Kho Kho ਖੋ ਖੋ ਵਿਸ਼ਵ ਕੱਪ: ਭਾਰਤੀ ਪੁਰਸ਼ ਟੀਮ ਸ੍ਰੀਲੰਕਾ ਨੂੰ ਹਰਾ ਕੇ ਸੈਮੀ ਫਾਈਨਲ ’ਚ
ਨਵੀਂ ਦਿੱਲੀ, 17 ਜਨਵਰੀ
ਰਾਮਜੀ ਕਸ਼ਿਅਪ, ਪ੍ਰਤੀਕ ਵਾਈਕਰ ਅਤੇ ਆਦਿੱਤਿਆ ਗਨਪੁਲੇ ਦੇ ਪਹਿਲੇ ਟਰਨ ’ਤੇ ਬਣਾਈ ਗਈ ਨੀਂਹ ਦੀ ਬਦੌਲਤ ਭਾਰਤ ਨੇ ਅੱਜ ਇੱਕੇ ਸ੍ਰੀਲੰਕਾ ਨੂੰ 100-40 ਨਾਲ ਹਰਾ ਕੇ ਖੋ ਖੋ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਭਾਰਤੀ ਤਿਕੜੀ ਨੇ ਪਹਿਲੇ ਟਰਨ ਵਿੱਚ 58 ਅੰਕ ਜੋੜ ਕੇ ਪ੍ਰਭਾਵਿਤ ਕੀਤਾ ਅਤੇ ਟੀਮ ਨੂੰ ਮਜ਼ਬੂਤ ਸ਼ੁਰੂਆਤ ਕਰਵਾਈ। ਇਨ੍ਹਾਂ ਨੇ ‘ਡਰੀਮ ਰਨਜ਼’ ਤੋਂ ਸ੍ਰੀਲੰਕਾ ਨੂੰ ਇਕ ਵੀ ਅੰਕ ਨਹੀਂ ਜੋੜਨ ਦਿੱਤਾ। ਸ੍ਰੀਲੰਕਾ ਨੇ ਦੂਜੇ ਟਰਨ ’ਚ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਕੋਸ਼ਿਸ਼ ਨਾਕਾਫੀ ਰਹੀ। ਭਾਰਤੀ ਟੀਮ ਦੀ ਬੜ੍ਹਤ ਜਾਰੀ ਰਹੀ। ਤੀਜੇ ਟਰਨ ’ਚ ਭਾਰਤ ਨੇ ਹਮਲਾਵਰ ਖੇਡ ਦਿਖਾਈ ਅਤੇ ਇਸ ਦੇ ਅੰਤ ਵਿੱਚ ਟੀਮ 100 ਅੰਕਾਂ ਤੱਕ ਪਹੁੰਚ ਗਈ ਜੋ ਉਨ੍ਹਾਂ ਨੂੰ ਸੈਮੀ ਫਾਈਨਲ ’ਚ ਪਹੁੰਚਾਉਣ ਲਈ ਕਾਫੀ ਸੀ।

ਇਸੇ ਤਰ੍ਹਾਂ ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੰਗਲਾਦੇਸ਼ ਨੂੰ ਅੱਜ ਇੱਥੇ 109-16 ਦੇ ਵੱਡੇ ਫ਼ਰਕ ਨਾਲ ਹਰਾ ਕੇ ਖੋ ਖੋ ਵਿਸ਼ਵ ਕੱਪ ਦੇ ਸੈਮੀ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ। -ਪੀਟੀਆਈ