ਨਵੀਂ ਦਿੱਲੀ, 18 ਜਨਵਰੀਭਾਰਤੀ ਮਹਿਲਾ ਤੇ ਪੁਰਸ਼ ਟੀਮਾਂ ਇੱਥੇ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਵਿੱਚ ਹੋ ਰਹੇ ਖੋ ਖੋ ਵਿਸ਼ਵ ਕੱਪ 2025 ਵਿੱਚ ਅੱਜ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਫਾਈਨਲ ਵਿੱਚ ਪਹੁੰਚ ਗਈਆਂ ਹਨ। ਮਹਿਲਾ ਟੀਮ ਨੇ ਸੈਮੀ ਫਾਈਨਲ ਮੁਕਾਬਲੇ ’ਚ ਦੱਖਣੀ ਅਫਰੀਕਾ ਨੂੰ 66-16, ਜਦਕਿ ਪੁਰਸ਼ ਟੀਮ ਨੇ ਵੀ ਦੱਖਣੀ ਅਫ਼ਰੀਕਾ ਨੂੰ 62-42 ਨਾਲ ਹਰਾ ਕੇ ਟੂਰਨਾਮੈਂਟ ਦੇ ਪਹਿਲੇ ਗੇੜ ਦੇ ਖ਼ਿਤਾਬੀ ਮੁਕਾਬਲੇ ਵਿੱਚ ਜਗ੍ਹਾ ਬਣਾਈ। ਹੁਣ ਦੋਵੇਂ ਪੁਰਸ਼ ਤੇ ਮਹਿਲਾ ਟੀਮਾਂ ਫਾਈਨਲ ਵਿੱਚ ਨੇਪਾਲ ਨਾਲ ਭਿੜਨਗੀਆਂ। ਨੇਪਾਲ ਦੀ ਮਹਿਲਾ ਟੀਮ ਨੇ ਸੈਮੀ ਫਾਈਨਲ ਵਿੱਚ ਯੁਗਾਂਡਾ ਨੂੰ 89-18 ਨਾਲ ਹਰਾਇਆ ਜਦਕਿ ਪੁਰਸ਼ ਵਰਗ ਵਿੱਚ ਨੇਪਾਲ ਨੇ ਇਰਾਨ ਨੂੰ 72-20 ਨਾਲ ਹਰਾ ਕੇ ਖਿਤਾਬੀ ਮੁਕਾਬਲੇ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। -ਪੀਟੀਆਈ