ਖਿਜ਼ਰਾਬਾਦ ਦੀ ਪੰਚਾਇਤ ਵੱਲੋਂ ਪਿੰਡ ਨੂੰ ਨਸ਼ਾ ਮੁਕਤ ਕਰਨ ਦਾ ਅਹਿਦ
ਮਿਹਰ ਸਿੰਘ
ਕੁਰਾਲੀ, 28 ਨਵੰਬਰ
ਨੇੜਲੇ ਪਿੰਡ ਖਿਜ਼ਰਾਬਾਦ ਦੀ ਪੰਚਾਇਤ ਵੱਲੋਂ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਅਤੇ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਦੇ ਮਕਸਦ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪੰਚਾਇਤ, ਪਤਵੰਤਿਆਂ ਅਤੇ ਪੁਲੀਸ ਨੇ ਨਸ਼ਿਆਂ ਦੇ ਖਾਤਮੇ ਲਈ ਯੋਜਨਾਬੰਦੀ ਕੀਤੀ ਅਤੇ ਨਸ਼ੇ ਵੇਚਣ ਵਾਲਿਆਂ ਨਾਲ ਸਖ਼ਤੀ ਨਾਲ ਨਿਪਟਣ ਦਾ ਐਲਾਨ ਕੀਤਾ। ਪੰਚਾਇਤ ਅਤੇ ਪਿੰਡ ਵਾਸੀਆਂ ਨੇ ਇਸ ਮੰਤਵ ਲਈ ਪੁਲੀਸ ਤੋਂ ਸਹਿਯੋਗ ਦੀ ਮੰਗ ਵੀ ਕੀਤੀ। ਸਰਪੰਚ ਰਾਣਾ ਨਿਰਪਾਲ ਸਿੰਘ ਅਤੇ ਨੌਜਵਾਨ ਆਗੂ ਰਾਣਾ ਕੁਸ਼ਲਪਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪਿੰਡ ਦੇ ਪਤਵੰਤਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ੇ ਸਮਾਜ ਨੂੰ ਖੋਖਲਾ ਕਰ ਰਹੇ ਹਨ ਅਤੇ ਇਨ੍ਹਾਂ ਦੇ ਖਾਤਮੇ ਲਈ ਸਭਨਾਂ ਦੇ ਸਹਿਯੋਗ ਦੀ ਲੋੜ ਹੈ। ਉਨ੍ਹਾਂ ਸਮੂਹ ਪਿੰਡ ਵਾਸੀਆਂ ਤੇ ਪ੍ਰਸ਼ਾਸਨ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਸਬੰਧੀ ਸੁਚੇਤ ਕਰਨ ਦਾ ਫ਼ੈਸਲਾ ਲਿਆ। ਪਿੰਡ ਦੇ ਪਤਵੰਤਿਆਂ ਨੇ ਪਿੰਡ ਵਿੱਚੋਂ ਨਸ਼ੇ ਖਤਮ ਕਰਨ ਲਈ ਇਕਜੁੱਟ ਹੋ ਕੇ ਹੰਭਲਾ ਮਾਰਨ ਦਾ ਪ੍ਰਣ ਲਿਆ ਅਤੇ ਇੱਕ ਦੂਜੇ ਦਾ ਸਹਿਯੋਗ ਕਰਕੇ ਪਿੰਡ ਨੂੰ ਨਸ਼ਾ ਮੁਕਤ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ। ਇਸੇ ਦੌਰਾਨ ਪਿੰਡ ਵਾਸੀਆਂ ਤੇ ਪਤਵੰਤਿਆਂ ਨੇ ਇਸ ਮੰਤਵ ਲਈ ਪ੍ਰਸ਼ਾਸਨ ਤੋਂ ਵੀ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਐੱਸਐੱਚਓ ਸੁਨੀਲ ਕੁਮਾਰ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਹਰ ਪੰਚਾਇਤ ਅਜਿਹੇ ਉਪਰਾਲੇ ਕਰੇ ਤਾਂ ਸਮਾਜ ਵਿਚੋਂ ਨਸ਼ਿਆਂ ਦੇ ਕੋਹੜ ਨੂੰ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਇਸ ਮੰਤਵ ਲਈ ਹਰ ਪੱਖ ਤੋਂ ਸਹਿਯੋਗ ਦੇਣ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਪਿੰਡ ਦੇ ਪੰਚਾਇਤ ਮੈਂਬਰ ਅਰੁਣ ਕਪਿਲ, ਬਲਵਿੰਦਰ ਕੁਮਾਰ, ਰਣਜੀਤ ਸਿੰਘ, ਨਿਸ਼ਾ ਰਾਣੀ, ਗੁਰਪ੍ਰੀਤ ਕੌਰ, ਮਨਜੀਤ ਕੌਰ, ਰੁਪਿੰਦਰ ਕੌਰ, ਜਸਵੀਰ ਕੌਰ ਤੇ ਮਲਕੀਤ ਸਿੰਘ ਅਤੇ ਪਤਵੰਤਿਆਂ ਰਮਨ ਕੁਮਾਰ ਗੁਪਤਾ, ਰਾਜੇਸ਼ ਕੁਮਾਰ ਸ਼ਸ਼ੀ ਰਾਕੇਸ਼ ਚੰਦ, ਨੀਰਜ ਗਰਗ, ਮੁਕੇਸ਼ ਵਰਮਾ, ਕੁਲਵੀਰ ਸਿੰਘ, ਰਾਮ ਲਾਲ, ਜਤਿੰਦਰ ਕੁਮਾਰ, ਰਤਨ ਸਿੰਘ ਅਤੇ ਆਸ਼ੂ ਸਿੰਘ ਆਦਿ ਵੀ ਹਾਜ਼ਰ ਸਨ।