For the best experience, open
https://m.punjabitribuneonline.com
on your mobile browser.
Advertisement

‘ਖੁਸ਼ਕ ਬਿਆਸ’ ਨੇ ਦਿਖਾਇਆ ਕਹਿਰੀ ਰੂਪ...

09:04 AM Aug 21, 2023 IST
‘ਖੁਸ਼ਕ ਬਿਆਸ’ ਨੇ ਦਿਖਾਇਆ ਕਹਿਰੀ ਰੂਪ
Advertisement

ਵਾਹਗਿਓਂ ਪਾਰ

Advertisement

ਸਤਲੁਜ ਦਰਿਆ ਜਿੱਥੇ ਭਾਰਤੀ ਪੰਜਾਬ ਵਿਚ ਤਬਾਹੀ ਮਚਾ ਰਿਹਾ ਹੈ, ਉੱਥੇ ਪਾਕਿਸਤਾਨੀ ਪੰਜਾਬ ਨੂੰ ਵੀ ਇਸ ਦਰਿਆ ਦੇ ਕਹਿਰੀ ਰੂਪ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਦਰਿਆ ਕਸੂਰ ਜ਼ਿਲ੍ਹੇ ਦੀ ਗੰਡਾ ਸਿੰਘ ਵਾਲਾ ਸਰਹੱਦੀ ਚੌਕੀ ਨੇੜਿਓਂ ਪਾਕਿਸਤਾਨ ਵਿਚ ਦਾਖ਼ਲ ਹੁੰਦਾ ਹੈ। ਇਸ ਵਾਰ ਇਸ ਵਿਚ ਏਨਾ ਜ਼ਿਆਦਾ ਪਾਣੀ ਆਇਆ ਹੈ ਕਿ ਪਾਕਿਸਤਾਨੀ ਪਾਸੇ ਦੇ 21 ਜ਼ਿਲ੍ਹਿਆਂ ਦੇ 6 ਹਜ਼ਾਰ ਦੇ ਕਰੀਬ ਪਿੰਡਾਂ ਦੇ ਲੋਕਾਂ ਨੂੰ ਹੜ੍ਹ ਦੀ ਮਾਰ ਤੋਂ ਬਚਾਉਣ ਦੇ ਯਤਨ ਜੰਗੀ ਪੱਧਰ ’ਤੇ ਆਰੰਭੇ ਗਏ ਹਨ।
ਅੰਗਰੇਜ਼ੀ ਅਖ਼ਬਾਰ ‘ਡਾਅਨ’ ਦੀ ਰਿਪੋਰਟ ਅਨੁਸਾਰ 35 ਵਰ੍ਹਿਆਂ ਬਾਅਦ ਦਰਿਆ ਸਤਲੁਜ ਨੇ ਪਾਕਿਸਤਾਨੀ ਪਾਸੇ ਏਨੀ ਵਿਆਪਕ ਮਾਰ ਕੀਤੀ ਹੈ। ਇਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਭਾਰਤ ਵੱਲੋਂ ਸੁਲੇਮਾਨਕੀ ਹੈੱਡਵਰਕਸ ਤੋਂ ਪਾਣੀ ‘ਬੇਹਿਸਾਬੇ’ ਢੰਗ ਨਾਲ ਛੱਡਿਆ ਜਾ ਰਿਹਾ ਹੈ। ਗੰਡਾ ਸਿੰਘ ਵਾਲਾ ਤੇ ਹੋਰ ਨੇੜਲੇ ਪਿੰਡਾਂ ਵਿਚ 10-10 ਫੁੱਟ ਪਾਣੀ ਭਰਿਆ ਹੋਇਆ ਹੈ। 21 ਤੇ 22 ਅਗਸਤ ਨੂੰ ਇਹ ਪੱਧਰ ਹੋਰ ਵਧਣ ਦੇ ਇਮਕਾਨਾਤ ਹਨ ਕਿਉਂਕਿ ਭਾਰਤ ਨੇ ਭਾਖੜਾ ਤੇ ਪੌਂਡ ਰਿਜ਼ਰਵਾਇਰਾਂ ਤੋਂ ਦੋ ਦਿਨ ਵੱਧ ਪਾਣੀ ਛੱਡਣ ਦਾ ਐਲਾਨ ਪਹਿਲਾਂ ਹੀ ਕੀਤਾ ਹੋਇਆ ਹੈ।
ਸਤਲੁਜ ਦਰਿਆ ਪਾਕਿਸਤਾਨੀ ਪੰਜਾਬ ਦੇ ਕਈ ਇਲਾਕਿਆਂ ਵਿਚ ‘ਖੁਸ਼ਕ ਬਿਆਸ’ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਦਰਿਆ ਪਾਕਿਸਤਾਨ ਵਿਚ ਅਮੂਮਨ ਖੁਸ਼ਕ ਰਹਿੰਦਾ ਹੈ ਅਤੇ ਇਸੇ ਕਾਰਨ ਇਸ ਦੇ ਅੰਦਰ ਕਈ ਬਸਤੀਆਂ ਉੱਭਰ ਆਈਆਂ ਸਨ। ਹੁਣ ਇਹ ਸਾਰੀਆਂ ਡੁੱਬ ਗਈਆਂ ਹਨ।
ਜਿਓ ਟੀਵੀ ਦੇ ਪ੍ਰਸਾਰਨਾਂ ਮੁਤਾਬਿਕ ਜਿਨ੍ਹਾਂ ਜ਼ਿਲ੍ਹਿਆਂ ਵਿਚ ਹੜ੍ਹਾਂ ਦਾ ਆਲਮ ਵੱਧ ਸੰਗੀਨ ਹੈ, ਉਨ੍ਹਾਂ ਵਿਚ ਕਸੂਰ, ਓਕਾੜਾ, ਸਾਹੀਵਾਲ, ਮੁਜ਼ੱਫਰਪਰ ਤੇ ਬਹਾਵਲਪੁਰ ਸ਼ਾਮਲ ਹਨ। ਕਸੂਰ ਜ਼ਿਲ੍ਹੇ ਦੇ ਜਿਨ੍ਹਾਂ ਪਿੰਡਾਂ ਨੂੰ ਬਹੁਤ ਭਾਰੀ ਨੁਕਸਾਨ ਹੋਇਆ ਹੈ, ਉਨ੍ਹਾਂ ਵਿਚ ਅਜ਼ੀਜ਼ਾਬਾਦ, ਕੋਟ ਸੁੰਦਰ ਸਿੰਘ, ਕਾਲੋ ਉਤਾੜ, ਨਿਜਾਂਬਤ, ਬਸਤੀ ਚੰਬਿਆਂਵਾਲੀ, ਰੰਗੇਵਾਲਾ, ਛਬਾਰ, ਬੁਰਜ ਸ਼ਾਹਬਾਜ਼, ਵਈਮ ਸ਼ਾਹ, ਸੋਢੀਵਾਲਾ, ਜੜਤੀਵਾਲਾ ਕੱਦੋਵਾਲਾ, ਤਤਾਰਾ ਕਮਾਲ, ਜਨਕਾ ਸਿੰਘ ਤੇ ਬਸਤੀ ਮੰਗਲ ਸਿੰਘ ਖ਼ਾਸ ਤੌਰ ’ਤੇ ਜ਼ਿਕਰਯੋਗ ਹਨ। ਕਸੂਰ ਦੇ ਡਿਪਟੀ ਕਮਿਸ਼ਨਰ ਅਰਸ਼ਦ ਭੱਟੀ ਦੇ ਦੱਸਣ ਮੁਤਾਬਿਕ ਜ਼ਿਲ੍ਹੇ ਵਿਚ ਤਿੰਨ ਬੰਦੇ ਡੁੱਬਣ ਕਾਰਨ ਮਰੇ ਹਨ। ਇਸੇ ਜ਼ਿਲ੍ਹੇ ਦੇ ਪਿੰਡ ਉਸਮਾਨਵਾਲਾ ਦੀਆਂ 100 ਦੇ ਕਰੀਬ ਮੱਝਾਂ ਹੜ੍ਹ ਵਿਚ ਰੁੜ੍ਹ ਗਈਆਂ। ਜ਼ਿਲ੍ਹੇ ਦੀ ਇਸੇ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਜਾਬ ਦੇ ਨਿਗਰਾਨ ਵਜ਼ੀਰ-ਇ-ਆਲ੍ਹਾ (ਮੁੱਖ ਮੰਤਰੀ) ਮੋਹਸਿਨ ਨਕਵੀ ਨੇ ਪੂਰੇ ਇਲਾਕੇ ਦਾ ਦੌਰਾ ਤੇ ਕੁਝ ਥਾਵਾਂ ਦਾ ਹਵਾਈ ਸਰਵੇਖਣ ਕੀਤਾ। ਦੌਰੇ ਮਗਰੋਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਰਾਹਤ ਕਾਰਜ ਤੇਜ਼ੀ ਨਾਲ ਸਿਰੇ ਚਾੜ੍ਹਨ ਦੀ ਹਦਾਇਤ ਕੀਤੀ। ਉਨ੍ਹਾਂ ਨੇ ਮੌਜੂਦ ਸੰਕਟ ਲਈ ਭਾਰਤ ਨੂੰ ‘ਦੋਸ਼ੀ’ ਦੱਸਿਆ ਅਤੇ ਕਿਹਾ ਕਿ ਭਾਰਤੀ ਜਲ ਅਧਿਕਾਰੀਆਂ ਦੀ ਨਾਅਹਿਲੀਅਤ ਕਾਰਨ ਪਾਕਿਸਤਾਨ ਦਾ ਬਹੁਤ ਭਾਰੀ ਨੁਕਸਾਨ ਹੋਇਆ ਹੈ।

ਜਸਟਿਸ ਫ਼ੈਜ਼ ਦਾ ਜੜ੍ਹਾਂਵਾਲਾ ਦੌਰਾ

ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਤੇ ਅਗਲੇ ਮਹੀਨੇ ਚੀਫ਼ ਜਸਟਿਸ ਦਾ ਅਹੁਦਾ ਗ੍ਰਹਿਣ ਕਰਨ ਵਾਸਤੇ ਤਿਆਰੀਆਂ ਕੱਸ ਰਹੇ ਜਸਟਿਸ ਕਾਜ਼ੀ ਫ਼ੈਜ਼ ਈਸਾ ਨੇ ਸ਼ਨਿੱਚਰਵਾਰ ਨੂੰ ਜੜ੍ਹਾਂਵਾਲਾ ਕਸਬੇ ਦਾ ਦੌਰਾ ਕੀਤਾ ਅਤੇ ਉੱਥੋਂ ਦੇ ਪੀੜਤ ਇਸਾਈ ਪਰਿਵਾਰਾਂ ਨਾਲ ਮੁਲਾਕਾਤਾਂ ਕੀਤੀਆਂ। ਜ਼ਿਕਰਯੋਗ ਹੈ ਕਿ 16 ਅਗਸਤ ਨੂੰ ਜੜ੍ਹਾਂਵਾਲਾਂ ਵਿਚ ਕੁਰਾਨ ਸ਼ਰੀਫ਼ ਦੀ ਕਥਿਤ ਬੇਅਦਬੀ ਦੀ ਘਟਨਾ ਮਗਰੋਂ ਇਸਲਾਮੀ ਜਨੂਨੀਆਂ ਨੇ ਜੜ੍ਹਾਂਵਾਲਾ ਤੇ ਆਸ-ਪਾਸ ਦੇ ਇਲਾਕਿਆਂ ਵਿਚ 19 ਗਿਰਜੇ ਤੇ ਇਸਾਈਆਂ ਦੇ 86 ਘਰ ਸਾੜ ਦਿੱਤੇ ਸਨ। ਇਸ ਹਿੰਸਾ ਤੇ ਅੱਗਜ਼ਨੀ ਦੇ ਸਬੰਧ ਵਿਚ 1470 ਬੰਦਿਆਂ ਦੇ ਖਿਲਾਫ਼ ਪੰਜ ਕੇਸ ਦਰਜ ਕੀਤੇ ਗਏ ਹਨ। ਇਨ੍ਹਾਂ ਵਿਚੋਂ 160 ਬੰਦੇ ਗ੍ਰਿਫ਼ਤਾਰ ਕਰ ਲਏ ਗਏ ਹਨ। ਇਸ ਦੇ ਬਾਵਜੂਦ ਪੁਲੀਸ ਤੇ ਜ਼ਿਲ੍ਹਾ ਫ਼ੈਸਲਾਬਾਦ ਦੇ ਡਿਪਟੀ ਕਮਿਸ਼ਨਰ ਉੱਪਰ ਅਗਾਊਂ ਪੇਸ਼ਬੰਦੀਆਂ ਨਾ ਕਰਨ ਦੇ ਦੋਸ਼ ਲੱਗੇ ਹਨ।
ਜੜ੍ਹਾਂਵਾਲਾ ਕਸਬਾ 400 ਵਰ੍ਹੇ ਪੁਰਾਣਾ ਹੈ। ਇਹ ਫ਼ੈਸਲਾਬਾਦ ਜ਼ਿਲ੍ਹੇ ਵਿਚ ਪੈਂਦਾ ਹੈ। ਜਸਟਿਸ ਕਾਜ਼ੀ ਈਸਾ ਵੱਲੋਂ ਇਸ ਕਸਬੇ ਦੇ ਦੌਰੇ ਅਤੇ ਇਸਾਈ ਮੁਹੱਲਿਆਂ ਵਿਚ ਜਾਣ ਦਾ ਮਨੋਰਥ ਇਸਾਈ ਭਾਈਚਾਰੇ ਨੂੰ ਇਹ ਤਸੱਲੀ ਦੇਣਾ ਸੀ ਕਿ ਨਿਆਂ ਪ੍ਰਬੰਧ ਉਨ੍ਹਾਂ ਦੇ ਹਿੱਤਾਂ ਦੀ ਹਿਫ਼ਾਜ਼ਤ ਕਰਨ ਪ੍ਰਤੀ ਵਚਨਬੱਧ ਹੈ। ਉਨ੍ਹਾਂ ਨੇ ਕਈ ਥਾਈਂ ਇਹ ਕਿਹਾ ਕਿ ਨਿਆਂ ਪ੍ਰਬੰਧ ਦਾ ਇਹ ਫਰਜ਼ ਬਣਦਾ ਹੈ ਕਿ ਉਹ ਦੀਨ-ਦੁਖੀਆਂ ਦੀ ਗੱਲ ਪਹਿਲ ਦੇ ਆਧਾਰ ’ਤੇ ਸੁਣੇ।
ਜੜ੍ਹਾਂਵਾਲਾ ਵਿਚ ਹਿੰਸਾ ਇਨ੍ਹਾਂ ਅਫ਼ਵਾਹਾਂ ਤੋਂ ਭੜਕੀ ਕਿ ਇਕ ਇਸਾਈ ਜੋੜੇ ਨੇ ਕੁਰਾਨ ਸ਼ਰੀਫ਼ ਦੀ ਬੇਅਦਬੀ ਕਰਨ ਤੇ ਉਸ ਦੇ ਪੱਤਰੇ ਸਾੜਨ ਵਰਗਾ ਕੁਫ਼ਰ ਤੋਲਿਆ ਹੈ। ਜਿਸ ਜੋੜੇ ’ਤੇ ਉਪਰੋਕਤ ਕੁਫ਼ਰ ਤੋਲਣ ਦੇ ਦੋਸ਼ ਲੱਗੇ ਉਹ ਤਾਂ ਖ਼ਤਰਾ ਭਾਂਪਦਿਆਂ ਬਚ ਨਿਕਲਿਆ, ਪਰ ਹਜੂਮ ਹੋਰ ਜ਼ਿਆਦਾ ਭੜਕ ਉੱਠਿਆ ਅਤੇ ਇਸਾਈਆਂ ਦੀ ਮਾਰ-ਕੁੱਟ ਤੇ ਅੱਗਜ਼ਨੀ ਦੇ ਰਾਹ ਤੁਰ ਪਿਆ। ‘ਕੁਫ਼ਰ’ ਦੀ ਖ਼ਬਰ ਸੁਣਦੇ ਹੀ ਹੋਰਨਾਂ ਪਿੰਡਾਂ-ਕਸਬਿਆਂ ਵਿਚ ਇਸਾਈਆਂ ਖਿਲਾਫ਼ ਹਿੰਸਾ ਭੜਕ ਉੱਠੀ।
‘ਕੁਫ਼ਰ’ ਹੋਇਆ ਜਾਂ ਨਹੀਂ, ਜਸਟਿਸ ਫ਼ੈਜ਼ ਈਸਾ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ। ਪਰ ਉਨ੍ਹਾਂ ਨੇ ਮੀਡੀਆ ਦਾ ਧਿਆਨ ਮੁਲਕ ਦੇ ਨਿਗਰਾਨ ਵਜ਼ੀਰੇ ਆਜ਼ਮ ਅਨਵਰ-ਉਲ-ਹੱਕ ਕਾਕੜ ਦੇ ਇਸ ਬਿਆਨ ਵੱਲ ਅਵੱਸ਼ ਖਿੱਚਿਆ ਕਿ ਜੋ ਵੀ ਘਟਨਾਕ੍ਰਮ ਵਾਪਰਿਆ, ਉਹ ਕੁਰਾਨ ਸ਼ਰੀਫ਼ ਦੀ ਬੇਅਦਬੀ ਜਾਂ ਕੁਫ਼ਰ ਨਹੀਂ ਸੀ।
- ਪੰਜਾਬੀ ਟ੍ਰਿਬਿਊਨ ਫੀਚਰ

Advertisement
Author Image

sukhwinder singh

View all posts

Advertisement
Advertisement
×