੋਂ ਮਾੜਾ ਸਾਲ ਸੀ। ਦੇਸ਼ ਨੇ 1984 ਵਿੱਚ ਵੱਡੀ ਕੀਮਤ ਉਤਾਰੀ ਅਤੇ ਗੁਜਰਾਤ ਦੇ ਦੰਗਿਆਂ ਨੇ ਸਿੱਧ ਕਰ ਦਿੱਤਾ ਕਿ ਰਾਜਨੀਤਕ ਪਾਰਟੀਆਂ ਤੇ ਭਾਰਤ ਦੇ ਲੋਕਾਂ ਨੇ ਇਸ ਤੋਂ ਕੋਈ ਸਬਕ ਨਹੀਂ ਸਿੱਖਿਆ। ਸ਼ਾਇਦ ਸਾਨੂੰ ਇਤਿਹਾਸ ਨੂੰ ਦੁਹਰਾਉਣ ਦਾ ਸਰਾਪ ਮਿਲਿਆ ਹੋਇਆ ਹੈ। ਅਸੀਂ ਸ਼ਾਇਦ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ (1469-1539) ਬਾਰੇ ਇਸ ਗੱਲ ਨੂੰ ਭੁੱਲ ਗਏ ਹਾਂ ਜਿਸ ਵਿੱਚੋਂ ਪੰਜਾਬੀਅਤ ਦਾ ਜਨਮ ਹੋਇਆ: ‘ਗੁਰੂ ਨਾਨਕ ਸ਼ਾਹ ਫ਼ਕੀਰ, ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ’। ਅਗਾਂਹ ਇਤਿਹਾਸ ਦੇ ਪੰਨਿਆਂ ’ਤੇ ਲੱਖਾਂ ਲੋਕਾਂ ਦੇ ਉਜਾੜੇ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਸਮੇਤ ਔਰਤਾਂ ਦੀ ਪੱਤ ਲੁੱਟਣ ਦੀ ਸਥਿਤੀ ਦੇਸ਼ ਵੰਡ ਵੇਲੇ ਸੀ। ਅੰਮ੍ਰਿਤਾ ਪ੍ਰੀਤਮ ਨੇ ਆਜ਼ਾਦ ਭਾਰਤ ਦੇ ਡਿੱਗਦੇ ਢਹਿੰਦਿਆਂ ਸ਼ੁਰੂਆਤ ਕਰਨ ਦੀ ਸਫਲਤਾ ਦੀ ਦਾਸਤਾਨ ਲਿਖਦਿਆਂ ਕਿਹਾ: ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਸ ਸ਼ਾਹ ਨੂੰ ਕਹਿਣ, ਓ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ, ਅੱਜ ਬੇਲੇ ਲਾਸ਼ਾਂ ਵਿਛੀਆਂ, ਤੇ ਲਹੂ ਦੀ ਭਰੀ ਚਨਾਬ।
ਅੰਗਰੇਜ਼ਾਂ ਦੇ ਚਲੇ ਜਾਣ ਤੋਂ ਬਾਅਦ ਅਸੀਂ ਇੱਕ ਸਾਂਝੀ ਪਛਾਣ ਬਣਾਉਣੀ ਸੀ, ਪਰ ਅੱਜ ਵੀ ਅਸੀਂ ਵੱਖ ਵੱਖ ਖੇਤਰਾਂ ਵਿੱਚ ਹਿੰਦੂਆਂ ਮੁਸਲਮਾਨਾਂ, ਹਿੰਦੂਆਂ ਸਿੱਖਾਂ, ਹਿੰਦੂ ਇਸਾਈ, ਹਿੰਦੂ ਜਾਤੀ ਤੇ ਹਰੀਜਨਾਂ, ਕਬਾਇਲੀ ਗ਼ੈਰ-ਕਬਾਇਲੀਆਂ, ਬੰਗਾਲੀਆਂ ਅਤੇ ਅਸਾਮੀਆਂ, ਮਹਾਂਰਾਸ਼ਟਰੀਆਂ ਤੇ ਕੰਨੜਾਂ ਵਿੱਚ ਵੀ ਵੰਡੇ ਹੋਏ ਹਾਂ। ਦੇਸ਼ ਦੇ ਕਈ ਹਿੱਸਿਆਂ ਵਿੱਚ ਦੰਗਿਆਂ ਦੀ ਅੱਗ ਭੜਕ ਉੱਠਦੀ ਹੈ। ਅਸਲ ਵਿੱਚ ਫ਼ਿਰਕੂਪੁਣਾ ਇੱਕ ਅਜਿਹੀ ਸਮੱਸਿਆ ਹੈ ਜਿਸ ਨੇ ਦੇਸ਼ ਨੂੰ ਪੂਰੀ ਤਰ੍ਹਾਂ ਆਪਣੀ ਗ੍ਰਿਫ਼ਤ ਵਿੱਚ ਲਿਆ ਹੋਇਆ ਹੈ। ਇਹ ਹਕੀਕਤ ਹੈ ਕਿ ਸਾਵਰਕਰ ਨੇ ਦੋ ਕੌਮਾਂ ਦਾ ਸਿਧਾਂਤ ਪੇਸ਼ ਕੀਤਾ ਸੀ। ਹਿੰਦੂ ਮਹਾਂ ਸਭਾ ਦੇ ਡਾ. ਮੂਨਜੇ, ਬਨਾਰਸ ਹਿੰਦੂ ਯੂਨੀਵਰਸਿਟੀ ਦੇ ਸੰਸਥਾਪਕ ਪੰਡਿਤ ਮਦਨ ਮੋਹਨ ਮਾਲਵੀਆ, ਭਾਈ ਪਰਮਾਨੰਦ, ਸਵਾਮੀ ਸ਼ਰਧਾਨੰਦ ਅਤੇ ਬੰਕਿਮ ਚੰਦਰ ਚਟੋਉਪਧਿਆਏ ਆਦਿ ਵਰਗਿਆਂ ਨੇ ਇਸ ਵਿਚਾਰ ਦੀ ਪ੍ਰੋੜਤਾ ਕੀਤੀ ਸੀ। 1990 ਤੱਕ ਆਰ.ਐੱਸ.ਐੱਸ. ਦੇ 10 ਕਰੋੜ ਮੈਂਬਰ ਬਣ ਚੁੱਕੇ ਸਨ ਜਨਿ੍ਹਾਂ ਵਿੱਚ ਕਈ ਵੱਡੇ ਆਗੂ ਸ਼ਾਮਿਲ ਸਨ। ਵੱਖ ਵੱਖ ਪੱਧਰ ’ਤੇ ਵੱਖਵਾਦੀ ਭਾਵਨਾਵਾਂ ਡਰਾਉਣੇ ਸੁਪਨੇ ਲੈ ਕੇ ਆ ਰਹੀਆਂ ਹਨ।
ਪੁਸਤਕ ਦੇ ਅੰਤਲੇ ਪੰਨਿਆਂ ’ਤੇ ਖੁਸ਼ਵੰਤ ਸਿੰਘ ਦਰਜ ਕਰਦੇ ਹਨ ਕਿ ਮੈਂ ਆਪਣੇ ਧਰਮ ਨੂੰ ਅਜ਼ਮਾਏ ਹੋਏ ਮੁਹਾਵਰੇ ਵਿੱਚ ਹੀ ਰਹਾਂ ਅਤੇ ਕਹਾਂਗਾ, ‘ਵਧੀਆ ਜ਼ਿੰਦਗੀ ਹੀ ਅਸਲੀ ਧਰਮ ਹੈ, ਇੰਗਰਸੋਲ ਦੇ ਲਫ਼ਜ਼ਾਂ ਵਿੱਚ ਖ਼ੁਸ਼ੀ ਭਰੀ ਅਸਲੀ ਚੰਗਿਆਈ ਉਹੀ ਪਲ ਹੁੰਦੇ ਹਨ ਜਦੋਂ ਤੁਸੀਂ ਦੂਸਰਿਆਂ ਦੀ ਮਦਦ ਕਰਦੇ ਹੋ।’ ਉਨ੍ਹਾਂ ਸਾਰੀਆਂ ਸਥਿਤੀਆਂ ਦਾ ਨਿਚੋੜ ਕੱਢਦਿਆਂ ਕਿਹਾ, ‘‘ਇੰਨੇ ਰੱਬ, ਇੰਨੇ ਧਰਮ, ਇੰਨੇ ਰਾਹ ਕਿ ਭਟਕਦੇ ਫਿਰੋ ਜਦੋਂਕਿ ਉਦਾਸ ਦੁਨੀਆ ਨੂੰ ਸਿਰਫ਼ ਦਇਆਵਾਨ ਹੋਣ ਦੀ ਕਲਾ ਦੀ ਲੋੜ ਹੈ।’’ ਇਸ ਕਰਕੇ ਸਮਾਂ ਵਿਅਰਥ ਨਾ ਗਵਾਉ, ਸਮਾਂ ਹੀ ਰੱਬ ਹੈ।
ਸੰਪਰਕ: 98151-15429