ਬਰਨਾਲਾ ਦੇ ਐੱਸਐੱਸਡੀ ਕਾਲਜ ਵਿੱਚ ‘ਖੇਤਰੀ ਯੁਵਕ ਮੇਲਾ’ ਸ਼ੁਰੂ
ਪਰਸ਼ੋਤਮ ਬੱਲੀ
ਬਰਨਾਲਾ, 18 ਅਕਤੂਬਰ
ਸਥਾਨਕ ਐੱਸਐੱਸਡੀ ਕਾਲਜ ਵਿੱਚ ਤਿੰਨ ਰੋਜ਼ਾ ‘ਖੇਤਰੀ ਯੁਵਕ ਮੇਲੇ’ ਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰਸਮੀ ਉਦਘਾਟਨ ਕਰਕੇ ਆਗਾਜ਼ ਕੀਤਾ। ਪੰਜਾਬੀ ਯੂਨਵਰਸਿਟੀ ਪਟਿਆਲਾ ਦੇ ਬਰਨਾਲਾ-ਮਲੇਰਕੋਟਲਾ ਜ਼ੋਨ ਦੇ ਕਰੀਬ 40 ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਆਪਣੀ ਕਲਾ ਦੇ ਜੌਹਰ ਦਿਖਾਏ ਜਾ ਰਹੇ ਹਨ। ਸ੍ਰੀ ਸੰਧਵਾਂ ਨੇ ਕਿਹਾ ਕਿ ਨੱਚਦਾ, ਟੱਪਦਾ, ਗਾਉਂਦਾ, ਗਿੱਧੇ ਭੰਗੜੇ ਪਾਉਂਦਾ ਪੰਜਾਬ ਹੀ ਅੱਗੇ ਵਧ ਸਕਦਾ ਹੈ। ਉਨ੍ਹਾਂ ਕਿਹਾ ਕਿ ਇੱਥੇ ਫਿਰਕੂ ਨਫ਼ਰਤ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਪੁੱਜੇ ਸਭ ਕਲਾਕਾਰ ਤੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਸਮੇਤ ਪ੍ਰਬੰਧਕਾਂ ਨੂੰ ਸ਼ੁਭ ਕਾਮਨਾਵਾਂ ਭੇਟ ਕੀਤੀਆਂ। ਕਾਲਜ ਦੀ ਸੰਚਾਲਕ ਸੰਸਥਾ ਐੱਸਡੀ ਸਭਾ ਬਰਨਾਲਾ ਦੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ ਐਡਵੋਕੇਟ ਨੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਕਿ ਉਨ੍ਹਾਂ ਦੀ ਸੰਸਥਾ ਦੇ ਐੱਸ ਐੱਸ ਡੀ ਕਾਲਜ ਦੇ ਵਿਹੜੇ ਬਰਨਾਲਾ-ਮਲੇਰਕੋਟਲਾ ਜ਼ੋਨ ਕਰੀਬ 40 ਕਾਲਜਾਂ ਦੇ ਵਿਦਿਆਰਥੀ ਇਸ ‘ਖੇਤਰੀ ਯੁਵਕ ਮੇਲੇ’ ਵਿੱਚ ਧਮਾਲਾਂ ਪਾ ਰਹੇ ਹਨ। ਉਨ੍ਹਾਂ ਮੁੱਖ ਮਹਿਮਾਨ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਮੇਜ਼ਬਾਨ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਪ੍ਰਬੰਧਾਂ ਦੀ ਪੁਖ਼ਤਗੀ ਦੀ ਯਕੀਨਦਹਾਨੀ ਕੀਤੀ। ਹਲਕਾ ਮਹਿਲ ਕਲਾਂ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਤੇ ਭਦੌੜ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਖੇਤਰੀ ਯੁਵਕ ਮੇਲੇ ਵਿੱਚ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਵਰਿੰਦਰ ਕੌਸ਼ਿਕ, ਸਟੇਟ ਐਵਾਰਡੀ ਭੋਲਾ ਸਿੰਘ ਵਿਰਕ, ਵਿਜੈ ਕੁਮਾਰ ਭਦੌੜ, ਸਨਾਤਨ ਆਚਾਰੀਆ ਪੰਡਤ ਸ਼ਿਵ ਕੁਮਾਰ ਗੌੜ ਸਮੇਤ ਕਈ ਅਹਿਮ ਸ਼ਖ਼ਸੀਅਤਾਂ ਵੀ ਹਾਜ਼ਰ ਸਨ। ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋ. ਭਾਰਤ ਭੂਸ਼ਣ ਅਤੇ ਪ੍ਰੋ. ਕਾਦੰਬਰੀ ਗਾਸੋ ਨੇ ਬਾਖੂਬੀ ਨਿਭਾਈ।