ਖੁਸ਼ਕਰਮਨਦੀਪ ਤੇ ਇੰਦਰਜੀਤ ਸਰਬੋਤਮ ਅਥਲੀਟ ਬਣੇ
ਜੋਗਿੰਦਰ ਸਿੰਘ ਮਾਨ
ਮਾਨਸਾ, 9 ਮਾਰਚ
ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਦੇ ਬਹੁਮੰਤਵੀ ਖੇਡ ਸਟੇਡੀਅਮ ’ਚ ਕਰਵਾਈ ਗਈ 54ਵੀਂ ਸਾਲਾਨਾ ਅਥਲੈਟਿਕ ਮੀਟ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈ ਹੈ। ਮੁੱਖ ਮਹਿਮਾਨ ਕਾਲਜ ਪ੍ਰਿੰਸੀਪਲ ਡਾਕਟਰ ਲਵਲੀਨ ਨੇ ਖੇਡ ਮੁਕਾਬਲਿਆਂ ਦਾ ਉਦਘਾਟਨ ਕਰਦਿਆਂ ਝੰਡਾ ਲਹਿਰਾਇਆ ਅਤੇ ਮਾਰਚ ਪਾਸਟ ਤੋਂ ਸਲਾਮੀ ਲਈ। ਲੜਕੀਆਂ ਦੇ ਖੇਡ ਮੁਕਾਬਲਿਆਂ ’ਚੋਂ ਬੀਏ ਭਾਗ-1 ਦੀ ਖੁਸ਼ਕਰਮਨਦੀਪ ਕੌਰ ਅਤੇ ਲੜਕਿਆਂ ’ਚੋਂ ਐਮਏ (ਪੋਲ:ਸਾਇੰਸ)-1 ਦੇ ਇੰਦਰਜੀਤ ਸਿੰਘ ਸਰਬੋਤਮ ਐਥਲੀਟ ਬਣੇ।
ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾਕਟਰ ਜਸਕਰਨ ਸਿੰਘ ਅਤੇ ਪ੍ਰੋਫੈਸਰ ਕੁਲਦੀਪ ਸਿੰਘ ਨੇ ਦੱਸਿਆ ਕਿ ਲੜਕਿਆਂ ਦੇ 100 ਮੀਟਰ ਦੌੜ ਮੁਕਾਬਲੇ ’ਚ ਅਰਸ਼ਦੀਪ ਸਿੰਘ, 200 ਮੀਟਰ ’ਚ ਇੰਦਰਪ੍ਰੀਤ ਸਿੰਘ, 400 ਮੀਟਰ ਵਿੱਚ ਇੰਦਰਪ੍ਰੀਤ ਸਿੰਘ, 800 ਮੀਟਰ ’ਚ ਗੁਰਵਿੰਦਰ ਸਿੰਘ ਅਤੇ 1500 ਮੀਟਰ ’ਚ ਸੁਪਨਦੀਪ ਸਿੰਘ ਨੇ ਪਹਿਲੇ ਸਥਾਨ ਹਾਸਲ ਕੀਤੇ। ਲੰਬੀ ਛਾਲ ’ਚ ਇੰਦਰਜੀਤ ਸਿੰਘ, ਉੱਚੀ ਛਾਲ ’ਚ ਰਾਹੁਲ, ਗੋਲਾ ਸੁੱਟਣ ’ਚ ਗੁਰਾ ਸਿੰਘ ਅਤੇ ਡਿਸਕਸ ਥਰੋਅ ’ਚ ਗੁਰਵਿੰਦਰ ਸਿੰਘ ਅੱਵਲ ਰਹੇ। ਇਸੇ ਤਰ੍ਹਾਂ ਲੜਕੀਆਂ ਦੇ 100 ਮੀਟਰ ਦੌੜ ਮੁਕਾਬਲੇ ’ਚ ਬੰਤੀ ਰਾਣੀ, 200 ਮੀਟਰ ’ਚ ਸਿਮਰਜੀਤ ਕੌਰ, 400 ਮੀਟਰ ’ਚ ਖੁਸ਼ਕਰਮਨਦੀਪ, ਲੰਬੀ ਛਾਲ ’ਚ ਬੰਧਨਾ, ਉੱਚੀ ਛਾਲ ’ਚ ਰਿੰਪੀ ਕੌਰ, ਗੋਲਾ ਸੁੱਟਣ ’ਚ ਅਮਨਦੀਪ ਕੌਰ ਅਤੇ ਡਿਸਕਸ ਥਰੋਅ ’ਚ ਅਮਨਦੀਪ ਕੌਰ ਨੇ ਪਹਿਲੇ ਸਥਾਨ ਹਾਸਲ ਕੀਤੇ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋਫੈਸਰ ਸੁਖਦੀਪ ਸਿੰਘ ਅਤੇ ਡਾਕਟਰ ਰਵਿੰਦਰ ਸਿੰਘ ਨੇ ਨਿਭਾਈ।