ਭੁੰਬਲੀ ’ਚ ਖੇਡ ਛਿੰਝ ਮੇਲਾ ਸਮਾਪਤ
ਪੱਤਰ ਪ੍ਰੇਰਕ
ਧਾਰੀਵਾਲ, 3 ਸਤੰਬਰ
ਨੇੜਲੇ ਪਿੰਡ ਭੁੰਬਲੀ ਵਿੱਚ ਬਾਬਾ ਚੱਠਾ ਜੀ ਯਾਦਗਾਰੀ ਸਾਲਾਨਾ ਇਤਿਹਾਸਕ ਦੋ ਰੋਜ਼ਾ ਸੱਭਿਆਚਾਰਕ ਤੇ ਖੇਡ ਛਿੰਝ ਮੇਲਾ ਕਰਵਾਇਆ। ਇਸ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਬਤੌਰ ਮੁੱਖ ਮਹਿਮਾਨ ਅਤੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਿਸ਼ੇਸ਼ ਮਹਿਮਾਨ ਸਾਮਲ ਹੋਏ।
ਮੁੱਖ ਮਹਿਮਾਨ ਕਟਾਰੂਚੱਕ ਨੇ ਕਿਹਾ ਅਜਿਹੇ ਛਿੰਝ ਮੇਲੇ ਮੇਲੇ ਆਪਸੀ ਭਾਈਚਾਰਕ ਸਾਂਝ ਪ੍ਰਤੀਕ ਹੁੰਦੇ ਹਨ। ਉਨ੍ਹਾਂ ਆਪਣੇ ਅਖਤਿਆਰੀ ਫੰਡ ’ਚੋਂ ਪਿੰਡ ਭੁੰਬਲੀ ਦੇ ਵਿਕਾਸ ਕਾਰਜਾਂ ਲਈ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਪਹਿਲੇ ਦਿਨ ਗਾਇਕ ਜੋੜੀ ਕੁਲਵੰਤ ਬਿੱਲਾ ਤੇ ਬੀਬਾ ਕੁਲਵੰਤ ਕੌਰ ਅਤੇ ਦੂਸਰੇ ਦਿਨ ਗਾਇਕ ਜੋੜੀ ਹਰਜੀਤ ਸਿੱਧੂ ਤੇ ਬੀਬਾ ਪਰਵੀਨ ਦਰਦੀ ਨੇ ਸਰੋਤਿਆਂ ਨੂੰ ਕੀਲਿਆ।ਕਬੱਡੀ ਟੂਰਨਾਮੈਂਟ ਦੌਰਾਨ ਬਜ਼ੁਰਗਾਂ ਦੇ ਕਬੱਡੀ ਮੁਕਾਬਲੇ ਵਿੱਚੋਂ ਨੰਗਲ ਝੌਰ ਦੀ ਟੀਮ ਨੂੰ ਹਰਾ ਕੇ ਭੁੰਬਲੀ ਦੀ ਟੀਮ ਇਕ ਅੰਕ ਨਾਲ ਜੇਤੂ ਰਹੀ। ਲੜਕਿਆਂ ਦਾ ਕਬੱਡੀ ਮੈਚ ਭੁੰਬਲੀ ਅਤੇ ਸੇਖਵਾਂ ਦੀਆਂ ਟੀਮਾਂ ਦਰਮਿਆਨ ਹੋਇਆ। ਲੜਕੀਆਂ ਦਾ ਕਬੱਡੀ ਮੈਚ ਵੀ ਕਰਵਾਇਆ। ਕਬੱਡੀ ਸ਼ੋਅ ਮੈਚ ਵਿੱਚ ਭਾਈ ਮੰਝ ਕਬੱਡੀ ਕਲੱਬ ਮਾੜੀ ਪੰਨਵਾਂ ਦੀ ਟੀਮ ਨੂੰ ਹਰਾ ਕੇ ਸ੍ਰੀ ਗੁਰੂ ਅੰਗਦ ਦੇਵ ਕਬੱਡੀ ਕਲੱਬ ਖਡੂਰ ਸਾਹਿਬ ਦੀ ਟੀਮ ਜੇਤੂ ਰਹੀ। ਪ੍ਰਬੰਧਕਾਂ ਨੇ ਜੇਤੂਆਂ ਨੂੰ ਸਨਮਾਨਿਤ ਕੀਤਾ।