ਖਿੰਗਰਾ ਗੇਟ ਗੋਲੀ ਕਾਂਡ: ਕਮਿਸ਼ਨਰੇਟ ਪੁਲੀਸ ਨੇ ਕੁੱਝ ਹੀ ਘੰਟਿਆਂ ’ਚ ਮੁੱਖ ਮੁਲਜ਼ਮ ਕੀਤਾ ਗ੍ਰਿਫ਼ਤਾਰ
ਹਤਿੰਦਰ ਮਹਿਤਾ
ਜਲੰਧਰ, 3 ਨਵੰਬਰ
ਕਮਸ਼ਨਰੇਟ ਪੁਲੀਸ ਨੇ ਖਿੰਗਰਾ ਗੇਟ ਗੋਲੀ ਕਾਂਡ ਦੇ ਮੁੱਖ ਮੁਲਜ਼ਮ ਨੂੰ ਘਟਨਾ ਦੇ 12 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਝਗੜੇ ਕਾਰਨ ਸ਼ਨਿਚਰਵਾਰ ਰਾਤ 8.15 ਵਜੇ ਖਿੰਗਰਾ ਗੇਟ ਇਲਾਕੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਰਿਸ਼ਭ ਬਾਦਸ਼ਾਹ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ ਜਦਕਿ ਈਸ਼ੂ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ ਸੀ ਅਤੇ ਉਸ ਨੂੰ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਪੁਲੀਸ ਨੇ ਥਾਣਾ ਡਿਵੀਜ਼ਨ 3 ਜਲੰਧਰ ਵਿੱਚ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਜਾਂਚ ਦੌਰਾਨ ਪੁਲੀਸ ਨੇ ਮੁੱਖ ਮੁਲਜ਼ਮ ਸਾਹਿਲ ਕਪੂਰ ਉਰਫ ਮੰਨੂ ਕਪੂਰ ਢਿੱਲੂ ਨੂੰ ਇਕ ਦੇਸੀ ਪਿਸਤੌਲ ਅਤੇ ਦੋ ਖਾਲੀ ਖੋਲ ਸਮੇਤ ਗ੍ਰਿਫਤਾਰ ਕੀਤਾ ਹੈ ਅਤੇ ਕਥਿਤ ਦੋਸ਼ੀ ਖਿਲਾਫ ਪਹਿਲਾਂ ਵੀ ਪੰਜ ਅਪਰਾਧਿਕ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਛਾਪੇ ਮਾਰੇ ਜਾ ਰਹੇ ਹਨ।