ਖੱਟਰ ਨੇ ਸਿੱਖਿਆ ਖੇਤਰ ’ਚ ਸੂਬੇ ਨੂੰ ਨਵੀਂ ਦਿਸ਼ਾ ਦਿੱਤੀ: ਮੂਲ ਚੰਦ
ਫਰਿੰਦਰ ਪਾਲ ਗੁਲੀਆਣੀ
ਨਰਾਇਣਗੜ੍ਹ, 24 ਜੂਨ
ਅਖਿਲ ਭਾਰਤੀ ਬ੍ਰਾਹਮਣ ਮਹਾਸਭਾ ਜ਼ਿਲ੍ਹਾ ਅੰਬਾਲਾ ਵੱਲੋਂ ਨਰਾਇਣਗੜ੍ਹ-ਸਢੌਰਾ ਰੋਡ ‘ਤੇ ਪਿੰਡ ਡੇਹਰ ਵਿੱਚ ਨਵੇਂ ਬਣੇ ਭਗਵਾਨ ਪਰਸ਼ੂਰਾਮ ਮੰਦਰ ਵਿੱਚ ਸ਼ਿਵ ਪਰਿਵਾਰ, ਹਨੂੰਮਾਨ ਅਤੇ ਭਗਵਾਨ ਪਰਸ਼ੂਰਾਮ ਦੀਆਂ ਮੂਰਤੀਆਂ ਦੀ ਸਥਾਪਨਾ ਸਮਾਗਮ ਦੌਰਾਨ ਹਰਿਆਣਾ ਦੇ ਟਰਾਂਸਪੋਰਟ ਅਤੇ ਭੂ-ਵਿਗਿਆਨ ਮੰਤਰੀ ਮੂਲਚੰਦ ਸ਼ਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਪ੍ਰਧਾਨਗੀ ਜ਼ਿਲ੍ਹਾ ਪ੍ਰਧਾਨ ਕਰਨ ਕਿਸ਼ੋਰ ਗੋਡ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਮੂਲ ਚੰਦ ਸ਼ਰਮਾ ਨੇ ਕਿਹਾ ਕਿ ਭਗਵਾਨ ਪਰਸ਼ੂਰਾਮ ਕਿਸੇ ਇੱਕ ਜਾਤੀ ਦੇ ਨਹੀਂ ਸਗੋਂ ਸਮੁੱਚੀ ਮਨੁੱਖਤਾ ਦੇ ਮਾਰਗਦਰਸ਼ਕ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਦੀ ਅਗਵਾਈ ਹੇਠ ਸੂਬੇ ਨੂੰ ਨਵੀਂ ਦਿਸ਼ਾ ਦਿੱਤੀ ਗਈ ਹੈ। ਚਾਹੇ ਉਹ ਸਿੱਖਿਆ ਦਾ ਖੇਤਰ ਹੋਵੇ ਜਾਂ ਕੋਈ ਹੋਰ ਖੇਤਰ। ਇਸ ਦੌਰਾਨ ਟਰਾਂਸਪੋਰਟ ਮੰਤਰੀ ਨੇ ਜਥੇਬੰਦੀ ਦੀ ਮੰਗ ‘ਤੇ 11 ਲੱਖ ਰੁਪਏ ਦੇਣ ਦਾ ਐਲਾਨ ਕਰਦਿਆਂ ਜਥੇਬੰਦੀ ਵੱਲੋਂ ਰੱਖੀਆਂ ਮੰਗਾਂ ਜਲਦੀ ਪੂਰੀਆਂ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਉਨ੍ਹਾਂ ਨਰਾਇਣਗੜ੍ਹ-ਸਢੌਰਾ ਵਾਇਆ ਡੇਹਰ-ਅੰਬਲੀ ਰੂਟ ‘ਤੇ ਬੱਸ ਚਲਾਉਣ ਦਾ ਐਲਾਨ ਵੀ ਕੀਤਾ। ਉਨ੍ਹਾਂ ਪ੍ਰੋਗਰਾਮ ਵਿੱਚ ਹਾਜ਼ਰ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਮੀਨ ਜਾਂ ਹੋਰ ਚੀਜ਼ਾਂ ਵੰਡੀਆਂ ਜਾ ਸਕਦੀਆਂ ਹਨ ਪਰ ਸਿੱਖਿਆ ਨਹੀਂ ਵੰਡੀ ਜਾ ਸਕਦੀ। ਇਸ ਮੌਕੇ ਪਿੰਡ ਡੇਹਰ ਵਿੱਚ ਭਗਵਾਨ ਪਰਸ਼ੂਰਾਮ ਮੰਦਰ ਦੀ ਉਸਾਰੀ ਲਈ 35 ਮਰਲੇ ਜ਼ਮੀਨ ਦਾਨ ਕਰਨ ਵਾਲੇ ਮਰਹੂਮ ਸੁਖਨੰਦਨ ਸ਼ਰਮਾ ਦੀ ਪਤਨੀ ਸੰਤੋਸ਼ ਸ਼ਰਮਾ, ਪੁੱਤਰਾਂ ਸੰਜੀਵ ਸ਼ਰਮਾ ਅਤੇ ਰਾਜੀਵ ਸ਼ਰਮਾ ਦਾ ਸਨਮਾਨ ਕੀਤਾ ਗਿਆ।