ਖੋ ਖੋ ਵਿਸ਼ਵ ਕੱਪ: ਭਾਰਤੀ ਟੀਮਾਂ ਨੇ ਖ਼ਿਤਾਬ ਜਿੱਤੇ
ਨਵੀਂ ਦਿੱਲੀ, 19 ਜਨਵਰੀ
ਇੱਥੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਪਹਿਲੇ ਖੋ ਖੋ ਵਿਸ਼ਵ ਕੱਪ ਦੇ ਪੁਰਸ਼ ਤੇ ਮਹਿਲਾ ਟੀਮਾਂ ਦੇ ਹੋਏ ਫਾਈਨਲ ਮੈਚਾਂ ਵਿੱਚ ਭਾਰਤ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੇ ਨੇਪਾਲ ਦੀਆਂ ਦੋਵੇਂ ਟੀਮਾਂ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਮ ਦਰਜ ਕਰ ਕੇ ਇਤਿਹਾਸ ਸਿਰਜ ਦਿੱਤਾ। ਨੀਲੇ ਰੰਗ ਦੇ ਕੱਪੜਿਆਂ ਵਿੱਚ ਖੇਡ ਰਹੀ ਭਾਰਤੀ ਪੁਰਸ਼ ਟੀਮ ਨੇ ਕਪਤਾਨ ਪ੍ਰਤੀਕ ਵਾਇਕਰ ਤੇ ਰਾਮਜੀ ਕਸ਼ਿਅਪ ਦੇ ਵਧੀਆ ਖੇਡ ਸਦਕਾ ਨੇਪਾਲ ਦੀ ਟੀਮ ਨੂੰ 54-36 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ, ਭਾਰਤੀ ਮਹਿਲਾ ਟੀਮ ਨੇ ਨੇਪਾਲ ’ਤੇ 78-40 ਦੀ ਸ਼ਾਨਦਾਰ ਜਿੱਤ ਦਰਜ ਕਰ ਕੇ ਖ਼ਿਤਾਬ ਆਪਣੇ ਨਾਮ ਕੀਤਾ। ਭਾਰਤੀ ਖਿਡਾਰਨਾਂ ਨੇ ਰਫ਼ਤਾਰ, ਰਣਨੀਤੀ ਤੇ ਹੁਨਰ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦੇ ਹੋਏ ਮੈਚ ਦੀ ਸ਼ੁਰੂਆਤ ਤੋਂ ਅਖ਼ੀਰ ਤੱਕ ਆਪਣਾ ਦਬਦਬਾ ਬਣਾ ਕੇ ਰੱਖਿਆ।
ਭਾਰਤੀ ਮਹਿਲਾ ਟੀਮ ਨੇ ਗਰੁੱਪ ਗੇੜ ਵਿੱਚ ਦੱਖਣੀ ਕੋਰੀਆ, ਇਰਾਨ ਤੇ ਮਲੇਸ਼ੀਆ ’ਤੇ ਸ਼ਾਨਦਾਰ ਜਿੱਤ ਦਰਜ ਕਰਨ ਮਗਰੋਂ ਕੁਆਰਟਰ ਫਾਈਨਲ ਵਿੱਚ ਬੰਗਲਾਦੇਸ਼ ਤੇ ਸੈਮੀ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਇਕਪਾਸੜ ਅੰਦਾਜ਼ ਵਿੱਚ ਹਰਾਇਆ ਸੀ। ਉਧਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਟੀਮਾਂ ਨੂੰ ਪਹਿਲਾ ਖੋ ਖੋ ਵਿਸ਼ਵ ਕੱਪ ਜਿੱਤਣ ’ਤੇ ਅੱਜ ਵਧਾਈ ਦਿੰਦਿਆਂ ਕਿਹਾ ਕਿ ਇਸ ਜਿੱਤ ਨੇ ਭਾਰਤ ਦੇ ਸਭ ਤੋਂ ਪੁਰਾਣੀਆਂ ਰਵਾਇਤੀ ਖੇਡਾਂ ’ਚੋਂ ਇਕ ਨੂੰ ਹੋਰ ਵਧੇਰੇ ਸੁਰਖੀਆਂ ਵਿੱਚ ਲਿਆਂਦਾ ਹੈ। -ਪੀਟੀਆਈ