ਖੜਗੇ ਦੇ ਪੁੱਤਰ ਨੇ ਜ਼ਮੀਨ ਅਲਾਟ ਕਰਨ ਦੀ ਬੇਨਤੀ ਵਾਪਸ ਲਈ
ਬੰਗਲੂਰੂ, 13 ਅਕਤੂਬਰ
ਸਿਧਾਰਥ ਵਿਹਾਰ ਟਰੱਸਟ ਦੇ ਪ੍ਰਧਾਨ ਰਾਹੁਲ ਐੱਮ. ਖੜਗੇ ਨੇ ‘ਬਹੁ-ਕੁਸ਼ਲ ਵਿਕਾਸ ਕੇਂਦਰ, ਸਿਖਲਾਈ ਸੰਸਥਾ ਤੇ ਖੋਜ ਕੇਂਦਰ’ ਸਥਾਪਤ ਕਰਨ ਲਈ ਬੰਗਲੂਰੂ ਵਿੱਚ ਪੰਜ ਏਕੜ ਜ਼ਮੀਨ ਅਲਾਟ ਕਰਨ ਦੀ ਆਪਣੀ ਬੇਨਤੀ ਵਾਪਸ ਲੈ ਲਈ ਹੈ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੇ ਪੁੱਤਰ ਰਾਹੁਲ ਖੜਗੇ ਦਾ ਇਹ ਕਦਮ ਕਰਨਾਟਕ ਦੇ ਮੁੱਖ ਮੰਤਰੀ ਸਿੱਧਾਰਮੱਈਆ ਦੀ ਪਤਨੀ ਪਾਰਵਤੀ ਵੱਲੋਂ ਮੈਸੂਰੂ ਸ਼ਹਿਰੀ ਵਿਕਾਸ ਅਥਾਰਟੀ ਨੂੰ 14 ਪਲਾਟ ਵਾਪਸ ਕੀਤੇ ਜਾਣ ਮਗਰੋਂ ਆਇਆ ਹੈ। ਲੋਕਾਯੁਕਤ ਪੁਲੀਸ ਨੇ ਇਸ ਮਾਮਲੇ ਸਬੰਧੀ ਸਿੱਧਾਰਮੱਈਆ, ਉਨ੍ਹਾਂ ਦੀ ਪਤਨੀ ਅਤੇ ਇੱਕ ਰਿਸ਼ਤੇਦਾਰ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਭਾਜਪਾ ਦੇ ਆਈਟੀ ਵਿਭਾਗ ਦੇ ਇੰਚਾਰਜ ਅਮਿਤ ਮਾਲਵੀਆ ਨੇ ਪਲਾਟ ਅਲਾਟ ਕਰਨ ’ਤੇ ਸਵਾਲ ਚੁੱਕਿਆ ਅਤੇ ਇਸ ਨੂੰ ਸੱਤਾ ਦੀ ਦੁਰਵਰਤੋਂ, ਭਾਈ-ਭਤੀਜਾਵਾਦ ਤੇ ਹਿੱਤਾਂ ਦਾ ਟਕਰਾਅ ਕਰਾਰ ਦਿੱਤਾ। ਮਲਿਕਾਰਜੁਨ ਖੜਗੇ ਦੇ ਛੋਟੇ ਪੁੱਤਰ ਅਤੇ ਕਰਨਾਟਕ ਸਰਕਾਰ ਵਿੱਚ ਮੰਤਰੀ ਪ੍ਰਿਯਾਂਕ ਖੜਗੇ ਨੇ ‘ਐਕਸ’ ’ਤੇ ਪੱਤਰ ਦੀ ਕਾਪੀ ਸਾਂਝੀ ਕਰਦਿਆਂ ਕਿਹਾ ਕਿ ਪਲਾਟ ਅਲਾਟਮੈਂਟ ਦੀ ਬੇਨਤੀ ਵਾਪਸ ਲੈ ਲਈ ਗਈ ਹੈ। -ਪੀਟੀਆਈ