ਖੱਟਰ ਸਰਕਾਰ ਨੇ ਦਾਦੂਪੁਰ ਨਲਵੀ ਨਹਿਰ ਨੂੰ ਬੰਦ ਕਰ ਕੇ ਕਿਸਾਨਾਂ ਨਾਲ ਧੋਖਾ ਕੀਤਾ: ਸੁਰਜੇਵਾਲਾ
ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 15 ਜੁਲਾਈ
ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਕੌਮੀ ਜਨਰਲ ਸਕੱਤਰ ਤੇ ਸੀਨੀਅਰ ਕਾਂਗਰਸੀ ਆਗੂ ਰਣਦੀਪ ਸਿੰਘ ਸੁਰਜੇਵਾਲਾ ਨੇ ਅੱਜ ਸ਼ਾਹਬਾਦ ਦੇ ਹੁੱਡਾ ਖੇਤਰ ਵਿਚ ਆਏ ਪਾਣੀ ਨੂੰ ਲੈ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਮਾਰਕੰਡਾ ਨਦੀ ਵਿਚ ਰੁੜਨ ਵਾਲੇ ਕਾਵੜੀਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ। ਸੁਰਜੇਵਾਲਾ ਨੇ ਕਿਹਾ ਕਿ ਸ਼ਾਹਬਾਦ ਦਾ ਹੁੱਡਾ ਸੈਕਟਰ, ਹਾਊਸਿੰਗ ਬੋਰਡ ਪੂਰੀ ਤਰ੍ਹਾਂ ਪਾਣੀ ਵਿਚ ਡੁੱਬਿਆ ਹੋਇਆ ਹੈ। ਉਨ੍ਹਾਂ ਨੇ ਇਸ ਨੂੰ ਖੱਟਰ ਆਫਤ ਗਰਦਾਨਿਆ। ਉਨ੍ਹਾਂ ਕਿਹਾ ਕਿ ਇਸ ਸਮੇਂ ਜੇ ਦਾਦੂਪੁਰ ਨਲਵੀ ਨਹਿਰ ਚਲਦੀ ਤਾਂ ਇਹ ਹਾਲਾਤ ਨਾ ਬਣਦੇ। ਉਨ੍ਹਾਂ ਕਿਹਾ ਕਿ ਇਹ ਨਹਿਰ ਹੜ੍ਹ ਤੋਂ ਰਾਹਤ ਤੇ ਜ਼ਮੀਨ ਵਿਚ ਪਾਣੀ ਨੂੰ ਰੀਚਾਰਜ ਕਰਨ ਵਾਲੀ ਹੈ। ਖੱਟਰ ਸਰਕਾਰ ਨੇ ਇਸ ਨੂੰ ਜਬਰਦਸਤੀ ਬੰਦ ਕਰ ਕੇ ਬੇਵਕੂਫੀ ਕੀਤੀ ਹੈ ਤੇ ਕਿਸਾਨਾਂ ਨਾਲ ਧੋਖਾ ਕੀਤਾ ਹੈ। ਸੁਰਜੇਵਾਲਾ ਨੇ ਨਦੀ ਵਿਚ ਰੁੜੇ ਕਾਂਵੜੀਆ ਦੇ ਪਰਿਵਾਰਾਂ ਨੂੰ 15-15 ਲੱਖ ਰੁਪਏ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸੂਬੇ ਵਿਚ 30 ਲੱਖ ਏਕੜ ਜ਼ਮੀਨ ਪਾਣੀ ਵਿਚ ਡੁੱਬ ਗਈ ਹੈ। ਅਜਿਹੇ ਵਿਚ ਕਿਸਾਨਾਂ ਨੂੰ 30 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣਾ ਚਾਹੀਦਾ ਹੈ।