ਖੁੱਡੀਆਂ ਦੇ ਕੈਨੇਡਾ ਵਸਦੇ ਭਰਾ ਨੇ ਵਿੱਢਿਆ ਚੋਣ ਪ੍ਰਚਾਰ
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 17 ਮਈ
‘ਆਪ’ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੇ ਕੈਨੇਡਾ ਵਸਦੇ ਭਰਾ ਹਰਮੀਤ ਸਿੰਘ ਵੀ ਪੰਜਾਬ ਆ ਗਏ ਹਨ। ਇਥੇ ਉਹ ਚੋਣ ਮਹਾਕੁੰਭ ’ਚ ਭਰਾ ਦਾ ਹੱਥ ਵਟਾਉਣ ਆਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਭਤੀਜੇ ਅਤੇ ਪੁੱਤਰ ਵੀ ਚੋਣ ਮੁਹਿੰਮ ਵਿੱਚ ਡਟੇ ਹੋਏ ਹਨ। ਖੁੱਡੀਆਂ ਪਰਿਵਾਰ ’ਚੋਂ ਰਣਧੀਰ ਸਿੰਘ ‘ਧੀਰਾ ਖੁੱਡੀਆਂ’, ਗੁਰਮੀਤ ਸਿੰਘ ਖੁੱਡੀਆਂ ਦੇ ਭਤੀਜੇ ਦੇ ਹਨ। ਉੁਹ ਵਿਧਾਨ ਸਭਾ ਹਲਕਾ ਮੌੜ ਅਤੇ ਤਲਵੰਡੀ ਸਾਬੋ ਦੇ ਨਿਗਰਾਨ ਬਣੇ ਹਨ। ਸ੍ਰੀ ਖੁੱਡੀਆਂ ਦੇ ਭਰਾਤਾ ਹਰਮੀਤ ਸਿੰਘ ਕੈਨੇਡੀਅਨ, ਵਿਧਾਨ ਸਭਾ ਹਲਕਾ ਬਠਿੰਡਾ (ਸ਼ਹਿਰੀ) ਅਤੇ ਮਾਨਸਾ ਦੀ ਨਿਗਰਾਨੀ ਕਰ ਰਹੇ ਹਨ। ਉਨ੍ਹਾਂ ਦਾ ਸਾਥ ਹਲਕਿਆਂ ਦੇ ਕ੍ਰਮਵਾਰ ਵਿਧਾਇਕ ਜਗਰੂਪ ਸਿੰਘ ਗਿੱਲ ਅਤੇ ਡਾ. ਵਿਜੈ ਸਿੰਗਲਾ ਵੱਲੋਂ ਦਿੱਤਾ ਜਾ ਰਿਹਾ ਹੈ। ਗੁਰਮੀਤ ਸਿੰਘ ਖੁੱਡੀਆਂ ਦੇ ਪੁੱਤਰ ਸੁਮੀਤ ਸਿੰਘ ਵਿਧਾਨ ਸਭਾ ਹਲਕਾ ਭੁੱਚੋ ਅਤੇ ਸਰਦੂਲਗੜ੍ਹ ਦੀ ਦੇਖ-ਰੇਖ ਕਰ ਰਹੇ ਹਨ। ਸੁਮੀਤ ਦੇ ਭਰਾ ਅਮੀਤ ਸਿੰਘ ਬਠਿੰਡਾ (ਦਿਹਾਤੀ) ਤੋਂ ਇਲਾਵਾ ਬੁਢਲਾਡਾ ਅਤੇ ਆਪਣੇ ਰਿਹਾਇਸ਼ੀ ਹਲਕੇ ਲੰਬੀ ਦੀ ਕਮਾਨ ਸੰਭਾਲ ਰਹੇ ਹਨ। ਜ਼ਿਕਰਯੋਗ ਹੈ ਕਿ ਲੋਕ ਸਭਾ ਹਲਕਾ ਬਠਿੰਡਾ ਅਧੀਨ ਆਉਂਦੇ ਸਮੁੱਚੇ 9 ਵਿਧਾਨ ਸਭਾ ਹਲਕਿਆਂ ’ਚ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।
ਗੁਰਮੀਤ ਸਿੰਘ ਖੁੱਡੀਆਂ ਦੇ ਭਤੀਜੇ ਅਨਮੋਲ ਸਿੰਘ ਨੇ ਦੱਸਿਆ ਕਿ ਜਿਵੇਂ ਚੋਣਾਂ ਦੀ ਤਰੀਕ ਇਕ ਜੂਨ ਨਜ਼ਦੀਕ ਆ ਰਹੀ ਹੈ, ਤਿਵੇਂ ਹੀ ਪ੍ਰਚਾਰ ਮੁਹਿੰਮ ਹੋਰ ਭਖ਼ੇਗੀ। ਉਨ੍ਹਾਂ ਦੱਸਿਆ ਕਿ ਸ੍ਰੀ ਖੁੱਡੀਆਂ ਨੂੰ ਵੱਡਾ ਫਾਇਦਾ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਪ੍ਰਤੀਬੱਧਤਾ ਦਾ ਮਿਲ ਰਿਹਾ ਹੈ ਅਤੇ ਵਰਕਰ ਹੀ ਦਰਅਸਲ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ।