ਖਿਜ਼ਰਾਬਾਦ ਦੰਗਲ: ਝੰਡੀ ਦੀ ਕੁਸ਼ਤੀ ਭੁਪਿੰਦਰ ਅਜਨਾਲਾ ਨੇ ਜਿੱਤੀ
ਮਿਹਰ ਸਿੰਘ
ਕੁਰਾਲੀ, 23 ਸਤੰਬਰ
ਇਤਿਹਾਸਕ ਪਿੰਡ ਖਿਜ਼ਰਾਬਾਦ ਵਿੱਚ ਦੋ-ਰੋਜ਼ਾ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ। ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਦੰਗਲ ਵਿੱਚ ਕੌਮਾਂਤਰੀ ਪੱਧਰ ਦੇ ਸੈਂਕੜੇ ਪਹਿਲਵਾਨਾਂ ਨੇ ਹਿੱਸਾ ਲਿਆ ਅਤੇ ਕਰੀਬ 20 ਹਜ਼ਾਰ ਦਰਸ਼ਕਾਂ ਨੇ ਇਸ ਦਾ ਅਨੰਦ ਮਾਣਿਆ। ਛਿੰਝ ਕਮੇਟੀ ਵਲੋਂ ਪ੍ਰਧਾਨ ਸਤਨਾਮ ਸਿੰਘ ਦੀ ਦੇਖਰੇਖ ਹੇਠ ਕਰਵਾਏ ਜਾ ਰਹੇ ਇਸ ਦੰਗਲ ਦਾ ਉਦਘਾਟਨ ਛਿੰਝ ਕਮੇਟੀ ਦੇ ਸਮੂਹ ਮੈਂਬਰਾਂ ਨੇ ਪਹਿਲਵਾਨਾਂ ਦੀ ਹੱਥਜੋੜੀ ਕਰਵਾ ਕੇ ਕੀਤਾ ਜਦਕਿ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਹਾਜ਼ਰੀ ਲਵਾਈ। ਪਹਿਲੇ ਦਿਨ ‘ਖਿਜ਼ਰਾਬਾਦ ਕੇਸਰੀ’ ਖ਼ਿਤਾਬ ਰੌਣਕ ਦਹੀਆ ਨੇ ਰੇਸ਼ਵ ਮਾਨਸਾ ਨੂੰ ਹਰਾ ਕੇ ਜਦਕਿ ‘ਖਿਜ਼ਰਾਬਾਦ ਕੁਮਾਰ’ ਦਾ ਖ਼ਿਤਾਬ ਮੋਨੂੰ ਪੀਏਪੀ ਨੇ ਰੇਸ਼ਵ ਮਾਨਸਾ ਨੂੰ ਹਰਾ ਕੇ ਆਪਣੇ ਨਾਂ ਕੀਤਾ। ਦੂਜੇ ਦਿਨ ਇਨਾਮੀ ਕੁਸ਼ਤੀਆਂ ਵਿੱਚ ਹਮਾਂਸ਼ੂ ਆਲਮਗੀਰ ਨੇ ਨੋਨੂੰ ਫੂਲਾਂ, ਸਾਹਿਲ ਰਾਜਾ ਅਖਾੜਾ ਚੰਡੀਗੜ੍ਹ ਨੇ ਹਿਤੇਸ਼ ਬਿਰੜਵਾਲ ਨੂੰ,ਕਪਿਲ ਚੰਡੀਗੜ੍ਹ ਨੇ ਸੁਖਵਿੰਦਰ ਆਲਮਗੀਰ ਨੂੰ, ਕਾਕਾ ਬਾਬਾ ਫਲਾਹੀ ਨੇ ਅਤੁਲ ਪਟਿਆਲਾ ਨੂੰ, ਦੇਵ ਪਟਿਆਲਾ ਨੇ ਭੋਲੂ ਬਾਬਾ ਫਲਾਹੀ ਨੂੰ, ਲਵਪ੍ਰੀਤ ਬਾਬਾ ਫਲਾਹੀ ਨੇ ਬਿੱਲਾ ਤੋਗਾਂ ਨੂੰ, ਅਮਰੀਕ ਮੰਡ ਚੌਂਤਾ ਨੇ ਵਿਨੋਦ ਜ਼ੀਰਕਪੁਰ ਨੂੰ ਅਤੇ ਭੋਲਾ ਡੂਮਛੇੜੀ ਨੇ ਰੋਹਿਤ ਮੁੱਲਾਂਪੁਰ ਨੂੰ ਚਿੱਤ ਕੀਤਾ। ਡੇਢ-ਡੇਢ ਲੱਖ ਰੁਪਏ ਦੇ ਇਨਾਮ ਵਾਲੇ ਦੋ ਨੰਬਰ ਦੇ ਮਹੱਤਵਪੂਰਨ ਕੁਸ਼ਤੀ ਮੁਕਾਬਲਿਆਂ ਵਿਚ ਰਾਜੂ ਰਈਏਵਾਲ ਨੇ ਭੋਲਾ ਕਾਸਨੀ ਨੂੰ ਚਿੱਤ ਕੀਤਾ। ਦੇਰ ਸ਼ਾਮ ਨੂੰ ਦੋ ਲੱਖ ਰੁਪਏ ਦੀ ਇਨਾਮੀ ਰਾਸ਼ੀ ਵਾਲੀ ਝੰਡੀ ਦੀ ਕੁਸ਼ਤੀ ਦਾ ਉਦਘਾਟਨ ਲੋਕ ਸਭਾ ਮੈਂਬਰ ਮਲਵਿੰਦਰ ਸਿੰਘ ਕੰਗ, ਸਰਪੰਚ ਗੁਰਿੰਦਰ ਸਿੰਘ ਤੇ ‘ਆਪ’ ਆਗੂ ਰਾਣਾ ਕੁਸ਼ਲਪਾਲ ਨੇ ਕੀਤਾ। ਭੁਪਿੰਦਰ ਅਜਨਾਲਾ ਅਤੇ ਪ੍ਰਵੀਨ ਕੁਹਾਲੀ ਵਿਚਕਾਰ ਹੋਇਆ। ਇਹ ਕੁਸ਼ਤੀ ਮੁਕਾਬਲਾ ਬਹੁਤ ਫਸਵਾਂ ਰਿਹਾ। ਅੰਕਾਂ ਦੇ ਆਧਾਰ ’ਤੇ ਭੁਪਿੰਦਰ ਅਜਨਾਲਾ ਜੇਤੂ ਬਣਿਆ।